
ਜਾਂਚ ਮਗਰੋਂ ਮੁਲਜ਼ਮ ਅਧਿਕਾਰੀਆਂ ਵਿਰੁਧ ਕੀਤੀ ਜਾਵੇਗੀ ਸਖ਼ਤ ਕਾਰਵਾਈ : ਜੇਲ ਮੰਤਰੀ ਭੁੱਲਰ
Goindwal Sahib Jail Administrators Handed Over Wrong Body, Family Also Cremated It Latest News in Punjabi ਤਰਨਤਾਰਨ : ਕੇਂਦਰੀ ਜੇਲ ਗੋਇੰਦਵਾਲ ਸਾਹਿਬ ਮੈਨੇਜਮੈਂਟ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਮੈਨੇਜਮੈਂਟ ਨੇ ਜੇਲ ਵਿਚ ਚੋਰੀ ਦੇ ਇਲਜ਼ਾਮ ਵਿਚ ਬੰਦ ਇਕ ਹਵਾਲਾਤੀ ਦੀ ਮੌਤ ਤੋਂ ਬਾਅਦ ਲਾਸ਼ ਕਿਸੇ ਦੂਜੇ ਹਵਾਲਾਤੀ ਦੇ ਪਰਵਾਰ ਨੂੰ ਸੌਂਪ ਦਿਤੀ। ਪਰਿਵਾਰ ਨੇ ਵੀ ਪੋਸਟਮਾਰਟਮ ਕਾਰਨ ਲਾਸ਼ ਦਾ ਬਿਨਾਂ ਚਿਹਰਾ ਦੇਖੇ ਸਸਕਾਰ ਕਰ ਦਿਤਾ। ਪਰ ਜਦੋਂ ਉਸੇ ਮਾਮਲੇ 'ਚ ਕੇਂਦਰੀ ਜੇਲ 'ਚ ਬੰਦ ਇਕ ਹੋਰ ਰਿਸ਼ਤੇਦਾਰ ਨੂੰ ਮਿਲਣ ਗਏ ਤਾਂ ਪਤਾ ਲੱਗਾ ਕਿ ਜਿਸ ਨੂੰ ਉਹ ਮਰਿਆ ਹੋਇਆ ਸਮਝ ਰਹੇ ਸਨ, ਉਹ ਤਾਂ ਜ਼ਿੰਦਾ ਹੈ। ਗ਼ਲਤੀ ਦਾ ਅਹਿਸਾਸ ਹੋਣ ਤੋਂ ਬਾਅਦ ਜੇਲ ਪ੍ਰਸ਼ਾਸਨ ਦੇ ਵੀ ਹੱਥ ਪੈਰ ਫੁੱਲ ਗਏ ਹਨ ਤੇ ਮੈਨੇਜਮੈਂਟ ਇਸ ਮਾਮਲੇ ਨੂੰ ਦੱਬਣ ਦੀ ਕੋਸ਼ਿਸ਼ ਕਰ ਰਹੀ ਹੈ।
ਮਾਮਲਾ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਅਮਰਕੋਟ ਦਾ ਹੈ। ਰੇਤ-ਬਜਰੀ ਦੀ ਦੁਕਾਨ 'ਤੇ ਕੰਮ ਕਰਦੇ ਗੁਰਤੇਜ ਸਿੰਘ ਨੇ ਦਸਿਆ ਕਿ ਉਸ ਦਾ ਵੱਡਾ ਭਰਾ ਗੁਰਪ੍ਰੀਤ ਸਿੰਘ, ਜਿਹੜਾ ਕੁਆਰਾ ਹੈ, ਨੂੰ ਥਾਣਾ ਵਲਟੋਹਾ ਦੀ ਪੁਲਿਸ ਨੇ 25 ਮਈ ਨੂੰ ਚੋਰੀ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਸੀ। ਇਸੇ ਕੇਸ 'ਚ ਉਸ ਦੇ ਚਾਚੇ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ। ਦੋਵੇਂ ਕੇਂਦਰੀ ਜੇਲ ਗੋਇੰਦਵਾਲ ਸਾਹਿਬ 'ਚ ਬੰਦ ਸਨ। 24 ਸਤੰਬਰ ਨੂੰ ਸਵੇਰੇ ਕਰੀਬ ਸਵਾ 11 ਵਜੇ ਏ.ਐਸ.ਆਈ. ਚਰਨਜੀਤ ਸਿੰਘ ਤੇ ਪਰਗਟ ਸਿੰਘ ਨੇ ਉਨ੍ਹਾਂ ਨੂੰ ਸੂਚਿਤ ਕੀਤਾ ਕਿ ਉਸ ਦੇ ਭਰਾ ਦੀ ਜੇਲ 'ਚ ਬੀਮਾਰੀ ਨਾਲ ਮੌਤ ਹੋ ਗਈ ਹੈ। 25 ਸਤੰਬਰ ਨੂੰ ਪੋਸਟਮਾਰਟਮ ਤੋਂ ਬਾਅਦ ਉਨ੍ਹਾਂ ਨੂੰ ਲਾਸ਼ ਸੌਂਪ ਦਿਤੀ ਗਈ। ਉਸੇ ਦਿਨ ਉਨ੍ਹਾਂ ਨੇ ਲਾਸ਼ ਦੀ ਹਾਲਤ ਠੀਕ ਨਾ ਹੋਣ ਦੇ ਕਾਰਨ ਬਿਨਾਂ ਚਿਹਰਾ ਦੇਖੇ ਉਸ ਦਾ ਪਿੰਡ ਦੇ ਹੀ ਸ਼ਮਸ਼ਾਨਘਾਟ 'ਚ ਸਸਕਾਰ ਕਰ ਦਿਤਾ। ਗੁਰਤੇਜ ਦੇ ਮੁਤਾਬਕ, ਅਗਲੇ ਦਿਨ ਗੋਇੰਦਵਾਲ ਸਾਹਿਬ 'ਚ ਹੀ ਉਸ ਦੀਆਂ ਅਸਥੀਆਂ ਜਲ ਪ੍ਰਵਾਹ ਕਰ ਦਿਤੀਆਂ। ਅਸਥੀਆਂ ਜਲ ਪ੍ਰਵਾਹ ਕਰਨ ਤੋਂ ਬਾਅਦ ਉਹ ਜੇਲ 'ਚ ਬੰਦ ਅਪਣੇ ਚਾਚੇ ਨੂੰ ਮਿਲਣ ਪਹੁੰਚਿਆ। ਉਸ ਨੇ ਚਾਚੇ ਨੂੰ ਜਦੋਂ ਦਸਿਆ ਕਿ ਉਹ ਅੱਜ ਗੁਰਪ੍ਰੀਤ ਦੀਆਂ ਅਸਥੀਆਂ ਜਲ ਪ੍ਰਵਾਹ ਕਰ ਆਏ ਹਨ ਤਾਂ ਇਹ ਸੁਣ ਕੇ ਚਾਚਾ ਹੈਰਾਨ ਹੋ ਗਿਆ। ਚਾਚੇ ਨੇ ਕਿਹਾ ਕਿ ਗੁਰਪ੍ਰੀਤ ਤਾਂ ਜ਼ਿੰਦਾ ਹੈ ਤੇ ਉਹ ਉਸੇ ਦੀ ਬੈਰਕ 'ਚ ਹੈ।
ਜਾਂਚ ਮਗਰੋਂ ਕਾਰਵਾਈ ਹੋਵੇਗੀ : ਜੇਲ ਮੰਤਰੀ ਭੁੱਲਰ
ਜੇਲ ਮੰਤਰੀ ਲਾਲਜੀਤ ਸਿੰਘ ਭੁੱਲਰ ਤੋਂ ਉਕਤ ਮਾਮਲੇ ਬਾਰੇ ਪੁੱਛਿਆ ਗਿਆ ਤਾ ਉਨ੍ਹਾਂ ਕਿਹਾ ਕਿ ਮਾਮਲਾ ਮੇਰੇ ਧਿਆਨ 'ਚ ਆ ਚੁੱਕਾ ਹੈ। ਆਖ਼ਰ ਲਾਪਰਵਾਹੀ ਕਿੱਥੇ ਹੋਈ, ਇਸ ਬਾਰੇ ਅਧਿਕਾਰੀਆਂ ਤੋਂ ਜਵਾਬ ਮੰਗਿਆ ਗਿਆ ਹੈ। ਉਨ੍ਹਾ ਕਿਹਾ ਕਿ ਗੁਰਪ੍ਰੀਤ ਸਿੰਘ ਦੇ ਪਰਵਾਰ ਨੂੰ ਜਿਹੜੀ ਲਾਸ਼ ਸੌਂਪੀ ਗਈ, ਉਹ ਕਿਸ ਦੀ ਸੀ, ਇਹ ਜਾਂਚ ਦਾ ਵਿਸ਼ਾ ਹੈ। ਲਾਪਰਵਾਹੀ ਕਰਨ ਵਾਲੇ ਅਧਿਕਾਰੀਆਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
(For more news apart from Goindwal Sahib Jail Administrators Handed Over Wrong Body, Family Also Cremated It Latest News in Punjabi stay tuned to Rozana Spokesman.)