
ਇਸ ਸੰਬੰਧੀ ਵਿਦਿਆਰਥੀ ਜਥੇਬੰਦੀ ਸੱਥ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਲਿਖਿਆ ਕਿ ਅੱਗੇ ਤੋਂ ਸੱਥ ਜਥੇਬੰਦੀ ਦੀ ਰਣਮੀਕਜੋਤ ਕੌਰ ਨਾਲ ਕੋਈ ਸਾਂਝ ਨਹੀਂ ਹੈ।
Ranmikjot Kaur Punjab University - ਪੰਜਾਬ ਯੂਨੀਵਰਸਿਟੀ ਦੀ ਮੀਤ ਪ੍ਰਧਾਨ ਰਣਮੀਕਜੋਤ ਕੌਰ (Ranmikjot Kaur) ਨੂੰ ਵਿਦਿਆਰਥੀ ਜਥੇਬੰਦੀ 'ਸੱਥ' ਨੇ ਪਾਰਟੀ ‘ਚੋਂ ਬਾਹਰ ਕੱਢ ਦਿੱਤਾ ਹੈ। ਇਸ ਸੰਬੰਧੀ ਵਿਦਿਆਰਥੀ ਜਥੇਬੰਦੀ ਸੱਥ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਲਿਖਿਆ ਕਿ ਅੱਗੇ ਤੋਂ ਸੱਥ ਜਥੇਬੰਦੀ ਦੀ ਰਣਮੀਕਜੋਤ ਕੌਰ ਨਾਲ ਕੋਈ ਸਾਂਝ ਨਹੀਂ ਹੈ। ਪੰਜਾਬ ਯੂਨੀਵਰਸਿਟੀ ਦੀਆਂ ਵਿਦਿਆਰਥੀ ਕੌਂਸਲ ਚੋਣਾਂ ਵਿਚ ਮੀਤ ਪ੍ਰਧਾਨ ਦੇ ਅਹੁਦੇ ‘ਤੇ ਜਿੱਤਣ ਤੋਂ ਬਾਅਦ ਰਣਮੀਕਜੋਤ ਕੌਰ ਵਲੋਂ ਵਾਰ-ਵਾਰ ਪਾਰਟੀ ਦੀ ਵਿਚਾਰਧਾਰਾ ਨਾਲ ਅਸਹਿਮਤੀ ਪ੍ਰਗਟ ਕੀਤੀ ਗਈ।
ਉਨ੍ਹਾਂ ਕਿਹਾ ਸੱਥ ਪਹਿਲੇ ਦਿਨ ਤੋਂ ਹੀ ਵਿਦਿਆਰਥੀ ਹੱਕਾਂ ਦੇ ਨਾਲ-ਨਾਲ ਪੰਥ ਪੰਜਾਬ ਦੇ ਹਿੱਤਾਂ ਲਈ ਸਰਗਰਮ ਹੈ। ਇਸ ਭਾਰਤੀ ਨਿਜਾਮ ਵਿਚ ਸਿੱਖਾਂ ਅਤੇ ਪੰਜਾਬ ਨਾਲ ਹੋਈ ਧੱਕੇਸ਼ਾਹੀ ਖਿਲਾਫ਼ ਸੱਥ ਨੇ ਮੁੱਢ ਤੋਂ ਹੀ ਅਵਾਜ਼ ਬੁਲੰਦ ਕੀਤੀ ਹੈ ਤੇ ਜਥੇਬੰਦੀ ਇਸ ਲੀਹ ‘ਤੇ ਚੱਲਦਿਆਂ ਭਾਈ ਜਸਵੰਤ ਸਿੰਘ ਖਾਲੜਾ ਨੂੰ ਆਪਣਾ ਆਦਰਸ਼ ਮੰਨਦੀ ਹੈ। ਰਣਮੀਕਜੋਤ ਕੌਰ 'ਤੇ ਪਾਰਟੀ ਵਿਰੋਧੀਆਂ ਗਤੀਵਿਧੀਆਂ ਦੇ ਇਲਜ਼ਾਮ ਲੱਗੇ ਹਨ। ਸੱਥ ਜਥੇਬੰਦੀ ਨੇ ਇਹ ਵੀ ਇਤਰਾਜ਼ ਜਤਾਇਆ ਹੈ ਕਿ ਰਣਮੀਕਜੋਤ ਕੌਰ ਨੇ ਦਫ਼ਤਰ ਵਿਚ ਜਸਵੰਤ ਸਿੰਘ ਖਾਲੜਾ ਦੀ ਤਸਵੀਰ ਵੀ ਨਹੀਂ ਲਗਾਈ।
ਦੱਸ ਦਈਏ ਕਿ ਪੰਜਾਬ ਦੇ ਲੋਕ ਸਭਾ ਹਲਕੇ ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਵਲੋਂ ਪੰਜਾਬ ਯੂਨੀਵਰਸਿਟੀ ਦੀ ਫੇਰੀ ਦੌਰਾਨ ਰਣਮੀਕਜੋਤ ਕੌਰ ਨੂੰ ਸਨਮਾਨਿਤ ਕਰਨ ਦੀ ਇਛਾ ਜ਼ਾਹਰ ਕੀਤੀ ਗਈ। ਰਣਮੀਕਜੋਤ ਕੌਰ ਵਲੋਂ ਰਾਜਸੀ ਸਦਾਚਾਰ ਦੀ ਪ੍ਰਵਾਹ ਕੀਤੇ ਬਿਨਾਂ ਸਿਮਰਨਜੀਤ ਸਿੰਘ ਮਾਨ ਨੂੰ ਮਿਲਣ ਤੋਂ ਇਨਕਾਰ ਵੀ ਕੀਤਾ ਗਿਆ ਅਤੇ ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋਂ ਵੀ ਕੀਤੀ।
ਜਥੇਬੰਦੀ ਨੇ ਪ੍ਰੈਸ ਨੋਟ ਵਿਚ ਲਿਖਿਆ ਕਿ ਵਿਦਿਆਰਥੀ ਜਥੇਬੰਦੀ ਸੱਥ ਮਨੁੱਖੀ ਅਧਿਕਾਰਾਂ ਦੀ ਗੱਲ ਕਰਨ ਵਾਲੇ ਹਰ ਇਨਸਾਨ ਦਾ ਸਤਿਕਾਰ ਕਰਦੀ ਹੈ ਅਤੇ ਆਸ ਵੀ ਕਰਦੀ ਹੈ ਕਿ ਪਾਰਟੀ ਦਾ ਹਰ ਮੈਂਬਰ ਇੱਦਾਂ ਹੀ ਕਰੇ। ਪੰਜਾਬ ਯੂਨੀਵਰਸਿਟੀ ਕੌਂਸਲ ਦੇ ਕਿਸੇ ਅਹੁਦੇ ‘ਤੇ ਬੈਠੇ ਪਾਰਟੀ ਮੈਂਬਰ ਦੇ ਅਜਿਹੇ ਰਵਈਏ ਬਦਲੇ ਸੱਥ ਆਪਣੇ ਸਿਧਾਂਤਾਂ ਨਾਲ ਸਮਝੌਤਾ ਨਹੀਂ ਕਰ ਸਕਦੀ।
ਰਣਮੀਕਜੋਤ ਕੌਰ ਵਲੋਂ ਅਪਣਾਏ ਅਜਿਹੇ ਵਤੀਰੇ ਪਿਛੇ ਉਹਨਾਂ ਦੀ ਕੀ ਰਾਜਸੀ ਇਛਾ ਹੈ, ਕੀ ਰਾਜਸੀ ਦਬਾਅ ਹੈ ਜਾਂ ਸੱਥ ਤੋਂ ਵੱਖਰੀ ਰਾਜਸੀ ਸਮਝ ਹੈ ਇਸ ਬਾਰੇ ਉਹ ਆਪ ਹੀ ਸਪੱਸ਼ਟ ਕਰ ਸਕਦੇ ਹਨ। ਸੱਥ ਆਪਣੇ ਵੱਲੋਂ ਬੀਬੀ ਰਣਮੀਕਜੋਤ ਕੌਰ ਨੂੰ ਪਾਰਟੀ ਤੋਂ ਵੱਖ ਕਰਨ ਦਾ ਫ਼ੈਸਲਾ ਲੈਂਦੀ ਹੈ। ਉਹ ਕੌਂਸਲ ਦਾ ਕੰਮਕਾਜ ਆਪਣੀ ਇੱਛਾ ਅਨੁਸਾਰ ਚਲਾ ਸਕਦੇ ਹਨ।
ਜਥੇਬੰਦੀ ਆਪਣੀ ਸਮਰਥਾ ਮੁਤਾਬਕ ਵਿਦਿਆਰਥੀ ਭਲਾਈ ਦੇ ਕਾਰਜਾਂ ਚ ਪਹਿਲਾਂ ਵਾਂਗ ਸਰਗਰਮ ਰਹੇਗੀ। ਦੂਜੇ ਪਾਸੇ ਰਣਮੀਕਜੋਤ ਕੌਰ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਉਹਨਾਂ ਨੇ ਹਮੇਸ਼ਾਮ ਰਾਜਨੀਤੀ ਤੋਂ ਦੂਰੀ ਬਣਾ ਕੇ ਰੱਖਣ ਲਈ ਹੀ ਅਪਣਾ ਸਟੈਂਡ ਸਪੱਸ਼ਟ ਰੱਖਿਆ ਤੇ ਪਾਰਟੀ ਨੇ ਸਿਰਫ਼ ਵੋਟਾਂ ਲਈ ਉਹਨਾਂ ਨੂੰ ਵਰਤਿਆਂ ਹੈ।