
ਆਖ਼ਰਕਾਰ ਇਕ ਮਹੀਨੇ ਪਿਛੋਂ ਇਕ ਮੈਂਬਰ ਦਿੱਲੀ ਕਮੇਟੀ ਵਿਚ ਹੋਇਆ ਨਾਮਜ਼ਦ
ਨਵੀਂ ਦਿੱਲੀ, 27 ਅਕਤੂਬਰ (ਅਮਨਦੀਪ ਸਿੰਘ): ਆਖ਼ਰਕਾਰ ਇਕ ਮਹੀਨੇ ਪਿਛੋਂ ਡਾਇਰੈਕਟਰ ਗੁਰਦਵਾਰਾ ਚੋਣਾਂ ਨੇ ਦਿੱਲੀ ਦੀਆਂ ਸਿੰਘ ਸਭਾਵਾਂ ਵਿਚੋਂ ਕੱਢੀਆਂ ਗਈਆਂ ਪੰਜ ਲਾਟਰੀਆਂ ਵਿਚੋਂ ਇਕ ਮੈਂਬਰ ਦੇ ਜਿਊਂਦੇ ਹੋਣ ਦੀ ਤਸਦੀਕ ਕਰਨ ਪਿਛੋਂ ਦਿੱਲੀ ਕਮੇਟੀ ਦਾ ਮੈਂਬਰ ਨਾਮਜ਼ਦ ਕਰ ਦਿਤਾ ਹੈ। ਡਾਇਰੈਕਟਰ ਗੁਰਦਾਵਰਾ ਚੋਣਾਂ ਸ.ਨਰਿੰਦਰ ਸਿੰਘ ਨੇ ਨੋਟੀਫ਼ੀਕੇਸ਼ਨ ਨੰਬਰ ਐਫ਼.1/471/ਡੀਜੀਈ/2021/6261, 26 ਅਕਤੂਬਰ ਰਾਹੀਂ ਸ.ਮੋਹਿੰਦਰ ਸਿੰਘ ਨੂੰ ਦਿੱਲੀ ਕਮੇਟੀ ਦਾ ਨਾਮਜ਼ਦ ਮੈਂਬਰ ਐਲਾਨ ਦਿਤਾ ਹੈ। ਇਸ ਵਿਚਕਾਰ ਸ਼੍ਰੋਮਣੀ ਕਮੇਟੀ ਵਲੋਂ ਤਜਵੀਜ਼ ਕੀਤੇ ਗਏ ਸ.ਮਨਜਿੰਦਰ ਸਿੰਘ ਸਿਰਸਾ ਦੇ ਗੁਰਮੁਖੀ/ਪੰਜਾਬੀ ਦੇ ਟੈਸਟ ਵਿਚੋਂ ਫੇਲ੍ਹ ਹੋਣ ਪਿਛੋਂ ਉਨ੍ਹਾਂ ਦੀ ਮੈਂਬਰੀ ਦਾ ਫ਼ੈਸਲਾ ਅਜੇ ਹਾਈ ਕੋਰਟ ਵਿਚ ਵਿਚਾਰ ਅਧੀਨ ਹੈ।
ਇਸ ਬਾਰੇ ਡਾਇਰੈਕਟਰ ਗੁਰਦਵਾਰਾ ਚੋਣਾਂ ਨੇ ਦਸਿਆ ਕਿ ਅਦਾਲਤ ਨੇ ਹੁਕਮ ਦਿਤਾ ਹੈ ਕਿ ਨਵੀਂ ਦਿੱਲੀ ਕਮੇਟੀ ਦੀ ਕਾਇਮੀ 17 ਨਵੰਬਰ ਤੋਂ ਪਹਿਲਾਂ ਨਹੀਂ ਕੀਤੀ ਜਾਵੇ, ਕਿਉਂਕਿ ਸਿਰਸਾ ਦਾ ਮਾਮਲਾ ਅਦਾਲਤ ਵਿਚ ਹੈ। ਅੱਜ ਸ਼ਾਮ ਨੂੰ ‘ਸਪੋਕਸਮੈਨ’ ਨਾਲ ਗੱਲਬਾਤ ਕਰਦਿਆਂ ਸ.ਨਰਿੰਦਰ ਸਿੰਘ ਨੇ ਦਸਿਆ ਕਿ ਦਿੱਲੀ ਦੀਆਂ 280 ਰਜਿਸਟਰਡ ਸਿੰਘ ਸਭਾਵਾਂ ਵਿਚੋਂ ਜੋ 5 ਲਾਟਰੀਆਂ ਕੱਢੀਆਂ ਗਈਆਂ ਸਨ, ਉਨ੍ਹਾਂ ਵਿਚੋਂ 4 ਗੁਰਦਵਾਰਿਆਂ ਦੇ ਪ੍ਰਧਾਨ ਮ੍ਰਿਤ ਹਨ, ਇਸ ਬਾਰੇ ਐਸ ਡੀ ਐਮ ਵਲੋਂ ਰੀਪੋਰਟ ਦਿਤੀ ਜਾ ਚੁਕੀ ਹੈ। ਪੰਜਵੀਂ ਲਾਟਰੀ ਵਿਚ ਸ.ਮੋਹਿੰਦਰ ਸਿੰਘ ਦਾ ਨਾਂਅ ਆਇਆ ਸੀ, ਉਹ ਜਿਊਂਦੇ ਹਨ। ਦਿੱਲੀ ਸਿੱਖ ਗੁਰਦਵਾਰਾ ਐਕਟ 1971 ਦੇ ਨਿਯਮ ਮੁਤਾਬਕ ਸ.ਮੋਹਿੰਦਰ ਸਿੰਘ ਕੋਲੋਂ ਗੁਰੂ ਗ੍ਰੰਥ ਸਾਹਿਬਨ ਵਿਚੋਂ ਗੁਰਮੁਖੀ/ ਪੰਜਾਬੀ ਪੜ੍ਹਵਾਈ ਗਈ ਅਤੇ ਲਿਖਵਾਈ ਵੀ ਗਈ ਹੈ ਜਿਸ ਦੀ ਬਕਾਇਦਾ ਵੀਡੀਉ ਰੀਕਾਰਡਿੰਗ ਵੀ ਕੀਤੀ ਗਈ ਹੈ। ਉਹ ਸੱਭ ਨਿਯਮਾਂ ਵਿਚ ਖਰੇ ਉਤਰੇ ਹਨ, ਇਸ ਪਿਛੋਂ ਉਨ੍ਹਾਂ ਨੂੰ ਦਿੱਲੀ ਕਮੇਟੀ ਮੈਂਬਰ ਨਾਮਜ਼ਦ ਕਰਨ ਲਈ ਨੋਟੀਫ਼ੀਕੇਸ਼ਨ ਕੱਢ ਦਿਤਾ ਗਿਆ ਹੈ।