
ਬਜਟ ਦੌਰਾਨ ਹੋਇਆ ਭਾਰੀ ਹੰਗਾਮਾ , ਭਾਈ ਲੌਗੋਵਾਲ ਤੋਂ ਅਸਤੀਫ਼ੇ ਦੀ ਮੰਗ
ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਪ੍ਰਧਾਨਗੀ ਹੇਠ ਹੋਏ ਬਜਟ ਇਜਲਾਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਜਨਰਲ ਸੱਕਤਰ ਹਰਜਿੰਦਰ ਸਿੰਘ ਧਾਮੀ ਵਲੋਂ ਸ਼੍ਰੋਮਣੀ ਕਮੇਟੀ ਦਾ ਸਾਲ 2020-21 ਦਾ 9 ਅਰਬ 81 ਕਰੋੜ 94 ਲੱਖ ,80 ਹਜ਼ਾਰ 500 ਰੁਪਏ ਦਾ ਸਾਲਾਨਾ ਬਜਟ ਜੈਕਾਰਿਆਂ ਦੀ ਗੂੰਜ ਵਿਚ ਪਾਸ ਕਰ ਦਿੱਤਾ ਗਿਆ ਹੈ।
SGPC Budget
ਸ਼੍ਰੋਮਣੀ ਕਮੇਟੀ ਦੇ ਸਕੱਤਰ ਮਹਿੰਦਰ ਸਿੰਘ ਆਹਲੀ ਵਲੋਂ ਬਜਟ ਇਜਲਾਸ ਦੀ ਕਾਰਵਾਈ ਸ਼ੁਰੂ ਕੀਤੀ ਗਈ ਸੀ। ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਹਰਜਿੰਦਰ ਸਿੰਘ ਧਾਮੀ ਵੱਲੋਂ ਬਜਟ ਪੇਸ਼ ਕੀਤਾ ਗਿਆ ਸੀ। ਕੋਰੋਨਾ ਕਰਕੇ ਸ਼ਰਧਾਲੂਆਂ ਦੀ ਗੁਰਦੁਆਰਿਆਂ ’ਚ ਆਮਦ ਘਟਣ ਨਾਲ ਸਾਲਾਨਾ ਬਜਟ ਇਸ ਵਾਰ ਸਾਢੇ ਅਠਾਰਾਂ ਫ਼ੀਸਦ ਘੱਟ ਗਿਆ ਹੈ। ਕੋਰੋਨਾ ਮਹਾਂਮਾਰੀ ਕਾਰਨ ਇਸ ਵਾਰ ਸ਼੍ਰੋਮਣੀ ਕਮੇਟੀ ਦਾ ਸਾਲਾਨਾ ਬਜਟ ਮਾਰਚ ਮਹੀਨੇ ਵਿਚ ਪੇਸ਼ ਨਹੀਂ ਹੋ ਸਕਿਆ ਸੀ।
SGPC
ਪਿਛਲੇ ਸਾਲ ਲਗਭਗ ਬਾਰਾਂ ਅਰਬ ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਗਿਆ ਸੀ। ਵਿਰੋਧੀ ਧਿਰ ਦੇ ਮੈਂਬਰਾਂ ਵੱਲੋਂ ਬਜਟ ਦੌਰਾਨ ਆਪਣੀ ਗੱਲ ਸਾਹਮਣੇ ਰੱਖਣ ਲਈ ਰੌਲਾ-ਰੱਪਾ ਵੀ ਪਾਇਆ ਗਿਆ। ਜਦੋਂ ਹੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਤੇ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਬਜਟ ਸੈਸ਼ਨ ਲਈ ਪਹੁੰਚੇ ਤਾਂ ਨਾਲ ਹੀ ਉਹਨਾਂ ਦਾ ਵਿਰੋਧ ਸ਼ੁਰੂ ਹੋ ਗਿਆ ਤੇ 328 ਗਾਇਬ ਸਰੂਪਾਂ ਦੇ ਮਾਮਲੇ 'ਤੇ ਵੱਖ-ਵੱਖ ਸਿੱਖ ਜਥੇਬੰਦੀਆਂ ਵਲੋਂ ਲੌਂਗੋਵਾਲ ਦੇ ਅਸਤੀਫੇ ਦੀ ਵੀ ਮੰਗ ਕੀਤੀ ਗਈ।
Gobind singh longowal
ਸਿੰਘ ਸੰਗਠਨਾਂ ਦਾ ਕਹਿਣਾ ਹੈ ਕਿ ਗਾਇਬ ਹੋਏ ਸਰੂਪ ਕਿਥੇ ਹਨ, ਜੇਕਰ ਕੋਈ ਉਹਨਾਂ ਨੂੰ ਅਗਨ ਭੇਟ ਕੀਤਾ ਗਿਆ ਫਿਰ ਉਸ ਦਾ ਰਿਕਾਰਡ ਕਿਥੇ ਹੈ , ਇਸ ਤੋਂ ਇਲਾਵਾ ਸਿੱਖ ਸੰਗਠਨਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਕਮੇਟੀ ਸੱਚ ਨੂੰ ਦਬਾਉਣ ਵਿੱਚ ਲੱਗੀ ਹੋਈ ਹੈ ਤੇ ਮੁੱਖ ਦੋਸ਼ੀਆ ਨੂੰ ਬਚਾ ਰਹੀ ਹੈ। ਲੌਂਗੋਵਾਲ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਵੇ ਦੇ ਬੈਨਰ ਫੜ ਉਹਨਾਂ ਦਾ ਵਿਰੋਧ ਕੀਤਾ ਗਿਆ। ਸਿੱਖ ਸੰਗਠਨਾਂ ਦਾ ਕਹਿਣਾ ਹੈ ਕਿ ਅਸੀਂ ਲੌਗੋਵਾਲ ਤੋਂ ਅਸਤੀਫ਼ੇ ਦੀ ਮੰਗ ਇਸ ਕਰ ਕੇ ਕਰ ਰਹੇ ਹਾਂ ਤਾਂ ਕਿ ਬਾਕੀ ਐਸ ਜੀ ਪੀ ਸੀ ਮੈਬਰਾਂ ਦੀ ਜ਼ਮੀਰ ਜਾਗ ਜਾਵੇ।