
ਖੇਤ ਵਿਚੋਂ ਤਿੰਨ ਫੁੱਟ ਤੱਕ ਮਿੱਟੀ ਚੁਕਵਾਉਣ ਲਈ ਨਹੀਂ ਦੇਣੀ ਪਏਗੀ ਕੋਈ ਫ਼ੀਸ- MLA ਡਾ. ਚਰਨਜੀਤ
ਮੁਹਾਲੀ: ਭਗਵੰਤ ਮਾਨ ਸਰਕਾਰ ਵੱਲੋਂ ਮਿੱਟੀ ਦਾ ਭਰਤ ਪਾਉਣ ਵਾਲੇ ਕਾਰੋਬਾਰੀਆਂ ਨੂੰ ਰਾਹਤ ਦਿੰਦਿਆਂ 3 ਫੁੱਟ ਤੱਕ ਬਿਨਾਂ ਕਿਸੇ ਡਰ ਤੋਂ ਆਪਣੇ ਖੇਤਾਂ ਵਿੱਚੋਂ ਮਿੱਟੀ ਚੁੱਕਣ ਦੀ ਆਗਿਆ ਦਿੱਤੀ ਗਈ ਹੈ। ਜਿਸ ਲਈ ਕਿਸਾਨ ਨੂੰ ਮਾਈਨਿੰਗ ਵਿਭਾਗ ਨੂੰ ਸਿਰਫ਼ ਲਿਖਤੀ ਸੂਚਨਾ ਦੇਣੀ ਹੋਵੇਗੀ ਅਤੇ ਇਸ ਲਈ ਕੋਈ ਫ਼ੀਸ ਵੀ ਨਹੀਂ ਦੇਣੀ ਪਵੇਗੀ।
ਪ੍ਰੈੱਸ ਕਾਨਫ਼ਰੰਸ ਸਮੇਂ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਵਿਧਾਇਕ ਡਾ. ਚਰਨਜੀਤ ਸਿੰਘ ਨੇ ਕਿਹਾ ਕਿ ਮਿੱਟੀ ਦਾ ਕੰਮ ਕਰਨ ਵਾਲੇ ਸੈਂਕੜੇ ਜੇ.ਸੀ.ਬੀ. ਅਪਰੇਟਰਾਂ, ਟਰੈਕਟਰ-ਟਰਾਲੀ ਚਾਲਕਾਂ ਅਤੇ ਲੇਬਰਾਂ ਵੱਲੋਂ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਲਿਆਉਂਦਿਆਂ ਉਨ੍ਹਾਂ ਨੂੰ ਮੰਗ ਪੱਤਰ ਦਿੱਤਾ ਗਿਆ ਸੀ। ਜੋ ਉਨ੍ਹਾਂ ਨੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨਾਲ ਸੰਪਰਕ ਕਰ ਕੇ ਪੰਜਾਬ ਦੇ ਲੱਖਾਂ ਪਰਿਵਾਰਾਂ ਦੀ ਸਮੱਸਿਆ ਉਨ੍ਹਾਂ ਦੇ ਧਿਆਨ ਵਿੱਚ ਲਿਆਂਦੀ ਸੀ। ਜਿਸ 'ਤੇ ਉਨ੍ਹਾਂ ਤੁਰੰਤ ਅਮਲ ਕਰਦਿਆਂ ਮਿੱਟੀ ਦੇ ਕਾਰੋਬਾਰੀਆਂ ਨੂੰ ਇਹ ਛੋਟ ਦਿੱਤੀ।
ਵਿਧਾਇਕ ਡਾ. ਚਰਨਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਹੁਣ ਜ਼ਮੀਨ ਵਿੱਚੋਂ ਮਿੱਟੀ ਚੁੱਕ ਕੇ ਭਰਤ ਪਾਉਣ ਵਾਲੇ ਕਾਰੋਬਾਰੀਆਂ ਨੂੰ ਵੱਡੀ ਰਾਹਤ ਮਿਲੀ ਹੈ। ਜਦ ਕਿ ਮਿੱਟੀ ਦੀ ਕਮਰਸ਼ੀਅਲ ਵਰਤੋਂ ਜਿਵੇਂ ਕਿ ਕੋਈ ਵੱਡੇ ਮੌਲ ਜਾਂ ਹਾਈਵੇਅ ਆਦਿ ਦੇ ਵਿਕਾਸ ਲਈ ਮਿੱਟੀ ਦੀ ਵਰਤੋਂ ਕਰਨ ਲਈ ਫ਼ੀਸ ਦੇਣਾ ਲਾਜ਼ਮੀ ਹੋਵੇਗਾ। ਇਸ ਲਈ ਡਾ. ਚਰਨਜੀਤ ਸਿੰਘ ਨੇ ਮੁੱਖ ਮੰਤਰੀ ਪੰਜਾਬ ਅਤੇ ਮਾਈਨਿੰਗ ਮੰਤਰੀ ਹਰਜੋਤ ਬੈਂਸ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ’ਤੇ ਮਿੱਟੀ ਦਾ ਕਾਰੋਬਾਰ ਕਰਨ ਵਾਲਿਆਂ ਵੱਲੋਂ ਜਿਥੇ ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਦਾ ਧੰਨਵਾਦ ਕੀਤਾ ਗਿਆ ਉਥੇ ਉਨ੍ਹਾਂ ਪੰਜਾਬ ਸਰਕਾਰ ਦਾ ਵੀ ਧੰਨਵਾਦ ਕੀਤਾ।