
ਧਰਮਸੋਤ ਸਮੇਤ ਮੰਤਰੀਆਂ ਵਿਰੁਧ ਕੇਸ ਦਰਜ ਕਰਨ ਲਈ ‘ਆਪ’ ਨੇ ਦਿਤਾ ਇਕ
ਐਸ.ਏ.ਐਸ. ਨਗਰ, 27 ਸਤੰਬਰ (ਨਰਿੰਦਰ ਸਿੰਘ ਝਾਂਮਪੁਰ) : ਆਮ ਆਦਮੀ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਰਾਣਾ ਗੁਰਜੀਤ ਸਿੰਘ ਨੂੰ ਪੰਜਾਬ ਮੰਤਰੀ ਮੰਡਲ ਵਿਚ ਸ਼ਾਮਲ ਨਾਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਉਸ ਦਾਅਵੇ ਨੂੰ ਫ਼ੇਲ੍ਹ ਦੱਸਿਆ, ਜਿਸ ਵਿਚ ਚੰਨੀ ਨੇ ਕਿਹਾ ਸੀ ਕਿ ਰੇਤ ਮਾਫ਼ੀਆ ਮੁੱਖ ਮੰਤਰੀ ਨੂੰ ਮਿਲਣ ਦੀ ਕੋਸ਼ਿਸ਼ ਨਾ ਕਰੇ।
ਚੀਮਾ ਨੇ ਕਿਹਾ ਕਿ ਹੁਣ ਜਦੋਂ ਮਾਈਨਿੰਗ ਮਾਫ਼ੀਆ ਦਾ ਸਰਗਨਾ ਹੀ ਕੈਬਨਿਟ ਮੀਟਿੰਗ ਵਿੱਚ ਬੈਠ ਗਿਆ ਹੈ ਤਾਂ ਮੁੱਖ ਮੰਤਰੀ ਚੰਨੀ ਦਾ ਰੇਤ ਮਾਫ਼ੀਆ ਨੂੰ ਨੱਥ ਪਾਉਣ ਵਾਲਾ ਦਾਅਵਾ ਲੋਕਾਂ ਨੂੰ ਗੁੰਮਰਾਹ ਕਰਨ ਤੋਂ ਇਲਾਵਾ ਕੁੱਝ ਨਹੀਂ ਹੈ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਭ੍ਰਿਸ਼ਟ ਆਗੂਆਂ ਨੂੰ ਕੈਬਨਿਟ ਵਿੱਚ ਸ਼ਾਮਲ ਕਰਨ ਨਾਲ ਸਿੱਧ ਹੋ ਗਿਆ ਹੈ ਕਿ ਕਾਂਗਰਸ ਚਿਹਰੇ ਬਦਲ ਕੇ ਵੀ ਆਪਣਾ ਕਿਰਦਾਰ ਨਹੀਂ ਬਦਲ ਸਕਦੀ। ਭ੍ਰਿਸ਼ਟ ਮੰਤਰੀਆਂ ਦੀ ਕੈਬਨਿਟ ਚ ਐਂਟਰੀ ਨਾਲ ਚੰਨੀ ਦੇ ਉਸ ਦਾਅਵੇ ਦੀ ਵੀ ਪੋਲ ਖੋਲ੍ਹ ਗਈ ਹੈ , ਜਿਸ ਵਿਚ ਚੰਨੀ ਨੇ ਕਿਹਾ ਸੀ ਕਿ ਉਹ ਰਹਿਣਗੇ ਜਾਂ ਭ੍ਰਿਸ਼ਟਾਚਾਰੀ ਰਹਿਣਗੇ।
ਚੀਮਾ ਨੇ ਤਰਕ ਦਿੱਤਾ ਕਿ ਦਾਗ਼ੀ ਮੰਤਰੀਆਂ ਦਾ ਵਿਰੋਧ ਕੇਵਲ ਵਿਰੋਧੀ ਧਿਰ ਹੋਣ ਕਰਕੇ ਨਹੀਂ ਕਰ ਰਹੇ । ਸਗੋਂ ਕਾਂਗਰਸੀ ਵਿਧਾਇਕ ਵੀ ਵਿਰੋਧ ਕਰ ਰਹੇ ਹਨ। ਕਾਂਗਰਸੀ ਵਿਧਾਇਕਾ ਸੋਨੀਆ ਗਾਂਧੀ ਨੂੰ ਲਿਖੀ ਚਿੱਠੀ ਵੀ ਆਪ ਦੇ ਦੋਸ਼ਾਂ ਦੀ ਪੁਸ਼ਟੀ ਕਰਦੀ ਹੈ। ਚੀਮਾ ਨੇ ਚੰਨੀ ਸਰਕਾਰ ਨੂੰ ਇਕ ਹਫ਼ਤੇ ਦਾ ਅਲਟੀਮੇਟਮ ਦਿਤਾ ਹੈ ਕਿ ਜੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਸਮੇਤ ਮੰਤਰੀਆਂ ਵਿਰੁਧ ਮਾਮਲਾ ਦਰਜ ਨਹੀਂ ਕੀਤਾ ਜਾਂਦਾ ਤਾਂ ਆਮ ਆਦਮੀ ਪਾਰਟੀ ਸਰਕਾਰ ਵਿਰੁੱਧ ਸੂਬਾ ਪੱਧਰੀ ਸੰਘਰਸ਼ ਕਰੇਗੀ ।