
ਪਾਸਪੋਰਟ ਗੁੰਮ ਹੋਣ ਕਾਰਨ ਪਾਕਿਸਤਾਨ ਸਰਕਾਰ ਨੇ ਦੇਸ਼ ਧ੍ਰੋਹ ਦੇ ਮਾਮਲੇ 'ਚ 13 ਸਾਲਾਂ ਲਈ ਭੇਜਿਆ ਸੀ ਜੇਲ
ਮਾਲੇਰਕੋਟਲਾ (ਮੁਹੰਮਦ ਇਸਮਾਈਲ ਏਸ਼ੀਆ) : ਪਿਛਲੇ ਕਰੀਬ 15-16 ਸਾਲਾਂ ਤੋਂ ਪਾਕਿਸਤਾਨ ਦੀ ਜੇਲ ਕੋਟਲੱਖਪਤ 'ਚ ਬੰਦ ਸਥਾਨਕ ਮੁਹੱਲਾ ਚਾਨੇ ਲੋਹਾਰਾਂ ਦਾ ਨੌਜਵਾਨ ਗੁਲਾਮ ਫ਼ਰੀਦ ਅੱਜ ਸਵੇਰੇ 3 ਵਜੇ ਜਦੋਂ ਅਪਣੇ ਘਰ ਪਹੁੰਚਿਆ ਤਾਂ ਨਜ਼ਾਰਾ ਦੇਖਣ ਵਾਲਾ ਸੀ। ਗੁਲਾਮ ਦੀ 90 ਸਾਲਾਂ ਦੀ ਅੰਮੀ ਸਦੀਕਨ ਅਪਣੇ ਪੁੱਤਰ ਦੇ ਮਿਲਣ ਦੀ ਖ਼ੁਸ਼ੀ 'ਚ ਭਾਵੁਕ ਹੋਈ ਰੋ ਰਹੀ ਸੀ।
Gulam Farid
ਉਸ ਨੇ ਕਿਹਾ ਕਿ ਮੇਰੀਆਂ ਤਾਂ ਅੱਖਾਂ ਦੀ ਨਜ਼ਰ ਵੀ ਕਮਜ਼ੋਰ ਹੋ ਗਈ ਅਪਣੇ ਪੁੱਤਰ ਨੂੰ ਉਡੀਕਦੇ ਉਡੀਕਦੇ। ਉਸ ਨੇ ਕਿਹਾ ਸਾਨੂੰ ਤਾਂ ਇਹੀ ਸੀ ਕਿ ਮੇਰਾ ਪੁੱਤਰ ਸ਼ਾਇਦ ਇਸ ਦੁਨੀਆਂ 'ਚ ਹੈ ਹੀ ਨਹੀਂ ਪਰ ਜਦੋਂ ਇਸ ਸਬੰਧੀ ਸਾਨੂੰ ਪਤਾ ਲੱਗਾ ਤਾਂ ਮੇਰੀ ਖ਼ੁਸ਼ੀ ਦਾ ਠਿਕਾਣਾ ਨਾ ਰਿਹਾ। ਉਸ ਨੇ ਕਿਹਾ ਪੁੱਤਰ ਦੇ ਮਿਲਣ ਦੀ ਖੁਸ਼ੀ 'ਚ ਮੇਰੀ ਭੁੱਖ ਹੀ ਮਰ ਗਈ ਹੈ। ਗੱਲਬਾਤ ਦੌਰਾਨ ਖ਼ੁਦ ਗੁਲਾਮ ਫ਼ਰੀਦ ਨੇ ਦਸਿਆ ਉਹ ਅਪਣੇ ਰਿਸ਼ਤੇਦਾਰਾਂ ਨੂੰ ਮਿਲਣ ਪਾਕਿਸਤਾਨ ਗਿਆ ਸੀ ਜਿੱਥੇ ਉਸ ਦਾ ਪਾਸਪੋਰਟ ਗੁੰਮ ਹੋ ਗਿਆ ਅਤੇ ਪਾਕਿਸਤਾਨ ਸਰਕਾਰ ਨੇ ਉਸ ਨੂੰ ਦੇਸ਼ ਧ੍ਰੋਹ ਦੇ ਮਾਮਲੇ 'ਚ 13 ਸਾਲਾਂ ਲਈ ਜੇਲ ਭੇਜ ਦਿਤਾ।
Gurjeet Singh Aujla
ਇਸ ਅਰਸੇ ਦੌਰਾਨ ਉਸ ਦਾ ਲੰਬਾ ਸਮਾਂ ਅਪਣੇ ਘਰ ਵਾਲਿਆਂ ਨਾਲ ਕੋਈ ਰਾਬਤਾ ਨਹੀਂ ਹੋਇਆ ਜਿਸ ਕਰ ਕੇ ਉਨ੍ਹਾਂ ਨੂੰ ਇਹ ਜਾਪਣ ਲੱਗਾ ਕਿ ਸ਼ਾਇਦ ਉਹ ਇਸ ਦੁਨੀਆਂ 'ਚ ਨਹੀਂ ਰਿਹਾ। ਉਨ੍ਹਾਂ ਇਸ ਸਮੇਂ ਅਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਅਤੇ ਉਨ੍ਹਾਂ ਦੇ ਅਪਣੇ ਕੌਂਸਲਰ ਦੇ ਪਤੀ ਅਤੇ ਕਾਂਗਰਸ ਦੇ ਸਾਬਕਾ ਬਲਾਕ ਪ੍ਰਧਾਨ ਬੇਅੰਤ ਕਿੰਗਰ ਦਾ ਦਿਲੋਂ ਧਨਵਾਦ ਕੀਤਾ, ਜਿਨ੍ਹਾਂ ਸਦਕਾ ਉਹ ਅਪਣੇ ਪਰਵਾਰ ਨੂੰ ਮਿਲ ਸਕੇ।
ਇਸ ਸਬੰਧੀ ਬੇਅੰਤ ਕਿੰਗਰ ਨੇ ਦਸਿਆ ਕਿ ਉਨ੍ਹਾਂ ਨੂੰ ਜਦੋਂ ਉਕਤ ਕੇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਐਮ.ਪੀ. ਔਜਲਾ ਨਾਲ ਸੰਪਰਕ ਕੀਤਾ ਜਿਨ੍ਹਾਂ ਨੇ ਉਨ੍ਹਾਂ ਦੀ ਮੀਟਿੰਗ ਵਿਦੇਸ਼ ਮੰਤਰਾਲੇ ਨਾਲ ਕਰਵਾਈ ਅਤੇ ਵਿਦੇਸ਼ ਮੰਤਰਾਲੇ ਦੀ ਬਦੌਲਤ ਉਕਤ ਮਾਮਲਾ ਹੱਲ ਹੋ ਸਕਿਆ। ਇਸ ਮੌਕੇ ਗੁਲਾਮ ਫਰੀਦ ਨੂੰ ਵਾਪਸ ਲਿਆਉਣ 'ਚ ਜ਼ਿਆ ਫਾਰੂਕ ਨੇ ਵੀ ਅਹਿਮ ਰੋਲ ਅਦਾ ਕੀਤਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।