
ਪੰਜਾਬ ਨਾਲ ਕਦੇ ਸਬੰਧਿਤ ਰਿਹਾ ਇਕੋ ਇਕ ਨਾਂਅ ਅੰਬਿਕਾ ਸੋਨੀ ਦਾ ਹੈ, ਜਿਨ੍ਹਾਂ ਦੀ ਇਸ ਵੇਲੇ ਪੰਜਾਬ ਕਾਂਗਰਸ ਵਿਚ ਅਤੇ ਪੰਜਾਬ ਵਿਚ ਕੋਈ ਸਰਗਰਮੀ ਨਹੀਂ ਹੈ।
ਐਸਏਐਸ ਨਗਰ - ਭਾਜਪਾ ਦੇ ਕੌਮੀ ਆਗੂ ਸੁੱਖਮਿੰਦਰਪਾਲ ਸਿੰਘ ਗਰੇਵਾਲ ਨੇ ਅੱਜ ਮੁਹਾਲੀ ਵਿਖੇ ਇੱਕ ਪ੍ਰੈਸ ਨੋਟ ਜਾਰੀ ਕਰਕੇ ਕਾਂਗਰਸ ਦੀ ਵਰਕਿੰਗ ਕਮੇਟੀ ਨੂੰ ਪੰਜਾਬ ਵਿਰੋਧੀ ਗਰਦਾਨਿਆ ਹੈ ਅਤੇ ਨਾਲ ਹੀ ਕਿਹਾ ਹੈ ਕਿ ਪੰਜਾਬ ਕਾਂਗਰਸੀ ਆਗੂਆਂ ਲਈ ਇਹ ਡੁੱਬ ਕੇ ਮਰਨ ਵਾਲੀ ਗੱਲ ਹੈ ਕਿ ਇਸ ਕਮੇਟੀ ਵਿਚ ਇੱਕ ਵੀ ਨੇਤਾ ਪੰਜਾਬ ਤੋਂ ਸ਼ਾਮਿਲ ਨਹੀਂ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਆਪਣੇ ਅਹੁਦੇ ਦਾ ਚਾਰਜ ਰਸਮੀ ਤੌਰ ‘ਤੇ ਸੰਭਾਲਣ ਮਗਰੋਂ ਕਾਂਗਰਸ ਵਰਕਿੰਗ ਕਮੇਟੀ ਦਾ ਗਠਨ ਕਰਨ ਦੀ ਜਗ੍ਹਾ ਇਕ 47-ਮੈਂਬਰੀ ‘ਸਟੀਅਰਿੰਗ ਕਮੇਟੀ’ ਦਾ ਐਲਾਨ ਕਰਦਿਆਂ ਇਸ ਦੀ ਸੂਚੀ ਜਾਰੀ ਕੀਤੀ ਸੀ। ਇਸ ਸੂਚੀ ‘ਚ ਪੰਜਾਬ ਨੂੰ ਪੂਰੀ ਤਰ੍ਹਾਂ ਅਣਗੌਲਿਆਂ ਕਰਦਿਆਂ ਰਾਜ ਵਿਚੋਂ ਇਕ ਵੀ ਆਗੂ ਇਸ ‘ਸਟੀਅਰਿੰਗ ਕਮੇਟੀ’ ਵਿਚ ਸ਼ਾਮਲ ਨਹੀਂ ਕੀਤਾ ਗਿਆ। ਪੰਜਾਬ ਨਾਲ ਕਦੇ ਸਬੰਧਿਤ ਰਿਹਾ ਇਕੋ ਇਕ ਨਾਂਅ ਅੰਬਿਕਾ ਸੋਨੀ ਦਾ ਹੈ, ਜਿਨ੍ਹਾਂ ਦੀ ਇਸ ਵੇਲੇ ਪੰਜਾਬ ਕਾਂਗਰਸ ਵਿਚ ਅਤੇ ਪੰਜਾਬ ਵਿਚ ਕੋਈ ਸਰਗਰਮੀ ਨਹੀਂ ਹੈ।
ਜ਼ਿਕਰਯੋਗ ਹੈ ਕਿ ਖੜਗੇ ਦੇ ਅਹੁਦਾ ਸੰਭਾਲਦਿਆਂ ਹੀ ਕੁੱਲ ਹਿੰਦ ਕਾਂਗਰਸ ਦੇ ਸਾਰੇ ਵਰਕਿੰਗ ਕਮੇਟੀ ਮੈਂਬਰਾਂ, ਜਨਰਲ ਸਕੱਤਰਾਂ ਅਤੇ ਇੰਚਾਰਜਾਂ ਨੇ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇ ਦਿੱਤੇ ਸਨ। ਗਰੇਵਾਲ ਨੇ ਕਿਹਾ ਕਿ ਪੰਜਾਬ ਨੂੰ ਇਸ ਤਰਾਂ ਅਣਗੌਲਾ ਕਰ ਕੇ ਕਾਂਗਰਸ ਨੇ ਇੱਕ ਵਾਰ ਫਿਰ ਆਪਣਾ ਪੰਜਾਬ ਵਿਰੋਧੀ ਚਿਹਰਾ ਜਨਤਾ ਸਾਹਮਣੇ ਉਜਾਗਰ ਹੀ ਨਹੀਂ ਕੀਤਾ ਸਗੋਂ ਵੱਡੀਆਂ-ਵੱਡੀਆਂ ਫੜਾਂ ਮਾਰਨ ਵਾਲੇ ਰਾਜਾ ਵੜਿੰਗ ਵਰਗਿਆਂ ਨੂੰ ਦੱਸ ਦਿੱਤਾ ਹੈ ਕਿ ਭਾਈ ਤੁਸੀਂ ਸਾਰੇ ਇੱਥੇ ਰੌਲਾ ਪਾਉਣ ਲਈ ਹੀ ਰੱਖੇ ਹੋਏ ਹੋ। ਤੁਹਾਡੀ ਡੋਰ ਦਿੱਲੀ ਦੇ ਇਨ੍ਹਾਂ ਨੇਤਾਵਾਂ ਦੇ ਹੱਥ ਹੈ।
ਉਨ੍ਹਾਂ ਕਿਹਾ ਕਿ ਉਸ ਤੋਂ ਵੀ ਦੁੱਖ ਤੇ ਨਮੋਸ਼ੀ ਭਰੀ ਗੱਲ ਇਹ ਹੈ ਕਿ ਇਸ ਗੱਲ ‘ਤੇ ਕਿਸੇ ਵੀ ਪੰਜਾਬ ਦੇ ਕਾਂਗਰਸੀ ਵੱਲੋਂ ਵਿਰੋਧ ਨਹੀਂ ਜਤਾਇਆ ਗਿਆ। ਕਮਾਲ ਦੀ ਗੱਲ ਹੈ ਕਿ ਪੰਜਾਬ ਦੀ ਸੱਤਾ ਉਦੋਂ ਕਾਂਗਰਸ ਦੇ ਹੱਥ ‘ਚ ਲੋਕਾਂ ਨੇ ਦਿੱਤੀ ਸੀ ਜਦੋਂ ਹੋਰ ਪਾਸੇ ਤੋਂ ਕਾਂਗਰਸ ਹਾਰ ਰਹੀ ਸੀ। ਅਜਿਹੀ ਸਥਿਤੀ ‘ਚ ਖਹਿਰੇ, ਬਾਜਵਾ, ਵੜਿੰਗ ਵਰਗਿਆਂ ਦੀ ਜ਼ੁਬਾਨ ਨੂੰ ਕਿਹੜਾ ਪੁੱਠਾ ਜਿੰਦਾ ਵੱਜ ਗਿਆ ਹੈ ਕਿ ਉਹ ਕੁਸਕਦੇ ਵੀ ਨਹੀਂ। ਤੁਸੀਂ ਪੰਜਾਬ ਦੀ ਸੱਤਾ ‘ਤੇ ਕਾਬਜ ਹੋ ਕੇ ਪੰਜਾਬ ਦੇ ਮਸਲਿਆਂ ਨੂੰ ਕਿਸ ਤਰ੍ਹਾਂ ਅੱਗੇ ਲੈ ਕੇ ਜਾਵੋਗੇ ਜਦੋਂ ਅਗਲੇ ਤੁਹਾਨੂੰ ਪੁੱਛਦੇ ਹੀ ਨਹੀਂ।
ਤੁਸੀਂ ਹੋਰ ਪਾਰਟੀਆਂ ਤੋਂ ਉਸੇ ਵਕਤ ਅਸਤੀਫ਼ੇ ਮੰਗਣ ਲੱਗ ਜਾਂਦੇ ਹੋ, ਜੇ ਹਿੰਮਤ ਹੈ ਤਾਂ ਹੁਣ ਦਿਉ ਅਸਤੀਫ਼ੇ ਕਿ ਅਸੀਂ ਕਾਂਗਰਸ ਲਈ ਉਦੋਂ ਤੱਕ ਕੰਮ ਨਹੀਂ ਕਰਦੇ ਜਦੋਂ ਤੱਕ ਪੰਜਾਬ ਕਾਂਗਰਸੀ ਲੀਡਰਾਂ ਨੂੰ ਬਣਦੀ ਥਾਂ ਸੂਚੀ ਵਿਚ ਨਹੀਂ ਮਿਲਦੀ। ਗਰੇਵਾਲ ਨੇ ਕਿਹਾ ਕਿ ਇੱਕ ਗੱਲ ਤਾਂ ਸਾਫ਼ ਹੈ ਕਿ ਜਦੋਂ ਪੰਜਾਬ ਦਾ ਇੱਕ ਵੀ ਨੇਤਾ ਵਰਕਿੰਗ ਕਮੇਟੀ ਵਿਚ ਨਹੀਂ ਹੈ ਤਾਂ ਤੁਹਾਨੂੰ ਕਮੇਟੀ ਦੇ ਕੰਮਾਂ ਅਤੇ ਹੋਰ ਏਜੰਡਿਆ ਦਾ ਸੁਆਹ ਪਤਾ ਲੱਗਣਾ। ਤੁਸੀਂ ਪੰਜਾਬ ‘ਚ ਬੇਸ਼ੱਕ ਖ਼ੁਦ ਨੂੰ ਜਿੱਡੇ ਮਰਜ਼ੀ ਸਿਰ ਕੱਢ ਨੇਤਾ ਆਖਵਾਉਂਦੇ ਰਹੋ ਪਰ ਤੁਹਾਡੀ ਔਕਾਤ ਕਿੰਨੀ ਕੁ ਹੈ ਅਗਲਿਆ ਨੇ 47 ਮੈਂਬਰਾਂ ‘ਚ ਇੱਕ ਨਾਮ ਨਾ ਪਾ ਕੇ ਤੁਹਾਨੂੰ ਦੱਸ ਦਿੱਤਾ ਹੈ। ਤੁਹਾਡੇ ਨਾਲ ਤਾਂ ਉਹ ਹੋਈ ਖਾਣ-ਪੀਣ ਨੂੰ ਬਾਂਦਰੀ ਡੰਡੇ ਖਾਣ ਨੂੰ ਰਿੱਛ।