
ਕਿਹਾ -ਅਫਵਾਹਾਂ 'ਤੇ ਯਕੀਨ ਨਾ ਕਰੋ ,ਮੈਂ ਪਾਰਟੀ ਦਾ ਧੰਨਵਾਦੀ ਹਾਂ ,ਜਿੰਨ੍ਹਾਂ ਨੇ ਮੈਨੂੰ ਅਹਿਮ ਜ਼ਿੰਮੇਵਾਰੀ ਦਿੱਤੀ
Punjab News : ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਕਾਰਜ਼ਕਾਰੀ ਮੁੱਖ ਮੰਤਰੀ ਬਣਾਉਣ ਦੀਆਂ ਖ਼ਬਰਾਂ ਵਿਚਾਲੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਅਫਵਾਹਾਂ 'ਤੇ ਯਕੀਨ ਨਾ ਕਰੋ। ਮੈਂ ਪਾਰਟੀ ਦਾ ਧੰਨਵਾਦੀ ਹਾਂ, ਜਿੰਨ੍ਹਾਂ ਨੇ ਮੈਨੂੰ ਅਹਿਮ ਜ਼ਿੰਮੇਵਾਰੀ ਦਿੱਤੀ ਹੈ।
ਸਪੀਕਰ ਸੰਧਵਾਂ ਨੇ ਕਿਹਾ ਕਿ ਮੈਨੂੰ ਮੇਰੀ ਪਾਰਟੀ ਨੇ ਅਹਿਮ ਅਹੁਦਾ ਦਿੱਤਾ ਹੈ। ਉਨ੍ਹਾਂ ਕਿਹਾ ਪਾਰਟੀ ਨੇ ਜੋ ਡਿਊਟੀ ਲਗਾਈ ਹੈ ,ਮੈਂ ਖੁਸ਼ ਹਾਂ। ਸਪੀਕਰ ਦਾ ਅਹੁਦਾ ਅਹਿਮ ਹੁੰਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮੇਰੀ ਜਿਹੜੀ ਵੀ ਡਿਊਟੀ ਲਗਾਈ ਹੈ ,ਗੁਰੂ ਮਹਾਰਾਜ ਮੇਰੇ ਤੋਂ ਪੂਰੀ ਤਨਦੇਹੀ ,ਇਮਾਨਦਾਰੀ ਨਾਲ ਡਿਊਟੀ ਲੈਂਦੇ ਰਹਿਣ।
ਓਧਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਿਛਲੇ 3 ਦਿਨਾਂ ਤੋਂ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਹਨ। ਫੋਰਟਿਸ ਹਸਪਤਾਲ ਮੋਹਾਲੀ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਨੂੰ ਲੈ ਕੇ ਬੁਲੇਟਿਨ ਜਾਰੀ ਕੀਤਾ ਗਿਆ ਹੈ। ਬੁਲੇਟਿਨ ਅਨੁਸਾਰ ਸੀਐਮ ਮਾਨ ਦੀ ਸਿਹਤ ਵਿਚ ਲਗਾਤਾਰ ਸੁਧਾਰ ਹੋ ਰਿਹਾ ਹੈ।
ਫੋਰਟਿਸ ਹਸਪਤਾਲ ਮੋਹਾਲੀ ਦੇ ਕਾਰਡੀਓਲੋਜੀ ਵਿਭਾਗ ਦੇ ਡਾਇਰੈਕਟਰ ਅਤੇ ਮੁਖੀ ਡਾ: ਆਰ ਕੇ ਜਸਵਾਲ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਜਾਂਚ ਕੀਤੀ। ਮੁੱਖ ਮੰਤਰੀ ਨੇ ਆਪਣੇ ਕਲੀਨਿਕਲ ਮਾਪਦੰਡਾਂ ਵਿੱਚ ਮਹੱਤਵਪੂਰਨ ਸੁਧਾਰ ਦੇ ਸੰਕੇਤ ਦਿਖਾਏ ਹਨ। ਉਨ੍ਹਾਂ ਨੇ ਪਲਮਨਰੀ ਆਰਟਰੀ ਪ੍ਰੈਸ਼ਰ ਵਿੱਚ ਵਾਧੇ ਦੇ ਇਲਾਜ ਲਈ ਵੀ ਚੰਗੀ ਪ੍ਰਤੀਕਿਰਿਆ ਦਿੱਤੀ ਹੈ। ਇਸ ਸਮੇਂ ਮੁੱਖ ਮੰਤਰੀ ਪੂਰੀ ਤਰ੍ਹਾਂ ਸਥਿਰ ਹਨ।