
ਮੈਂ ਅਪਣੀ ਯੋਗਤਾ ਕਾਰਨ ਹੀ ਗ਼ਰੀਬਾਂ ਨੂੰ ਸ਼ਾਮਲਾਤ ਜ਼ਮੀਨਾਂ ਵਾਲਾ ਹੱਕ ਦਿਵਾਇਆ : ਕਾਂਗੜ
ਭਗਤਾ ਭਾਈਕਾ, 27 ਸਤੰਬਰ (ਰਾਜਿੰਦਰਪਾਲ ਰਾਜੂ): ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ ਨਿੱਜੀ ਬਿਆਨਬਾਜ਼ੀ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਤੇ ਉਹ ਸਾਡੇ ਸਿਆਸੀ ਵਿਰੋਧੀ ਹਨ, ਇਸ ਲਈ ਸਿਆਸਤ ਵਿਚ ਨਿੱਜੀ ਵਿਰੋਧ ਕੋਈ ਅਰਥ ਨਹੀਂ ਰਖਦਾ | ਇਹ ਵਿਚਾਰ ਸਾਬਕਾ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਮਲੂਕਾ ਵਲੋਂ ਬੀਤੇ ਕਲ ਦਿਤੇ ਬਿਆਨ ਦੇ ਪ੍ਰਤੀਕਰਮ ਵਜੋਂ ਰਖੇ ਗਏ | ਸ. ਕਾਂਗੜ ਨੇ ਕਿਹਾ ਕਿ ਸ. ਮਲੂਕਾ ਉਨ੍ਹਾਂ ਤੋਂ ਵੱਡੇ ਹਨ ਤੇ ਉਹ ਨਿੱਜੀ ਤੌਰ 'ਤੇ ਉਨ੍ਹਾਂ ਦੀ ਇੱਜ਼ਤ ਕਰਦੇ ਹਨ ਪਰ ਸਿਆਸੀ ਵਿਰੋਧ ਦਾ ਅਪਣਾ ਪੱਧਰ ਹੁੰਦਾ ਹੈ ਇਸ ਲਈ ਉਨ੍ਹਾਂ ਨੂੰ ਵੀ ਨਿੱਜੀ ਬਿਆਨਬਾਜ਼ੀ ਤੋਂ ਬਚਣਾ ਚਾਹੀਦਾ ਹੈ | ਕਾਂਗੜ ਨੇ ਕਿਹਾ ਕਿ ਜਿਥੋਂ ਤਕ ਉਨ੍ਹਾਂ ਦੀ ਯੋਗਤਾ ਦਾ ਸਵਾਲ ਹੈ ਤਾਂ ਉਹ ਸਪੱਸ਼ਟ ਕਰ ਦੇਣਾ ਚਾਹੁੰਦੇ ਹਨ ਕਿ ਉਹ ਜਦੋਂ ਬਿਜਲੀ ਮੰਤਰੀ ਬਣੇ ਸਨ ਤਾਂ ਉਨ੍ਹਾਂ ਪੁਰਾਣੀਆਂ ਫ਼ਾਈਲਾਂ ਕਢਵਾ ਕੇ ਤਰਸ ਦੇ ਆਧਾਰ 'ਤੇ ਗ਼ਰੀਬਾਂ ਨੂੰ ਨੌਕਰੀਆਂ ਦਿਤੀਆਂ | ਉਨ੍ਹਾਂ ਤੋਂ ਪਹਿਲਾਂ ਦੇ ਮੰਤਰੀਆਂ ਨੇ ਕਦੇ ਇਹ ਕੋਸ਼ਿਸ਼ ਹੀ ਨਹੀਂ ਸੀ ਕੀਤੀ ਤੇ ਪੀੜਤ ਨੌਕਰੀਆਂ ਦੀ ਆਸ ਹੀ ਛੱਡ ਬੈਠੇ ਸਨ |
ਸ. ਕਾਂਗੜ ਨੇ ਕਿਹਾ ਕਿ ਕੁੱਝ ਸਮੇਂ ਬਾਅਦ ਉਨ੍ਹਾਂ ਦਾ ਮੰਤਰਾਲਾ ਬਦਲਿਆ ਗਿਆ ਤੇ ਉਨ੍ਹਾਂ ਨੂੰ ਮਾਲ ਵਿਭਾਗ ਦਾ ਮੰਤਰੀ ਬਣਾਇਆ ਗਿਆ | ਇਸ ਕਾਰਜਕਾਲ ਦੌਰਾਨ ਉਨ੍ਹਾਂ ਅਪਣੀ ਯੋਗਤਾ ਸਦਕਾ ਹੀ ਅਨੇਕਾਂ ਗ਼ਰੀਬ ਲੋਕਾਂ ਨੂੰ ਸ਼ਾਮਲਾਤ ਜ਼ਮੀਨ ਦੇ ਹੱਕ ਦਿਵਾਏ | ਉਨ੍ਹਾਂ ਕਿਹਾ ਕਿ ਉਨ੍ਹਾਂ ਤੋਂ ਪਹਿਲਾਂ ਅਨੇਕਾਂ ਮਾਲ ਮੰਤਰੀ ਆਏ ਤੇ ਜਿਹੜੇ ਉਨ੍ਹਾਂ ਤੋਂ ਸਿਆਣੇ ਵੀ ਸਨ, ਪਰ ਕਿਸੇ ਨੇ ਹਿੰਮਤ ਨਹੀਂ ਦਿਖਾਈ ਕਿ ਇਸ ਮਸਲੇ ਨੂੰ ਸੁਲਝਾ ਲਿਆ ਜਾਵੇ | ਉਨ੍ਹਾਂ ਕਿਹਾ ਕਿ ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਬੈਠ ਕੇ ਨਿੱਜੀ ਦਿਲਚਸਪੀ ਦਿਖਾ ਕੇ ਲਾਲ ਲਕੀਰ ਦੇ ਅੰਦਰ ਰਹਿਣ ਵਾਲੇ ਉਨ੍ਹਾਂ ਸਾਰੇ ਲੋਕਾਂ ਨੂੰ ਮਾਲਕੀ ਦੇ ਹੱਕ ਦਿਵਾਏ, ਜਿਹੜੇ ਪੀੜ੍ਹੀ ਦਰ ਪੀੜ੍ਹੀ ਘਰ ਬਣਾ ਕੇ ਰਹਿੰਦੇ ਆ ਰਹੇ ਸਨ ਪਰ ਉਹ ਨਾ ਹੀ ਇਨ੍ਹਾਂ ਘਰਾਂ ਨੂੰ ਵੇਚ ਸਕਦੇ ਸਨ ਤੇ ਨਾ ਹੀ ਇਹ ਉਨ੍ਹਾਂ ਦੇ ਨਾਂ ਹੁੰਦੇ ਸਨ |
ਕਾਂਗੜ ਨੇ ਕਿਹਾ ਕਿ ਉਨ੍ਹਾਂ ਦੇ ਹਲਕੇ ਦੇ ਲੋਕਾਂ ਨੇ ਉਨ੍ਹਾਂ ਨੂੰ ਚੁਣਿਆ ਤੇ ਉਨ੍ਹਾਂ ਨੇ ਕਿਸੇ ਯੋਗਤਾ ਕਾਰਨ ਹੀ ਉਨ੍ਹਾਂ ਨੂੰ ਚੁਣਿਆ ਸੀ ਇਸ ਲਈ ਮਲੂੁਕਾ ਜੀ ਮੇਰੀ ਯੋਗਤਾ ਨੂੰ ਅਪਣੇ ਪੱਧਰ 'ਤੇ ਨਾ ਜਾਚਣ |