
ਕਿਹਾ, ਸਰਕਾਰ ਤੇ ਕਿਸਾਨ ਦੋਵੇਂ ਮੰਨਦੇ ਹਨ ਕਿ ਹੱਲ ਤਾਂ ਗੱਲਬਾਤ ਰਾਹੀਂ ਹੀ ਹੋਵੇਗਾ
ਚੰਡੀਗੜ੍ਹ (ਗੁਰਉਪਦੇਸ਼ ਭੁੱਲਰ) : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਦਾ ਅਹੁਦਾ ਛੱਡਣ ਬਾਅਦ ਕੱਲ੍ਹ ਪਹਿਲੀ ਵਾਰ ਚੰਡੀਗੜ੍ਹ ਵਿਚ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕੀਤਾ ਜਿਥੇ ਉਹਨਾਂ ਨੇ ਅਪਣੀ ਸਰਕਾਰ ਸਮੇਂ ਹੋਏ ਕੰਮਾਂ ਦਾ ਵੇਰਵਾ ਵੀ ਪੇਸ਼ ਕੀਤਾ, ਉਥੇ ਅਪਣੇ ਭਵਿੱਖ ਦੇ ਪ੍ਰੋਗਰਾਮ ਬਾਰੇ ਅਹਿਮ ਐਲਾਨ ਵੀ ਕੀਤੇ। ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਉਹ 28 ਅਕਤੂਬਰ ਨੂੰ ਦਿੱਲੀ ਜਾ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲ ਕੇ ਖੇਤੀ ਕਾਨੂੰਨਾਂ ਦੇ ਮਸਲੇ ਦੇ ਹੱਲ ਲਈ ਗੱਲਬਾਤ ਕਰਨਗੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪਹਿਲਾਂ ਵੀ ਉਹ ਤਿੰਨ ਮੁਲਾਕਾਤਾਂ ਦੌਰਾਨ ਸ਼ਾਹ ਨਾਲ ਇਸ ਮਾਮਲੇ ਬਾਰੇ ਗੱਲ ਕਰ ਚੁਕੇ ਹਨ।
Captain Amarinder, Amit Shah
ਕੈਪਟਨ ਨੇ ਕਿਹਾ ਸੀ ਕਿ ਕਿਸਾਨ ਤੇ ਸਰਕਾਰ ਦੋਵੇਂ ਹੀ ਮਸਲੇ ਦਾ ਹੱਲ ਚਾਹੁੰਦੇ ਹਨ ਅਤੇ ਇਸ ਦਾ ਹੱਲ ਗੱਲਬਾਤ ਰਾਹੀਂ ਹੀ ਹੋਣਾ ਹੈ। ਅੱਜ ਕੈਪਟਨ ਅਮਰਿੰਦਰ ਗ਼ੈਰ ਸਿਆਸੀ ਪ੍ਰਤੀਨਿਧਾਂ ਦੇ 25 ਮੈਂਬਰੀ ਵਫ਼ਦ ਨੂੰ ਨਾਲ ਲੈ ਕੇ ਸ਼ਾਹ ਨਾਲ ਮੁਲਾਕਾਤ ਕਰਨਗੇ। ਵਫ਼ਦ ਵਿਚ ਖੇਤੀ ਮਾਹਰ ਤੇ ਖੇਤੀ ਨਾਲ ਜੁੜੇ ਪ੍ਰਮੁੱਖ ਪ੍ਰਤੀਨਿਧੀ ਸ਼ਾਮਲ ਹੋਣਗੇ। ਦੱਸ ਦਈਏ ਕਿ ਉਨ੍ਹਾਂ ਨੇ ਕੱਲ੍ਹ ਕੇਂਦਰ ਸਰਕਾਰ ਵਲੋਂ ਪੰਜਾਬ ਵਿਚ ਬੀ.ਐਸ.ਐਫ਼ ਦਾ ਘੇਰਾ ਵਧਾਉਣ ਦਾ ਮੁੜ ਸਮਰਥਨ ਕਰਦਿਆਂ ਕਿਹਾ ਸੀ ਕਿ ਇਸ ਦਾ ਵਿਰੋਧ ਸਹੀ ਨਹੀਂ।
BSF
ਉਨ੍ਹਾਂ ਕਿਹਾ ਕਿ ਸਾਨੂੰ ਸਰਹੱਦੀ ਖੇਤਰ ਵਿਚ ਗੁਆਂਢੀ ਮੁਲਕ ਤੋਂ ਸੁਰੱਖਿਆ ਦੇ ਖ਼ਤਰੇ ਨੂੰ ਅਣਦੇਖਿਆ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਤੋਂ ਡਰੋਨ ਆਉਣ ਦਾ ਮਾਮਲਾ ਬਹੁਤ ਖ਼ਤਰਨਾਕ ਹੈ। ਇਹ ਡਰੋਨ ਦੀ ਮਾਰ ਪਹਿਲਾਂ ਸਰਹੱਦ ਨਾਲ 3 ਕਿਲੋਮੀਟਰ ਤੱਕ ਸੀ ਪਰ ਹੁਣ ਤਕਨੀਕਾਂ ਵਿਕਸਤ ਹੋ ਰਹੀਆਂ ਹਨ ਤੇ ਇਹ ਮਾਰ 31 ਕਿਲੋਮੀਟਰ ਤੱਕ ਪਹੁੰਚ ਚੁੱਕੀ ਹੈ। ਇਸ ਕਰ ਕੇ ਬੀ.ਐਸ.ਐਫ਼ ਦਾ ਅਧਿਕਾਰ ਖੇਤਰ 50 ਕਿਲੋਮੀਟਰ ਕਰਨਾ ਸਾਡੀ ਸੁਰੱਖਿਆ ਦੀ ਮਜ਼ਬੂਤੀ ਲਈ ਹੀ ਹੈ ਅਤੇ ਸਰਹੱਦੀ ਸੁਰੱਖਿਆ ਲਈ ਪੰਜਾਬ ਪੁਲਿਸ ਨੂੰ ਬੀਐਸਐਫ਼ ਵਰਗੇ ਕੇਂਦਰੀ ਬਲਾ ਦੀ ਸਹਾਇਤਾ ਮਿਲਣਾ ਜ਼ਰੂਰੀ ਹੈ।