
ਹੁਣ ਸੁਖਪਾਲ ਖਹਿਰਾ ਤੇ ਰਾਜਾ ਵੜਿੰਗ ਹੀ ਆਹਮੋ ਸਾਹਮਣੇ
ਖਹਿਰਾ ਨੇ ਰਾਜਾ ਵੜਿੰਗ ਦੇ ਕੰਮਕਾਰ 'ਤੇ ਸਵਾਲ ਚੁਕੇ, ਕਿਹਾ, ਇਕ ਵਿਅਕਤੀ ਦੇ ਬਚਾਅ ਲਈ ਪਾਰਟੀ ਦੀ ਸ਼ਕਤੀ ਬਰਬਾਦ ਨਾ ਕਰੋ
ਚੰਡੀਗੜ੍ਹ, 27 ਅਗੱਸਤ (ਗੁਰਉਪਦੇਸ਼ ਭੁੱਲਰ): ਕਾਂਗਰਸ ਵਿਚ ਕੌਮੀ ਪੱਧਰ ਉਪਰ ਸ਼ੁਰੂ ਹੋਈ ਉਥਲ ਪੁਥਲ ਤੇ ਬਣ ਰਹੀਆਂ ਨਵੀਆਂ ਸਥਿਤੀਆਂ ਦੇ ਚਲਦੇ ਪੰਜਾਬ ਕਾਂਗਰਸ ਵਿਚ ਵੀ ਪਾਰਟੀ ਦੇ ਇਸ ਸੰਕਟ ਭਰੇ ਸਮੇਂ ਵਿਚ ਹਿਲਜੁਲ ਸ਼ੁਰੂ ਹੋ ਗਈ ਹੈ | ਪੰਜਾਬ ਦੇ ਕਾਂਗਰਸ ਵਿਧਾਇਕ ਅਤੇ ਆਲ ਇੰਡੀਆ ਕਿਸਾਨ ਮਜ਼ਦੂਰ ਕਾਂਗਰਸ ਦੇ ਚੇਅਰਮੈਨ ਸੁਖਪਾਲ ਸਿੰਘ ਖਹਿਰਾ ਨੇ ਪਾਰਟੀ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਦੇ ਮੌਜੂਦਾ ਕੰਮਕਾਰ ਉਪਰ ਸਵਾਲ ਉਠਾਏ ਹਨ ਅਤੇ ਨਸੀਹਤ ਦਿੰਦੇ ਹੋਏ ਕਿਹਾ ਕਿ ਸਾਨੂੰ ਪਾਰਟੀ ਦੀ ਸ਼ਕਤੀ ਕਿਸੇ ਇਕ ਵਿਅਕਤੀ ਦੇ ਬਚਾਅ ਲਈ ਬਰਬਾਦ ਨਹੀਂ ਕਰਨੀ ਚਾਹੀਦੀ |
ਦੂਜੇ ਪਾਸੇ ਰਾਜਾ ਵੜਿੰਗ ਨੇ ਵੀ ਇਸ 'ਤੇ ਪ੍ਰਤੀਕਰਮ ਦਿੰਦੇ ਹੋਏ ਉਲਟਾ ਖਹਿਰਾ ਨੂੰ ਨਸੀਹਤ ਦਿਤੀ ਕਿ ਬਿਨਾਂ ਮੰਗੇ ਸਲਾਹ ਨਹੀਂ ਦੇਣੀ ਚਾਹੀਦੀ |
ਖਹਿਰਾ ਦਾ ਇਸ਼ਾਰਾ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਸਮਰਥਨ ਵਿਚ ਪਹਿਲਾ ਚੰਡੀਗੜ੍ਹ, ਮੋਹਾਲੀ ਤੇ ਉਸ ਤੋਂ ਬਾਅਦ ਲੁਧਿਆਣਾ ਵਿਚ ਪਾਰਟੀ ਦਾ ਇਕੱਠ ਕਰ ਕੇ ਧਰਨੇ ਆਦਿ ਦੇਣ ਵਲ ਹੈ | ਖਹਿਰਾ ਨੇ ਟਵੀਟ ਕਰਦਿਆਂ ਸਵਾਲ ਚੁਕਦੇ ਹੋਏ ਕਿਹਾ ਕਿ ਸਾਡੇ ਕੋਲ ਹੋਰ ਬਹੁਤ ਅਹਿਮ ਮੁੱਦੇ ਹਨ | ਇਨ੍ਹਾਂ ਵਿਚ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ, ਬੇਅਦਬੀ ਦਾ ਮਾਮਲਾ, ਧਰਤੀ ਹੇਠਲਾ ਪਾਣੀ ਦੀ ਸਮੱਸਿਆ ਅਤੇ ਮੌਜੂਦਾ ਸਮੇਂ ਵਿਚ ਪਸ਼ੂਆਂ ਵਿਚ ਫੈਲੀ ਚਮੜੀ ਦੀ ਬੀਮਾਰੀ ਹੈ | ਇਨ੍ਹਾਂ ਮੁੱਦਿਆਂ ਲਈ ਕੰਮ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਮੈਂ ਵੀ ਈ.ਡੀ. ਦਾ ਸਾਹਮਣਾ ਕੀਤਾ ਹੈ ਅਤੇ ਜੇ ਸੱਚਾ ਸੀ ਤਾਂ ਲੋਕਾਂ ਨੇ ਮੁੜ ਵਿਧਾਨ ਸਭਾ ਵਿਚ ਚੁਣ ਕੇ ਭੇਜਿਆ ਹੈ | ਉਨ੍ਹਾਂ ਕਿਹਾ ਕਿ ਜੇ ਸਾਡੇ ਆਗੂ ਇਮਾਨਦਾਰ ਹਨ ਤਾਂ ਉਨ੍ਹਾਂ ਨੂੰ ਡਰਨ ਦੀ ਕੀ ਲੋੜ ਹੈ?
ਰਾਜਾ ਵੜਿੰਗ ਲੇ ਇਸ ਦੇ ਪ੍ਰਤੀਕਰਮ ਵਿਚ ਕਿਹਾ ਕਿ ਬਿਨਾਂ ਮੰਗੇ ਸਲਾਹ ਦੇਣ ਨਾਲ ਕਦਰ ਘਟਦੀ ਹੈ | ਜੇ ਕਿਸੇ ਆਗੂ ਜਾਂ ਪਾਰਟੀ ਪ੍ਰਤੀ ਕੋਈ ਇਤਰਾਜ਼ ਹੈ ਤਾਂ ਪਾਰਟੀ ਪਲੇਟ ਫ਼ਾਰਮ 'ਤੇ ਹੀ ਗੱਲ ਕੀਤੀ ਜਾ ਸਕਦੀ ਹੈ | ਉਨ੍ਹਾਂ ਆਸ਼ੂ ਦੇ ਸਮਰਥਨ ਵਿਚ ਮੁਹਿੰਮ ਚਲਾਉਣ ਨੂੰ ਸਹੀ ਠਹਿਰਾਉਂਦਿਆਂ ਕਿਹਾ ਕਿ ਅਪਣੇ ਸਾਥੀ ਦਾ ਸਾਥ ਦੇਣਾ ਸਾਡਾ ਫ਼ਰਜ਼ ਹੈ | ਜਦ ਤਕ ਕੋਰਟ ਉਸ ਨੂੰ ਦੋਸ਼ੀ ਨਹੀਂ ਠਹਿਰਾ ਦਿੰਦੀ ਤਾਂ ਕਿਸੇ ਨੂੰ ਵੀ ਗੁਨਾਹਗਾਰ ਨਹੀਂ ਮੰਨਿਆ ਜਾ ਸਕਦੇ | ਵੜਿੰਗ ਨੇ ਖਹਿਰਾ ਵਲੋਂ ਹੋਰ ਅਹਿਮ ਮੁੱਦਿਆਂ ਲਈ ਕੰਮ ਕਰਨ ਲਈ ਕਹੇ ਜਾਣ ਬਾਰੇ ਕਿਹਾ ਕਿ ਅਸੀ ਹਰ ਮੁੱਦੇ ਨੂੰ ਮਜ਼ਬੂਤੀ ਨਾਲ ਉਠਾ ਰਹੇ ਹਾਂ ਅਤੇ ਸਾਰੇ ਪਾਰਟੀ ਆਗੂ ਮਿਲ ਕੇ ਕੰਮ ਕਰ ਰਹੇ ਹਨ |
ਡੱਬੀ
ਜਾਖੜ ਦੇ ਬੋਲ ਸਹੀ ਸਾਬਤ ਹੋਣ ਲੱਗੇ
ਖਹਿਰਾ ਵਲੋਂ ਰਾਜਾ ਵੜਿੰਗ ਦੇ ਕੰਮਕਾਰ 'ਤੇ ਖੁਲ੍ਹੇਆਮ ਸਵਾਲ ਉਠਾਏ ਜਾਣ 'ਤੇ ਵੜਿੰਗ ਵਲੋਂ ਖਹਿਰਾ ਨੂੰ ਮੋੜਵਾਂ ਜਵਾਬ ਦੇਣ ਬਾਅਦ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਸੁਨੀਲ ਜਾਖੜ ਮੌਜੂਦਾ ਭਾਜਪਾ ਆਗੁੂ ਦੇ ਬੋਲ ਸਹੀ ਸਾਬਤ ਹੁੰਦੇ ਦਿਖਾਈ ਦੇ ਰਹੇ ਹਨ | ਉਨ੍ਹਾਂ ਬੀਤੇ ਦਿਨੀਂ ਗੁਨਾਮ ਨਬੀ ਆਜ਼ਾਦ ਦੇ ਅਸਤੀਫ਼ੇ ਬਾਅਦ ਕਿਹਾ ਸੀ ਕਿ ਪੰਜਾਬ ਕਾਂਗਰਸ ਦਾ ਵੀ ਜਲਦੀ ਕੰਮ ਹੋਣ ਵਾਲਾ ਹੈ | ਉਨ੍ਹਾਂ ਇਹ ਵੀ ਕਿਹਾ ਸੀ ਕਿ ਰਾਜਾ ਵੜਿੰਗ ਨੂੰ ਤਾਂ ਉਸ ਦੀ ਪਾਰਟੀ ਦੇ ਸੀਨੀਅਰ ਆਗੂ ਹੀ ਪ੍ਰਧਾਨ ਮੰਨਣ ਲਈ ਤਿਆਰ ਨਹੀਂ ਭਾਵੇਂ ਕਿ ਹਾਈਕਮਾਨ ਦੇ ਹੁਕਮਾਂ ਕਾਰਨ ਦਿਖਾਏ ਲਈ ਮਜਬੂਰੀ ਵਿਚ ਉਸ ਨਾਲ ਘੁੰਮ ਰਹੇ ਹਨ | ਖਹਿਰਾ ਤੇ ਵੜਿੰਗ ਵਿਚ ਤਕਰਾਰਬਾਜ਼ੀ ਸ਼ੁਰੂ ਹੋਣ ਬਾਅਦ ਹੁਣ ਪੰਜਾਬ ਕਾਂਗਰਸ ਵਿਚ ਵੀ ਕਲੇਸ਼ ਮੁੜ ਵਧ ਸਕਦਾ ਹੈ |