
ਭਾਰਤ 'ਚ ਮਹਾਂਮਾਰੀ ਲਿਆਉਣ ਵਾਲਿਆਂ ਵਿਚ
ਦੁਬਈ ਅਤੇ ਬ੍ਰਿਟੇਨ ਦੇ ਯਾਤਰੀਆਂ ਦੀ ਗਿਣਤੀ ਸੱਭ ਤੋਂ ਜ਼ਿਆਦਾ
ਨਵੀਂ ਦਿੱਲੀ, 27 ਸਤੰਬਰ : ਦੁਬਈ ਅਤੇ ਬ੍ਰਿਟੇਨ ਤੋਂ ਆਏ ਯਾਰਤੀ ਭਾਰਤ 'ਚ ਕੋਵਿਡ 19 ਮਹਾਂਮਾਰੀ ਲਿਆਉਣ ਵਾਲੇ ਸੱਭ ਤੋਂ ਪਹਿਲੇ ਸਰੋਤ ਰਹੇ ਹਨ। ਭਾਰਤੀ ਤਕਨੀਕੀ ਸੰਸਥਾਨ (ਆਈ.ਆਈ.ਟੀ)-ਮੰਡੀ ਵਲੋਂ ਕੀਤੇ ਗਏ ਵਿਸ਼ਲੇਸ਼ਣ 'ਚ ਇਹ ਗੱਲ ਸਾਹਮਣੇ ਆਈ ਹੈ। 'ਜਨਰਲ ਟ੍ਰੈਵਲ ਆਫ਼ ਮੈਡੀਸਨ' 'ਚ ਪ੍ਰਕਾਸ਼ਿਤ ਅਧਿਐਨ ਮੁਤਾਬਕ ਭਾਰਤੀ ਸੂਬਿਆਂ 'ਚ ਕੋਵਿਡ 19 ਦਾ ਆਗਮਨ ਮੁੱਖ ਤੌਰ 'ਤੇ ਦੁਜੇ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਨਾਲ ਹੋਇਆ। ਆਈ.ਆਈ.ਟੀ ਮੰਡੀ 'ਚ ਸਹਾਇਕ ਪ੍ਰੋ.ਸਰਿਤਾ ਆਜ਼ਾਦ ਨੇ ਪੀਟੀਆਈ ਨੂੰ ਦਸਿਆ, ''ਅਸੀਂ ਗਲੋਬਲ ਪੱਧਰ ਤੋਂ ਰਾਸ਼ਟਰੀ ਪੱਧਰ 'ਤੇ ਕੋਵਿਡ 19 ਦੇ ਪ੍ਰਸਾਰ ਦਾ ਅਧਿਐਨ ਕੀਤਾ ਅਤੇ ਭਾਰਤ 'ਚ ਵਾਇਰਸ ਫੈਲਣ ਦੇ ਮੁੱਖ ਕਾਰਨਾਂ ਦੀ ਪਹਿਚਾਣ ਕੀਤੀ। ਰੋਗੀਆਂ ਦੇ ਯਾਤਰਾ ਇਤਿਹਾਸ ਦੀ ਵਰਤੋਂ ਕਰ ਕੇ ਪਹਿਲੇ ਗੇੜ੍ਹ 'ਚ ਕੋਵਿਡ 19 ਦੇ ਪ੍ਰਸਾਰ ਬਾਰੇ ਪਤਾ ਲਗਾਇਆ ਅਤੇ ਪਾਇਆ ਕਿ ਜ਼ਿਆਦਾਤਰ ਵਾਇਰਸ ਸਥਾਨਕ ਪੱਧਰ 'ਤੇ ਫੈਲਿਆ ਹੈ।'' ਉਨ੍ਹਾਂ ਕਿਹਾ, ''ਖੋਜੀ ਦਲ ਨੇ ਅੰਕੜਿਆਂ ਦੇ ਸ਼ਰੂਆਤੀ ਸਰੋਤ ਦੇ ਰੂਪ 'ਚ ਰੋਗੀਆਂ ਦੇ ਜਨਵਰੀ ਤੋਂ ਅਪ੍ਰੈਲ ਤਕ ਦੇ ਯਾਤਰਾ ਇਤਿਹਾਸ ਦੀ ਵਰਤੋਂ ਕੀਤੀ ਅਤੇ ਮਹਾਂਮਾਰੀ ਦੇ ਸ਼ੁਰੂਆਤ ਗੇੜ੍ਹ 'ਚ ਪ੍ਰਸਾਰ ਨੂੰ ਦਰਸ਼ਾਉਂਦਾ ਇਕ ਸਮਾਜਕ ਨੈੱਟਵਰਕ ਤਿਆਰ ਕੀਤਾ। ਅਧਿਐਨ 'ਚ ਪਾਇਆ ਗਿਆ ਕਿ ਜ਼ਿਆਦਾਤਰ ਪੀੜਤਾਂ ਦਾ ਸਬੰਧ ਦੁਬਈ ਅਤੇ ਬ੍ਰਿਟੇਨ ਨਾਲ ਸੀ।'' (ਪੀਟੀਆਈ)