
ਦਰਵਾਜ਼ੇ ਦੁਆਲੇ ਖੇਡਦੀ ਬੱਚੀ ’ਤੇ ਇਕਦਮ ਡਿਗਾ ਭਾਰੀ ਸ਼ੀਸ਼ੇ ਦਾ ਦਰਵਾਜ਼ਾ
Ludhiana News Today: ਪੰਜਾਬ ਦੇ ਲੁਧਿਆਣਾ 'ਚ ਇਕ ਕੱਪੜੇ ਦੇ ਸ਼ੋਅਰੂਮ ਅੰਦਰ ਲੱਗਾ ਸ਼ੀਸ਼ੇ ਦਾ ਦਰਵਾਜ਼ਾ ਡਿੱਗਣ ਨਾਲ 3 ਸਾਲ ਦੀ ਬੱਚੀ ਦੀ ਮੌਤ ਹੋ ਗਈ। ਇਹ ਘਟਨਾ ਕੈਮਰੇ ’ਚ ਕੈਦ ਹੋ ਗਈ ਅਤੇ ਇਸ ਘਟਨਾ ਦਾ ਵੀਡੀਉ ਸੋਸ਼ਲ ਮੀਡੀਆ ’ਤੇ ਬਹੁਤ ਵਾਇਰਲ ਹੋ ਰਿਹਾ ਹੈ। ਵੀਡੀਉ ’ਚ ਵੇਖਿਆ ਜਾ ਸਕਦਾ ਹੈ ਕਿ ਜਿਸ ਬੱਚੀ ਦੇ ਮਾਪਿਆਂ ਦਾ ਧਿਆਨ ਖ਼ਰੀਦਦਾਰੀ ’ਚ ਸੀ ਅਤੇ ਉਹ ਦਰਵਾਜ਼ੇ ਨਾਲ ਝੂਟ ਰਹੀ ਸੀ ਕਿ ਇਕਦਮ ਸ਼ੀਸ਼ੇ ਦਾ ਦਰਵਾਜ਼ਾ ਡਿੱਗਣ ਨਾਲ ਉਸ ਦੀ ਮੌਤ ਹੋ ਗਈ।
ਚਸ਼ਮਦੀਦਾਂ ਨੇ ਦਸਿਆ ਕਿ ਛੋਟੀ ਬੱਚੀ ਦਰਵਾਜ਼ੇ ਦੇ ਆਲੇ-ਦੁਆਲੇ ਖੇਡ ਰਹੀ ਸੀ ਅਤੇ ਉਸ ਨੇ ਦਰਵਾਜ਼ੇ ਦਾ ਹੈਂਡਲ ਫੜਿਆ ਹੋਇਆ ਸੀ। ਦਰਵਾਜ਼ਾ ਘੁੰਮਣ ਵਾਲਾ ਸੀ ਅਤੇ ਉਸ ਨੂੰ ਸਜਾਵਟੀ ਦਿਖ ਦੇਣ ਲਈ ਉਸ ’ਤੇ ਉੱਪਰੋਂ ਥੱਲੇ ਤਕ ਸ਼ਕਲ ਵੇਖਣ ਵਾਲੇ ਸ਼ੀਸ਼ੇ ਲੱਗੇ ਹੋਏ ਸਨ। ਇਕਦਮ ਸਾਰਾ ਢਾਂਚਾ ਬੱਚੀ ’ਤੇ ਡਿੱਗਣ ਕਾਰਨ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ। ਉਸ ਨੂੰ ਤੁਰਤ ਨੇੜਲੇ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਵੀਡੀਉ 'ਚ ਵੇਖਿਆ ਜਾ ਸਕਦਾ ਹੈ ਕਿ ਆਪਣੇ ਮਾਪਿਆਂ ਨਾਲ ਆਈ ਬੱਚੀ ਸ਼ੋਅਰੂਮ ’ਚ ਦੇ ਪ੍ਰਵੇਸ਼ ਦੁਆਰ ’ਤੇ ਸ਼ੀਸ਼ੇ ਦੇ ਵੱਡੇ ਦਰਵਾਜ਼ੇ ਨਾਲ ਇਕੱਲੀ ਖੇਡ ਰਹੀ ਸੀ। ਬੱਚੀ ਦਰਵਾਜ਼ੇ ਦੇ ਆਲੇ-ਦੁਆਲੇ ਝੂਟਦੀ ਅਤੇ ਦਰਵਾਜ਼ੇ ਦਾ ਹੈਂਡਲ ਵੀ ਖਿੱਚਦੀ ਦਿਸ ਰਹੀ ਹੈ ਜਿਸ ਤੋਂ ਬਾਅਦ ਅਚਾਨਕ ਦਰਵਾਜ਼ਾ ਉਸ ’ਤੇ ਡਿੱਗ ਪਿਆ ਅਤੇ ਲੜਕੀ ਉਸ ਦੇ ਹੇਠਾਂ ਫਸ ਗਈ। ਭਾਰੀ ਆਵਾਜ਼ ਨਾਲ ਦਰਵਾਜ਼ੇ ਦੇ ਡਿੱਗਣ ਤੋਂ ਬਾਅਦ ਤੁਰਤ ਲੋਕ ਉਸ ਨੂੰ ਚੁੱਕਣ ਲਈ ਪੁੱਜੇ ਪਰ ਸ਼ੀਸ਼ੇ ਦਾ ਦਰਵਾਜ਼ਾ ਬਹੁਤ ਭਾਰੀ ਸੀ ਅਤੇ ਕਈ ਜਣਿਆਂ ਨੂੰ ਮਿਲ ਕੇ ਇਸ ਨੂੰ ਹਟਾਉਣਾ ਪਿਆ।
ਇਹ ਘਟਨਾ ਉਨ੍ਹਾਂ ਮਾਪਿਆਂ ਲਈ ਸਬਕ ਹੈ ਜੋ ਆਮ ਤੌਰ 'ਤੇ ਜਦੋਂ ਵੀ ਖਰੀਦਦਾਰੀ ਜਾਂ ਕਿਸੇ ਹੋਰ ਕੰਮ ਲਈ ਬਾਹਰ ਜਾਂਦੇ ਹਨ ਤਾਂ ਆਪਣੇ ਬੱਚਿਆਂ ਨੂੰ ਅਣਗੌਲਿਆ ਛੱਡ ਦਿੰਦੇ ਹਨ। ਬੱਚੇ ਇਕੱਲੇ ਸ਼ਰਾਰਤਾਂ ਕਰਦੇ ਖ਼ੁਦ ਨੂੰ ਨੁਕਸਾਨ ਪਹੁੰਚਾ ਸਕਦੇ ਹਨ ਅਤੇ ਇਥੋਂ ਤਕ ਕਿ ਉਹ ਬੱਚਿਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਅਪਰਾਧੀਆਂ ਦਾ ਵੀ ਆਸਾਨੀ ਨਾਲ ਸ਼ਿਕਾਰ ਵੀ ਹੋ ਸਕਦੇ ਹਨ।
(For more news apart from Ludhiana News Today, stay tuned to Rozana Spokesman)