
ਸ਼ਿਵ ਸੈਨਾ ਨੇ ਖੇਤੀ ਬਿਲਾਂ 'ਤੇ ਐਨ.ਡੀ.ਏ. ਛੱਡਣ ਲਈ ਅਕਾਲੀ ਦਲ ਦੀ ਪ੍ਰਸ਼ੰਸਾ ਕੀਤੀ
ਮੁੰਬਈ, 27 ਸਤੰਬਰ : ਸ਼ਿਵ ਸੈਨਾ ਨੇ ਐਤਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਕਿਸਾਨਾਂ ਦੇ ਹੱਕਾਂ ਲਈ ਰਾਸ਼ਟਰੀ ਲੋਕਤੰਤਰੀ ਗਠਜੋੜ (ਐਨ.ਡੀ.ਏ.) ਤੋਂ ਵੱਖ ਹੋਣ 'ਤੇ ਪ੍ਰਸ਼ੰਸਾ ਕੀਤੀ। ਹਾਲਾਂਕਿ, ਪਾਰਟੀ ਦੇ ਸੰਸਦ ਮੈਂਬਰ ਸੰਜੇ ਰਾਉਤ ਨੇ ਇਹ ਵੀ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਦਾ ਐਨ.ਡੀ.ਏ ਤੋਂ ਵੱਖ ਹੋਣ ਦਾ ਫ਼ੈਸਲਾ ਦੁੱਖਦਾਈ ਘਟਨਾ ਹੈ। ਸ੍ਰੋਮਣੀ ਅਕਾਲੀ ਦਲ ਨੇ ਸਨਿਚਰਵਾਰ ਰਾਤ ਨੂੰ ਐਨਡੀਏ ਨਾਲ ਗੱਠਜੋੜ ਤੋੜਨ ਦਾ ਐਲਾਨ ਕੀਤਾ। ਹਾਲ ਹੀ ਦੇ ਸਾਲਾਂ 'ਚ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਤੋਂ ਵੱਖ ਹੋਣ ਵਾਲੀ ਇਹ ਤੀਜੀ ਵੱਡੀ ਪਾਰਟੀ ਹੈ। ਇਸ ਤੋਂ ਪਹਿਲਾਂ ਸ਼ਿਵ ਸੈਨਾ ਅਤੇ ਟੀਡੀਪੀ ਵੀ ਐਨਡੀਏ ਤੋਂ ਵੱਖ ਹੋ ਗਏ ਸਨ। ਪਿਛਲੇ ਸਾਲ, ਸ਼ਿਵ ਸੈਨਾ ਨੇ ਮਹਾਰਾਸ਼ਟਰ ਵਿਚ ਸੱਤਾ ਦੀ ਵੰਡ ਦੇ ਮੁੱਦੇ 'ਤੇ ਭਾਜਪਾ ਨਾਲ ਟਕਰਾਅ ਤੋਂ ਬਾਅਦ ਐਨਡੀਏ ਨੂੰ ਅਲਵਿਦਾ ਕਹਿ ਦਿਤਾ ਸੀ। ਸ਼ਿਵ ਸੈਨਾ ਦੇ ਮੁੱਖ ਬੁਲਾਰੇ ਰਾਵਤ ਨੇ ਟਵੀਟ ਕੀਤਾ, “ਸ਼ਿਵ ਸੈਨਾ ਕਿਸਾਨਾਂ ਦੇ ਹੱਕ 'ਚ ਅਕਾਲੀ ਦਲ ਦੇ ਐਨਡੀਏ ਨਾਲ ਸਬੰਧ ਤੋੜਨ ਦੇ ਫ਼ੈਸਲੇ ਦੀ ਸ਼ਲਾਘਾ ਕਰਦੀ ਹੈ।'' ਇਸ ਤੋਂ ਪਹਿਲਾਂ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਉਤ ਨੇ ਕਿਹਾ ਕਿ ਸ਼ਿਵ ਸੈਨਾ ਅਤੇ ਸ਼੍ਰੋਮਣੀ ਅਕਾਲੀ ਦਲ “ਐਨ.ਡੀ.ਏ ਦੇ ਥੰਮ” ਸਨ। (ਪੀਟੀਆਈ)