
ਪੰਜ ਲੱਖ ਕੀਮਤ ਦੀ ਹੈਰੋਇਨ ਸਮੇਤ ਦੋ ਤਸਕਰ ਕਾਬੂ
ਮਲੋਟ, ਪੰਨੀਵਾਲਾ ਫੱਤਾ, 27 ਅਕਤੂਬਰ (ਕ੍ਰਿਸ਼ਨ ਮਿੱਡਾ/ਸਤਪਾਲ ਸਿੰਘ): ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸੀਨੀਅਰ ਪੁਲਿਸ ਕਪਤਾਨ ਡੀ. ਸੂਡਰਵਿਲੀ ਦੇ ਦਿਸ਼ਾ-ਨਿਰਦੇਸ਼ਾਂ ਅਤੇ ਐਸ.ਪੀ. (ਪੀ ਬੀ ਆਈ) ਕੁਲਵੰਤ ਰਾਏ ਅਤੇ ਡੀ.ਐਸ.ਪੀ. ਮਲੋਟ ਭੁਪਿੰਦਰ ਸਿੰਘ ਰੰਧਾਵਾ ਦੀਆਂ ਹਦਾਇਤਾਂ ਤੇ ਗ਼ੈਰ-ਸਮਾਜੀ ਅਨਸਰਾਂ ਅਤੇ ਨਸ਼ਾ ਤਸਕਰਾਂ ਵਿਰੁਧ ਚਲਾਈ ਮੁਹਿੰਮ ਤਹਿਤ ਐਂਟੀ ਨਾਰਕੋਟਿਕਸ ਸੈੱਲ ਦੀ ਟੀਮ ਨੂੰ ਉਸ ਵੇਲੇ ਸਫ਼ਲਤਾ ਮਿਲੀ ਜਦੋਂ ਦੋ ਕਾਰ ਸਵਾਰ ਤਸਕਰਾਂ ਤੋਂ ਭਾਰੀ ਮਾਤਰਾ ਵਿਚ ਹੈਰੋਇਨ ਬਰਾਮਦ ਕੀਤੀ ਜਿਸ ਦੀ ਅੰਤਰਰਾਸ਼ਟਰੀ ਮਾਰਕਿਟ ਵਿਚ ਕੀਮਤ 5 ਲੱਖ ਤੋਂ ਵੱਧ ਬਣਦੀ ਹੈ।
ਜਾਣਕਾਰੀ ਮੁਤਾਬਕ ਐਂਟੀਨਾਰਕੋਟਿਸ ਸੈੱਲ ਦੇ ਇੰਚਾਰਜ ਇੰਸਪੈਕਟਰ ਭੁਪਿੰਦਰ ਸਿੰਘ ਦੀ ਅਗਵਾਈ ਹੇਠ ਏ.ਐਸ.ਆਈ. ਹਰਭਜਨ ਸਿੰਘ ਸਮੇਤ ਐਚ.ਸੀ. ਜਸਕਰਨਜੀਤ ਸਿੰਘ, ਐਚ.ਸੀ. ਪਰਮਜੀਤ ਸਿੰਘ ਸਮੇਤ ਟੀਮ ਨੇ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਝੌਰੜ ਦੇ ਸਾਹਮਣੇ ਔਲਖ ਵਾਲੇ ਪਾਸੇ ਤੋਂ ਇਕ ਕਾਰ ਸਵਿਫ਼ਟ ਜਿਸ ਵਿਚ ਦੋ ਮੋਨੇ ਨੌਜਵਾਨ ਸਨ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਉਨ੍ਹਾਂ ਕਾਰ ਰੋਕ ਕਿ ਵਾਪਸ ਮੋੜਨ ਦੀ ਕੋਸ਼ਿਸ਼ ਕੀਤੀ ਪਰ ਟੀਮ ਨੇ ਉਨ੍ਹਾਂ ਨੂੰ ਕਾਬੂ ਕੀਤਾ। ਇਸ ਸਬੰਧੀ ਜਾਣਕਾਰੀ ਮਿਲਣ ਤੇ ਇੰਸਪੈਕਟਰ ਭੁਪਿੰਦਰ ਸਿੰਘ ਮੌਕੇ ਉਤੇ ਪੁੱਜੇ।
ਉਕਤ ਨੌਜਵਾਨ ਜਿਨ੍ਹਾਂ ਦੀ ਸ਼ਨਾਖ਼ਤ ਹਰਿੰਦਰ ਸਿੰਘ ਅਤੇ ਕਰਨਵੀਰ ਸਿੰਘ ਵਜੋਂ ਹੋਈ। ਪੁਲਿਸ ਅਧਿਕਾਰੀ ਨੇ ਤਲਾਸ਼ੀ ਲਈ ਤਾਂ ਇਨ੍ਹਾਂ ਕੋਲੋਂ 130 ਗ੍ਰਾਮ ਹੈਰੋਇਨ ਬਰਾਮਦ ਹੋਈ। ਟੀਮ ਨੇ ਇਨ੍ਹਾਂ ਨੂੰ ਹਿਰਾਸਤ ਵਿਚ ਲੈਕੇ ਥਾਣਾ ਸਦਰ ਮਲੋਟ ਵਿਖੇ ਮੁਕਦਮਾ ਦਰਜ ਕਰ ਦਿਤਾ ਹੈ।
ਕੈਪਸ਼ਨ : ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਕਥਿਤ ਨਸ਼ਾ ਤਸਕਰ।
ਫੋਟੋ ਫਾਇਲ : ਐਮਕੇਐਸ 27 – 15