
ਮੈਂ ਪਹਿਲਾਂ ਵਾਂਗ ਸੂਬੇ ਦੇ ਲੋਕਾਂ ਦੀ ਨਿਰੰਤਰ ਸੇਵਾ ਕਰਦੀ ਰਹਾਂਗੀ ਅਤੇ ਆਪਣੀਆਂ ਸਮੁੱਚੀਆਂ ਜ਼ਿੰਮੇਵਾਰੀਆਂ ਨੂੰ ਸਮਰਪਣ ਅਤੇ ਲਗਨ ਨਾਲ ਨਿਭਾਵਾਂਗੀ
ਚੰਡੀਗੜ੍ਹ : ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਮਾਲ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ ਵਿਭਾਗ ਦੀ ਕਮਾਂਡ ਮਿਲਣ ਤੋਂ ਬਾਅਦ ਅੱਜ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਅਤੇ ਉਪ ਮੁੱਖ ਮੰਤਰੀ ਸ੍ਰੀ ਓ.ਪੀ. ਸੋਨੀ ਦੀ ਮੌਜੂਦਗੀ ਵਿੱਚ ਪੰਜਾਬ ਸਿਵਲ ਸਕੱਤਰੇਤ-1 ਵਿਖੇ ਆਪਣਾ ਅਹੁਦਾ ਸੰਭਾਲਿਆ।ਸ੍ਰੀਮਤੀ ਚੌਧਰੀ ਨੇ ਆਪਣੇ 'ਤੇ ਵਿਸ਼ਵਾਸ ਜਤਾਉਣ ਲਈ ਪਾਰਟੀ ਹਾਈ ਕਮਾਂਡ ਅਤੇ ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਹਿਲਾਂ ਵਾਂਗ ਸੂਬੇ ਦੇ ਲੋਕਾਂ ਦੀ ਨਿਰੰਤਰ ਸੇਵਾ ਕਰਦੇ ਰਹਿਣਗੇ ਅਤੇ ਆਪਣੀਆਂ ਸਮੁੱਚੀਆਂ ਜ਼ਿੰਮੇਵਾਰੀਆਂ ਨੂੰ ਸਮਰਪਣ ਅਤੇ ਲਗਨ ਨਾਲ ਨਿਭਾਉਣਗੇ।
Aruna Chaudhary
ਉਨ੍ਹਾਂ ਦੁਹਰਾਇਆ ਕਿ ਸੂਬਾ ਸਰਕਾਰ ਸਮਾਜ ਦੇ ਸਮੂਹ ਵਰਗਾਂ ਦੇ ਲੋਕਾਂ ਦੀ ਭਲਾਈ ਅਤੇ ਵਿਕਾਸ ਲਈ ਹਮੇਸ਼ਾ ਤਤਪਰ ਹੈ ਅਤੇ ਲੋਕਾਂ ਦੇ ਘਰਾਂ ਤੱਕ ਸਰਕਾਰੀ ਸੇਵਾਵਾਂ ਪਹੰਚਾਉਣ ਲਈ ਹਰ ਕੋਸ਼ਿਸ਼ ਕਰ ਰਹੀ ਹੈ। ਸ੍ਰੀਮਤੀ ਅਰੁਨਾ ਚੌਧਰੀ ਨੇ ਉਚੇਚੇ ਤੌਰ 'ਤੇ ਕਿਹਾ ਕਿ ਸਰਕਾਰ ਆਪਣੇ ਚੋਣ ਮੈਨੀਫ਼ੈਸਟੋ ਵਿੱਚ ਕੀਤਾ ਗਿਆ ਇੱਕ-ਇੱਕ ਵਾਅਦਾ ਪੂਰਾ ਕਰੇਗੀ ਅਤੇ ਇਸ ਲਈ ਉਹ ਪਹਿਲਾਂ ਵਾਂਗ ਜੀਅ ਤੋੜ ਕੋਸ਼ਿਸ਼ਾਂ ਜਾਰੀ ਰੱਖਣਗੇ।
Aruna Chaudhary
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਸਦ ਮੈਂਬਰ ਸ਼੍ਰੀ ਜਸਬੀਰ ਸਿੰਘ ਡਿੰਪਾ, ਸ਼੍ਰੀ ਹਰਜੋਤ ਕਮਲ ਅਤੇ ਸ਼੍ਰੀ ਦਵਿੰਦਰ ਸਿੰਘ ਘੁਬਾਇਆ (ਦੋਵੇਂ ਵਿਧਾਇਕਾਂ) ਤੋਂ ਇਲਾਵਾ ਪਰਿਵਾਰਕ ਮੈਂਬਰਾਂ ਵਿੱਚ ਉਨ੍ਹਾਂ ਦੇ ਪਤੀ ਸ਼੍ਰੀ ਅਸ਼ੋਕ ਚੌਧਰੀ ਸੀਨੀਅਰ ਕਾਂਗਰਸੀ ਨੇਤਾ, ਪੁੱਤਰ ਸ਼੍ਰੀ ਅਭਿਨਵ ਚੌਧਰੀ ਅਤੇ ਸਮਰਥਕ ਮੌਜੂਦ ਸਨ।