
ਅਜੇ ਤੱਕ ਗੁਰਪ੍ਰੀਤ ਸਿੰਘ ਦੀ ਮੌਤ ਦੇ ਕਾਰਨ ਸਾਹਮਣੇ ਨਹੀਂ ਆਏ।
ਚੀਮਾ ਮੰਡੀ : ਪਿੰਡ ਸਤੌਜ ਦੇ 25 ਸਾਲਾ ਨੌਜਵਾਨ ਦੀ ਭੇਤਭਰੇ ਹਾਲਾਤ 'ਚ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਦਿੰਦਿਆਂ ਨਾਵਲਕਾਰ ਪਰਗਟ ਸਿੰਘ ਸਤੌਜ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ (25 ਸਾਲ) ਪੁੱਤਰ ਬਲਦੇਵ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਐਮਏ ਮਨੋਵਿਗਿਆਨ ਦੀ ਪੜ੍ਹਾਈ ਕਰ ਰਿਹਾ ਸੀ ਜਿਸ ਦਾ ਡੀਪੀਈ ਭਰਤੀ 'ਚ ਵੀ ਪੰਜਾਬ 'ਚੋਂ ਦੂਜਾ ਰੈਂਕ ਸੀ।
ਆਉਣ ਵਾਲੇ ਦਿਨਾਂ 'ਚ ਨਿਯੁਕਤੀ ਪੱਤਰ ਮਿਲਣਾ ਸੀ। ਉਨ੍ਹਾਂ ਦੱਸਿਆ ਕਿ ਗੁਰਪ੍ਰੀਤ ਯੂਨੀਵਰਸਿਟੀ ਵਿਖੇ ਡੀਪੀਈ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਤਿਆਰੀ ਵੀ ਕਰਵਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ 'ਚੋਂ ਹੀ ਰਾਤ ਸਮੇਂ ਉਹ ਬਿਨਾਂ ਕਿਸੇ ਨੂੰ ਦੱਸੇ ਚਲਾ ਗਿਆ ਜਿਸ ਦੀ ਪਰਿਵਾਰ, ਪਿੰਡ ਵਾਸੀਆਂ ਤੇ ਯਾਰਾਂ-ਦੋਸਤਾਂ ਨੇ ਬਹੁਤ ਭਾਲ਼ ਕੀਤੀ ਤੇ ਉਸ ਦੀ ਖਨੌਰੀ ਤੋਂ ਅੱਗਿਉਂ ਹਰਿਆਣਾ ਦੇ ਪਿੰਡ ਲਾਗਿਓਂ ਲਾਸ਼ ਭਾਖੜਾ ਨਹਿਰ 'ਚੋਂ ਮਿਲੀ।
ਨੌਜਵਾਨ ਦੀ ਅਚਾਨਕ ਹੋਈ ਮੌਤ 'ਤੇ ਪਿੰਡ ਤੇ ਇਲਾਕੇ 'ਚ ਸੋਗ ਦੀ ਲਹਿਰ ਹੈ। ਮ੍ਰਿਤਕ ਨੌਜਵਾਨ ਦਾ ਪੋਸਟਮਾਰਟਮ ਕਰਵਾ ਕੇ ਦੇਰ ਸ਼ਾਮ ਸਸਕਾਰ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਗੁਰਪ੍ਰੀਤ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਜਿਸ ਕਰਕੇ ਪਰਿਵਾਰ ਕਾਫ਼ੀ ਸਦਮੇ 'ਚ ਹੈ। ਅਜੇ ਤੱਕ ਗੁਰਪ੍ਰੀਤ ਸਿੰਘ ਦੀ ਮੌਤ ਦੇ ਕਾਰਨ ਸਾਹਮਣੇ ਨਹੀਂ ਆਏ।