
ਉਗਰਾਹਾਂ ਦੀ ਅਗਵਾਈ ਹੇਠ ਕਿਸਾਨ ਜਥੇ ਰੋਕਾਂ ਤੋੜ ਕੇ ਡੱਬਵਾਲੀ ਬਾਰਡਰ ਰਾਹੀਂ ਹਰਿਆਣਾ ਪੁੱਜੇ
ਡੱਬਵਾਲੀ ਬਾਰਡਰ (ਬਠਿੰਡਾ), 27 ਨਵੰਬਰ (ਸੁਖਜਿੰਦਰ ਮਾਨ): ਬੀਕੇਯੂ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਬੀਤੇ ਕਲ ਸਥਾਨਕ ਡੱਬਵਾਲੀ ਬਾਰਡਰ 'ਤੇ ਬੈਠੇ ਹਜ਼ਾਰਾਂ ਕਿਸਾਨ ਅੱਜ ਪੁਲਿਸ ਰੋਕਾਂ ਤੋੜ ਕੇ ਹਰਿਆਣਾ 'ਚ ਦਾਖ਼ਲ ਹੋ ਗਏ ਹਨ। ਬੀਤੇ ਕਲ ਦੂਜੀਆਂ ਜਥੇਬੰਦੀਆਂ ਦੀ ਅਗਵਾਈ ਹੇਠ ਕਿਸਾਨਾਂ ਵਲੋਂ ਦਿੱਲੀ ਚਾਲੇ ਪਾਉਣ ਤੋਂ ਬਾਅਦ ਉਗਰਾਹਾ ਧੜੇ ਨਾਲ ਜੁੜੇ ਨੌਜਵਾਨਾਂ ਨੇ ਕਾਫ਼ੀ ਰੋਸ ਜਤਾਇਆ ਸੀ, ਜਿਸ ਤਂੋ ਬਾਅਦ ਹਫ਼ਤੇ ਦੇ ਪੱਕੇ ਮੋਰਚੇ ਨੂੰ ਦੂਜੇ ਦਿਨ ਹੀ
ਸਮੇਟਦਿਆਂ ਜਥੇਬੰਦੀਆਂ ਦੇ ਆਗੂਆਂ ਨੇ ਮੀਟਿੰਗ ਕਰ ਕੇ ਅੱਜ ਦਿੱਲੀ ਵਲ ਚਾਲੇ ਪਾਉਣ ਦਾ ਐਲਾਨ ਕੀਤਾ ਸੀ ਜਿਸ ਤੋਂ ਬਾਅਦ ਅੱਜ ਦੁਪਿਹਰ ਡੱਬਵਾਲੀ ਹੱਦ ਤੋਂ ਕਾਫ਼ਲਾ ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ ਅਤੇ ਹਰਿੰਦਰ ਬਿੰਦੂ ਦੀ ਅਗਵਾਈ ਹੇਠ ਦਿੱਲੀ ਰਵਾਨਾ ਹੋਇਆ । ਇਸ ਕਾਫ਼ਲੇ ਵਿਚ ਰਾਜਸਥਾਨ ਦੇ ਕਿਸਾਨ ਆਗੂ ਸੰਤਬੀਰ ਸਿੰਘ, ਹਰਿਆਣਾ ਦੇ ਆਗੂ ਅਨਮੋਲ ਸਿੰਘ ਦੇਸੂ ਜੋਧਾਂ ਅਤੇ ਮਾਝੇ ਤੋਂ ਗੁਰਬਾਜ਼ ਸਿੰਘ ਸਿੱਧਵਾਂ ਦੀ ਅਗਵਾਈ ਹੇਠ ਪੰਜ ਮੈਂਬਰੀ ਕਿਸਾਨ ਸੰਘਰਸ਼ ਕਮੇਟੀ ਦੇ ਜਥੇ ਵੀ ਸ਼ਾਮਲ ਹੋਏ। ਡੱਬਵਾਲੀ ਵਿਖੇ ਹਰਿਆਣਾ ਪੁਲਿਸ ਵਲੋਂ ਭਾਰੀ ਪੱਥਰਾਂ ਤੋਂ ਇਲਾਵਾ ਦੋ ਵੱਡੇ ਟਰਾਲੇ ਲਗਾ ਕੇ ਅਤੇ ਬੈਰੀਕੇਡਾਂ ਨਾਲ ਕੀਤੀ ਭਾਰੀ ਨਾਕੇਬੰਦੀ ਨੂੰ ਖੋਲ੍ਹਦੇ ਕਿਸਾਨ ਰੋਹ ਨੇ ਪਲਾਂ-ਛਿਣਾ ਵਿਚ ਦਰਕਿਨਾਰ ਕਰ ਕੇ ਰੱਖ ਦਿਤਾ। ਕਿਸਾਨ ਕਾਫ਼ਲੇ ਦੇ ਰੋਹ ਨੂੰ ਡੱਕਣ ਲਈ ਇੱਕ ਵਾਰ ਡੱਬਵਾਲੀ ਦੇ ਡੀ.ਐਸ.ਪੀ ਕੁਲਦੀਪ ਸਿੰਘ ਬੈਣੀਵਾਲ ਨੇ ਖ਼ੁਦ ਕਮਾਂਡ ਸੰਭਾਲਦੇ ਹੋਏ ਬੈਰੀਕੇਡਾ ਤੋੜਨ ਤੋਂ ਰੋਕਣ ਲਈ ਜ਼ੋਰ ਅਜਮਾਈ ਵੀ ਕੀਤੀ, ਪਰ ਉਹ ਸਫ਼ਲ ਨਾ ਹੋਏ। ਡੱਬਵਾਲੀ ਵਿਖੇ ਨਾਕਾ ਤੋੜਨ ਤੋਂ ਪਹਿਲਾਂ ਕਿਸਾਨ ਆਗੂ ਝੰਡਾ ਸਿੰਘ ਜੇਠੂਕੇ ਨੇ ਹਰਿਆਣਾ ਪ੍ਰਸ਼ਾਸਨ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਐਲਾਨ ਕੀਤਾ ਕਿ ਉਹ ਜਾਂ ਤਾਂ ਕਿਸਾਨਾਂ ਦਾ ਰਾਹ ਛੱਡ ਕੇ ਪਾਸੇ ਹੋ ਜਾਵੇ ਜਾਂ ਫਿਰ ਖ਼ੂਨੀ ਭੇੜ ਝੱਲਣ ਲਈ ਤਿਆਰ ਹੋ ਜਾਵੇ। ਕਿਸਾਨ ਆਗੂ ਦੇ ਬੋਲਾਂ ਨੇ ਨਾਕਾ ਤੋੜਨ ਲਈ ਅੱਗੇ ਵਧ ਰਹੇ ਕਾਫਲੇ ਦੇ ਜੋਸ਼ ਅਤੇ ਹੌਸਲੇ ਨੂੰ ਦੁਗੌਣਾ ਕਰ ਦਿਤਾ । ਡੱਬਵਾਲੀ ਤੋਂ ਤੁਰੇ ਕਿਸਾਨ ਕਾਫ਼ਲੇ ਨੂੰ ਡੱਬਵਾਲੀ ਤੋਂ ਅੱਗੇ ਪੰਜੂਆਣਾ ਪੁਲ ਉਤੇ ਫ਼ਤਿਆਬਾਦ ਤੋਂ ਅੱਗੇ ਅਗਰੋਹਾ ਵਿਖੇ ਹਰਿਆਣਾ ਪੁਲਿਸ ਕੀਤੀ ਭਾਰੀ ਨਾਕੇਬੰਦੀ 'ਤੇ ਖੜੀਆਂ ਕੀਤੀਆਂ ਉਚੀਆਂ ਅਤੇ ਭਾਰੀ ਰੋਕਾ ਨੂੰ ਪਾਰ ਕਰਨ ਲਈ ਕਈ ਥਾਈਂ ਸਖ਼ਤ ਜੱਦੋ-ਜਹਿਦ ਕਰਨੀ ਪਈ । ਦੂਜੇ ਪਾਸੇ ਖਨੌਰੀ ਰਸਤੇ ਰਾਹੀਂ ਅੱਗੇ ਵਧੇ ਕਾਫ਼ਲੇ ਦੇ ਰਾਹ ਡੱਕਣ ਲਈ ਪੁਲਿਸ ਵਲੋਂ ਨਰਵਾਣਾ ਵਿਖੇ ਰੋਕਣ ਲਈ ਖੜੀਆਂ ਕੀਤੀਆਂ ਰੋਕਾਂ ਵੀ ਕਿਸਾਨ ਕਾਫ਼ਲੇ ਨੂੰ ਡੱਕਣ ਵਿਚ ਨਾਕਾਮ ਰਹੀਆਂ।
ਬਾਕਸ
ਹਰਿਆਣਾ ਵਿਚ ਕਿਸਾਨ ਕਾਫ਼ਲੇ ਦਾ ਪਲਕ ਵਿਛਾ ਸਵਾਗਤ
ਬਠਿੰਡਾ: ਹਰਿਆਣੇ ਦੇ ਕਿਸਾਨਾਂ ਵਲੋਂ ਦਿੱਲੀ ਵੱਲ ਵਧਦੇ ਕਿਸਾਨ ਕਾਫ਼ਲੇ ਦਾ ਥਾਂ-ਥਾਂ ਭਰਵਾਂ ਕੀਤਾ। ਰਾਹ ਵਿਚ ਪਿੰਡਾਂ ਵਿਚ ਹਰਿਆਣਵੀ ਲੋਕਾਂ ਨੇ ਚਾਹ ਪਕੌੜੇ ਤੇ ਲੱਡੂਆਂ ਦੇ ਲੰਗਰ ਲਾ ਕੇ ਅਪਣਾ ਸਮਰਥਨ ਦਿਤਾ ਅਤੇ ਬਹੁਤ ਸਾਰੇ ਹਰਿਆਣਵੀ ਲੋਕ ਅਤੇ ਕਿਸਾਨ ਇਸ ਘੋਲ ਦਾ ਹਿੱਸਾ ਬਣ ਕੇ ਕਾਫ਼ਲਿਆਂ ਦੇ ਨਾਲ ਚੱਲ ਪਏ। ਇਸ ਤੋਂ ਇਲਾਵਾ ਬਹੁਤ ਸਾਰੇ ਲੋਕਾਂ ਨੇ ਮੋਦੀ ਸਰਕਾਰ ਨੂੰ ਸੱਤਾ ਵਿਚ ਆਈ ਸੱਭ ਤੋਂ ਮਾੜੀ ਸਰਕਾਰ ਦਸਦੇ ਕਿਸਾਨਾਂ ਨੂੰ ਇਸ ਦੀਆਂ ਜੜਾ ਪੁੱਟਕੇ ਹੀ ਦਿੱਲੀ ਤੋਂ ਮੁੜਨ ਦੀ ਅਪੀਲ ਕੀਤੀ।image
ਇਸ ਖ਼ਬਰ ਨਾਲ ਸਬੰਧਤ ਫੋਟੋ 27 ਬੀਟੀਆਈ 08 ਨੰਬਰ ਵਿਚ ਭੇਜੀ ਜਾ ਰਹੀ ਹੈ।