
ਆਖ਼ਰ ਅਮਰਪ੍ਰੀਤ ਸਿੰਘ ਦਿਉਲ ਬਣੇ ਪੰਜਾਬ ਦੇ ਨਵੇਂ ਐਡਵੋਕੇਟ ਜਨਰਲ
ਚੰਡੀਗੜ੍ਹ, 27 ਸਤੰਬਰ (ਭੁੱਲਰ) : ਆਖ਼ਰ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਸਰਕਾਰ ਦੇ ਐਡਵੋਕੇਟ ਜਨਰਲ ਦੀ ਨਿਯੁਕਤੀ ਕਰ ਹੀ ਦਿਤੀ ਹੈ | ਇਸ ਤੋਂ ਪਹਿਲਾਂ ਦੀਪਇੰਦਰ ਸਿੰਘ ਪਟਵਾਲੀਆ ਤੇ ਫਿਰ ਅਨਮੋਲ ਰਤਨ ਸਿੱਧੂ ਦਾ ਨਾਂ ਸਾਹਮਣੇ ਆਇਆ ਸੀ | ਪਰ ਉਹ ਤਕਨੀਕੀ ਕਾਰਨਾਂ ਕਰ ਕੇ ਇਸ ਅਹੁਦੇ 'ਤੇ ਨਿਯੁਕਤ ਨਹੀਂ ਹੋ ਸਕੇ | ਹੁਣ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਵਕੀਲ ਅਮਰਪ੍ਰੀਤ ਸਿੰਘ ਦਿਉਲ ਨੂੰ ਨਵਾਂ ਐਡਵੋਕੇਟ ਜਨਰਲ ਨਿਯੁਕਤ ਕੀਤਾ ਗਿਆ ਹੈ | ਰਾਜਪਾਲ ਦੀ ਪ੍ਰਵਾਨਗੀ ਬਾਅਦ ਅੱਜ ਉਨ੍ਹਾਂ ਦੀ ਨਿਯੁਕਤੀ ਬਾਰੇ ਗ੍ਰਹਿ ਵਿਭਾਗ ਦੇ ਪ੍ਰਮੁੱਖ ਸਕੱਤਰ ਅਨੁਰਾਗ ਵਰਮਾ ਨੇ ਨੋਟੀਫ਼ੀਕੇਸ਼ਨ ਜਾਰੀ ਕਰ ਦਿਤਾ ਹੈ |
ਵਰਨਣਯੋਗ ਹੈ ਕਿ ਚੰਡੀਗੜ੍ਹ ਦੇ ਸੈਕਟਰ-4 ਦੇ ਵਸਨੀਕ ਦਿਉਲ ਸਾਬਕਾ ਡੀ.ਜੀ.ਪੀ. ਸੁਮੇਧ ਸਿੰਘ ਸੈਣੀ ਦੇ ਵਕੀਲ ਰਹੇ ਹਨ | ਹੋਰਨਾਂ ਵੱਡੇ ਕੇਸਾਂ 'ਚ ਸੈਣੀ ਨੂੰ ਰਾਹਤ ਦਿਵਾਉਣ ਤੋਂ ਇਲਾਵਾ ਦਿਉਲ ਨੇ ਹੀ ਪੈਰਵਾਈ ਕਰਦਿਆਂ ਪਿਛਲੇ ਦਿਨੀਂ ਵਿਜੀਲੈੈਂਸ ਬਿਊਰੋ ਦੀ ਹਿਰਾਸਤ 'ਚੋਂ ਵੀ ਸੈਣੀ ਨੂੰ ਰਿਹਾਅ ਕਰਵਾਇਆ ਸੀ | ਪਰ ਹੁਣ ਉਹ ਸਰਕਾਰੀ ਵਕੀਲ ਬਣ ਜਾਣ ਬਾਅਦ ਭਵਿੱਖ 'ਚ ਸੈਣੀ ਵਿਰੁਧ ਕੇਸ ਲੜਨਗੇ | ਇਸ ਨਿਯੁਕਤੀ ਨੂੰ ਲੈ ਕੇ ਕਈ ਤਰ੍ਹਾਂ ਦੇ ਚਰਚੇ ਹਨ | ਦਸਿਆ ਜਾਂਦਾ ਹੈ ਕਿ ਦਿਉਲ ਦੀ ਕਾਬਲੀਅਤ ਨੂੰ ਵੇਖ ਕੇ ਹੀ ਉਸ ਨੂੰ ਪੰਜਾਬ ਦਾ ਐਡਵੋਕੇਟ ਜਨਰਲ ਬਣਾਇਆ ਗਿਆ ਹੈ ਤਾਂ ਜੋ ਸਰਕਾਰ ਦੇ ਬਾਕੀ ਬਚੇ ਥੋੜੇ ਸਮੇਂ 'ਚ ਬੇਅਦਬੀ ਤੇ ਹੋਰ ਵੱਡੇ ਕਾਨੂੰਨੀ ਮਾਮਲਿਆਂ 'ਚ ਲੋਕਾਂ ਨੂੰ ਨਿਆਂ ਦਿਵਾਇਆ ਜਾ ਸਕੇ |