
ਹਰਿਆਣਾ ਦੇ ਮੁੱਖ ਮੰਤਰੀ ਵਿਰੁਧ ਐਫ਼ਆਈਆਰ ਦਰਜ ਕਰਾਉਣ ਲਈ ਅਦਾਲਤ ’ਚ ਪਟੀਸ਼ਨ ਦਾਖ਼ਲ
ਨਵੀਂ ਦਿੱਲੀ, 27 ਅਕਤੂਬਰ : ਦਿੱਲੀ ਦੀ ਇਕ ਅਦਾਲਤ ’ਚ ਬੁਧਵਾਰ ਨੂੰ ਇਕ ਪਟੀਸ਼ਨ ਦਾਖ਼ਲ ਕਰ ਕੇ ਇਸ ਮਹੀਨੇ ਦੀ ਸ਼ੁਰੂਆਤ ’ਚ ਭਾਜਪਾ ਮੈਂਬਰਾਂ ਨੂੰ ਪ੍ਰਦਰਸ਼ਨਕਾਰੀ ਕਿਸਾਨਾਂ ਵਿਰੁਧ ਅਪਰਾਧਕ ਤਾਕਤ ਦੀ ਵਰਤੋਂ ਕਰਨ ਲਈ ਭੜਕਾਉਣ ਦੇ ਦੋਸ਼ ’ਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵਿਰੁਧ ਐਫ਼ਆਈਆਰ ਦਰਜ ਕਰਨ ਦਾ ਨਿਰਦੇਸ਼ ਦੇਣ ਦੀ ਅਪੀਲ ਕੀਤੀ ਗਈ ਹੈ। ਵਕੀਲ ਅਮਿਤ ਸਾਹਨੀ ਨੇ ਇਸ ਪਟੀਸ਼ਨ ’ਚ ਦੋਸ਼ ਲਾਇਆ ਹੈ ਕਿ 3 ਅਕਤੂਬਰ ਨੂੰ ਚੰਡੀਗੜ੍ਹ ’ਚ ਅਪਣੀ ਰਿਹਾਇਸ਼ ’ਤੇ ਪਾਰਟੀ ਦੇ ਪਾਰਟੀ ਦੇ ਕਿਸਾਨ ਮੋਰਚਾ ਦੇ ਵਰਕਰਾਂ ਨਾਲ ਬੈਠਕ ਦੌਰਾਨ ਮੁੱਖ ਮੰਤਰੀ ਅਤੇ ਭਾਜਪਾ ਮੈਂਬਰ ਦਾ ਇਕ ਵਿਵਾਦਤ ਵੀਡੀਉ ਰਿਕਾਰਡ ਕੀਤਾ ਗਿਆ ਸੀ। ਪਟੀਸ਼ਨ ’ਚ ਦਾਅਵਾ ਕੀਤਾ ਗਿਆ ਹੈ ਕਿ ਵੀਡੀਉ ’ਚ, ਮੁੱਖ ਮੰਤਰੀ ਨੂੰ ਪਾਰਟੀ ਵਰਕਰਾਂ ਨੂੰ ਵਿਰੋਧ ਕਰਨ ਵਾਲੇ ਕਿਸਾਨਾਂ ਵਿਰੁਧ ਅਪਰਾਧਕ ਤਾਕਤ ਦੀ ਵਰਤੋਂ ਕਰਨ ਲਈ ਭੜਕਾਉਂਦੇ ਹੋਏ, ‘‘ਉਤਰ ਅਤੇ ਪਛਮੀ ਹਰਿਆਣਾ ਦੇ ਹਰ ਜ਼ਿਲ੍ਹੇ ’ਚ 500-600 ਤੋਂ 1000 ਵਲੰਟੀਅਰ ਬਣਾਉਣ ਅਤੇ ਸੋਟੇ-ਡੰਡੇ ਖਾਣ ਅਤੇ ਜੇਲ ਜਾਣ ਲਈ ਤਿਆਰ ਰਹਿਣ ਨੂੰ ਕਹਿੰਦੇ ਹੋਏ ਦੇਖਿਆ ਗਿਆ ਸੀ।’’ ਪਟੀਸ਼ਨ ਵੀਰਵਾਰ ਨੂੰ ਵਧੀਕ ਮੁੱਖ ਮੈਟਰੋਪਾਲੀਟਨ ਮੈਜਿਸਟ੍ਰੇਟ ਸਾਹਮਣੇ ਪੇਸ਼ ਕੀਤੀ ਜਾ ਸਕਦੀ ਹੈ। ਇਸ ਵਿਚ ਖੱਟਰ ਵਿਰੁਧ ਧਾਰਾ 153,153ਏ, ਅਤੇ 505 ਦੇ ਤਹਿਤ ਐਫ਼ਆਈਆਰ ਦਰਜ ਕਰਨ ਦੀ ਅਪੀਲ ਕੀਤੀ ਗਈ ਹੈ। ਪਟੀਸ਼ਨ ’ਚ ਅਦਾਲਤ ਤੋਂ ਖੱਟਰ ਨੂੰ ਸੰਮਨ ਜਾਰੀ ਕਰਨ ਅਤੇ ਕਾਨੂੰਨ ਮੁਤਾਬਕ ਉਨ੍ਹਾਂ ਨੂੰ ਸਜ਼ਾ ਦੇਣ ਦੀ ਅਪੀਲ ਕੀਤੀ ਗਈ ਹੈ। (ਏਜੰਸੀ)