
ਗੰਨੇ ਦਾ ਮੁੱਲ 400 ਰੁਪਏ ਪ੍ਰਤੀ ਕੁਇੰਟਲ ਕਰਨ ਦੀ ਕੀਤੀ ਮੰਗ
ਲਖਨਊ, 27 ਸਤੰਬਰ : ਭਾਰਤੀ ਜਨਤਾ ਪਾਰਟੀ ਦੇ ਪੀਲੀਭੀਤ ਤੋਂ ਸਾਂਸਦ ਵਰੁਣ ਗਾਂਧੀ ਨੇ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਤੋਂ ਗੰਨੇ ਦਾ ਮੁੱਲ ਵਧਾ ਕੇ 400 ਰੁਪਏ ਪ੍ਰਤੀ ਕੁਇੰਟਲ ਕਰਨ ਦੀ ਅਪੀਲ ਕੀਤੀ ਹੈ। ਇਸ ਤੋਂ ਪਹਿਲਾਂ ਵਰੁਣ ਗਾਂਧੀ ਨੇ 12 ਸਤੰਬਰ ਨੂੰ ਵੀ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਗੰਨੇ ਦਾ ਮੁੱਲ ਵਧਾਉਣ ਦੀ ਮੰਗ ਕੀਤੀ ਸੀ। ਸਾਂਸਦ ਨੇ ਗੰਨੇ ਦੇ ਮੁੱਲ ਵਿਚ ਪ੍ਰਤੀ ਕੁਇੰਟਲ 25 ਰੁਪਏ ਦਾ ਵਾਧਾ ਕਰਨ ’ਤੇ ਮੁੱਖ ਨੂੰ ਇਹ ਸਲਾਹ ਦਿਤੀ ਕਿ ਸੂਬਾ ਸਰਕਾਰ ਅਪਣੇ ਵਲੋਂ ਐਲਾਨੇ ਗਏ ਗੰਨੇ ਦੇ ਮੁੱਲ ’ਤੇ 50 ਰੁਪਏ ਪ੍ਰਤੀ ਕੁਇੰਟਲ ਦਾ ਬੋਨਸ ਦੇਣ ’ਤੇ ਵੀ ਵਿਚਾਰ ਕਰ ਸਕਦੀ ਹੈ।
ਮੁੱਖ ਮੰਤਰੀ ਨੂੰ ਭੇਜੀ ਚਿੱਠੀ ਵਿਚ ਵਰੁਣ ਗਾਂਧੀ ਨੇ ਕਿਹਾ,‘‘ਤੁਹਾਡੀ ਸਰਕਾਰ ਨੇ ਗੰਨੇ ਦੇ ਮੁੱਲ ਵਿਚ 25 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਹੈ। ਇਸ ਵਾਧੇ ਲਈ ਧਨਵਾਦ ਤੇ ਬੇਨਤੀ ਕਰਨਾ ਚਾਹੁੰਦਾ ਹਾਂਕਿ ਗੰਨਾ ਕਿਸਾਨ ਤੁਹਾਡੇ ਤੋਂ ਹੋਰ ਜ਼ਿਆਦਾ ਵਾਧੇ ਦੀ ਆਸ ਕਰ ਰਹੇ ਹਨ।’’ ਉਨ੍ਹਾਂ ਕਿਹਾ,‘‘ਉਤਰ ਪ੍ਰਦੇਸ਼ ਵਿਚ ਗੰਨਾ ਇਕ ਪ੍ਰਮੁਖ ਫ਼ਸਲ ਹੈ ਜਿਸ ਦੀ ਖੇਤੀ ਵਿਚ ਕਰੀਬ 50 ਲੱਖ ਕਿਸਾਨ ਪ੍ਰਵਾਰ ਲੱਗੇ ਹੋਏ ਹਨ। ਲੱਖਾਂ ਮਜ਼ਦੂਰਾਂ ਨੂੰ ਵੀ ਇਸ ਨਾਲ ਰੁਜ਼ਗਾਰ ਮਿਲਦਾ ਹੈ। ਗੰਨਾ ਕਿਸਾਨਾਂ ਦੀ ਦੁਰਦਸ਼ਾ, ਗੰਨੇ ਦੀ ਵਧਦੀ ਲਾਗਤ ਅਤੇ ਮਹਿੰਗਾਈ ਦਰ ਨੂੰ ਦੇਖਦੇ ਹੋਏ ਇਸ ਸਾਲ ਗੰਨੇ ਦਾ ਮੁੱਲ ਘੱਟੋ ਘੱਟ 400 ਰੁਪਏ ਪ੍ਰਤੀ ਕੁਇੰਟਲ ਐਲਾਨ ਕੀਤਾ ਜਾਣਾ ਚਾਹੀਦਾ ਹੈ।’’
(ਪੀਟੀਆਈ)