
ਸਰਪੰਚ ਯੂਨੀਅਨ ਨੇ ਸਿਆਸੀ ਬਦਲਾਖ਼ੋਰੀ ਦੇ ਲਾਏ ਦੋਸ਼
ਸ੍ਰੀ ਫ਼ਤਿਹਗੜ੍ਹ ਸਾਹਿਬ: ਅਮਲੋਹ ਦੇ ਪਿੰਡ ਬਡਗੁਜਰਾਂ ਤੋਂ ਇਕ ਦਿਲ ਦਹਿਲਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ। ਜਿੱਥੋਂ ਦੇ ਸਰਪੰਚ ਬਲਕਾਰ ਸਿੰਘ ਨੇ ਖੰਨਾ ਵਿਖੇ ਰੇਲਗੱਡੀ ਹੇਠ ਆ ਕੇ ਆਤਮ ਹੱਤਿਆ ਕਰ ਲਈ ਹੈ। ਪਰਿਵਾਰ ਨੂੰ ਇੱਕ ਸੁਸਾਇਡ ਨੋਟ ਵੀ ਮਿਲਿਆ। ਜਿਸ ਵਿੱਚ ਪਿੰਡ ਦੇ ਕੁੱਝ ਵਿਅਕਤੀਆਂ ਦੇ ਨਾਮ ਲਿਖੇ ਹੋਏ ਹਨ। ਸਰਪੰਚ ਦੇ ਪਰਿਵਾਰ ਵਾਲਿਆਂ ਅਤੇ ਸਰਪੰਚ ਯੂਨੀਅਨ ਨੇ ਸਿਆਸੀ ਬਦਲਾਖ਼ੋਰੀ ਦੇ ਦੋਸ਼ ਲਾਏ। ਰੇਲਵੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ।
ਸਰਪੰਚ ਬਲਕਾਰ ਸਿੰਘ ਦੇ ਪੁੱਤਰ ਨੇ ਦੱਸਿਆ ਕਿ ਉਸ ਦੇ ਪਿਤਾ 25 ਸਤੰਬਰ ਤੋਂ ਲਾਪਤਾ ਸਨ। ਅੱਜ ਉਨ੍ਹਾਂ ਨੂੰ ਰੇਲਵੇ ਸਟੇਸ਼ਨ ਖੰਨਾ ਤੋਂ ਪਤਾ ਲੱਗਿਆ ਕਿ ਰੇਲਵੇ ਪੁਲਿਸ ਨੂੰ 2 ਦਿਨ ਪਹਿਲਾਂ ਅਣਪਛਾਤੀ ਲਾਸ਼ ਮਿਲੀ ਸੀ। ਜੋ ਕਿ ਉਸ ਦੇ ਪਿਤਾ ਦੀ ਨਿਕਲੀ। ਮ੍ਰਿਤਕ ਦੇ ਘਰੋਂ ਸੁਸਾਇਡ ਨੋਟ ਵੀ ਬਰਾਮਦ ਹੋਇਆ ਹੈ। ਸਰਪੰਚ ਯੂਨੀਅਨ ਪ੍ਰਧਾਨ ਨੇ ਦੱਸਿਆ ਕਿ ਬਲਕਾਰ ਸਿੰਘ ਉਸ ਨੂੰ ਫੋਨ ਕਰ ਕੇ ਦੱਸਦਾ ਸੀ ਕਿ ਉਹ ਪਿੰਡ ਦੇ ਕੁਝ ਵਿਅਕਤੀਆਂ ਤੋਂ ਤੰਗ ਹੈ। ਬਲਕਾਰ ਸਿੰਘ ਨਾਲ ਫ਼ੋਨ ਉੱਪਰ ਹੋਈ ਆਖ਼ਰੀ ਗੱਲਬਾਤ ਦੀ ਉਸ ਕੋਲ ਰਿਕਾਰਡਿੰਗ ਵੀ ਹੈ ਜੋ ਕਿ ਪੁਲਿਸ ਨੂੰ ਦਿੱਤੀ ਗਈ ਹੈ। ਯੂਨੀਅਨ ਦੇ ਇੱਕ ਹੋਰ ਆਗੂ ਨੇ ਇਸ ਘਟਨਾ ਨੂੰ ਸਿਆਸੀ ਬਦਲਾਖੋਰੀ ਦੱਸਿਆ।
ਉਥੇ ਹੀ ਖੰਨਾ ਜੀ.ਆਰ.ਪੀ. ਇੰਚਾਰਜ ਕੁਲਦੀਪ ਸਿੰਘ ਨੇ ਦਸਿਆ ਕਿ ਲਾਸ਼ ਦੋ ਦਿਨ ਪਹਿਲਾਂ ਮਿਲੀ ਸੀ, ਜਿਸ ਦੀ ਪਛਾਣ ਅੱਜ ਹੋਈ ਹੈ। ਮ੍ਰਿਤਕ ਕੋਲੋਂ ਕੋਈ ਕਾਗਜ਼ਾਤ ਨਹੀਂ ਮਿਲਿਆ ਜਿਸ ਕਰ ਕੇ 174 ਦੀ ਕਾਰਵਾਈ ਕੀਤੀ ਗਈ ਹੈ। ਪਰਿਵਾਰ ਵਾਲਿਆਂ ਦੇ ਬਿਆਨ ਲੈ ਕੇ ਅਗਲੀ ਜਾਂਚ ਕੀਤੀ ਜਾ ਰਹੀ ਹੈ।