
Punjab News: ਪੰਧੇਰ ਨੇ ਮੁਸਲਿਮ ਭਾਈਚਾਰੇ ਦੀ ਲੰਮੇ ਸਮੇਂ ਤੋਂ ਲਟਕ ਰਹੀ ਮੰਗ ਨੂੰ ਅਪਣੀ ਜ਼ਮੀਨ ’ਚੋਂ ਕਰੀਬ ਪੰਜ ਵਿਸਵੇ ਥਾਂ ਦਾਨ ਦੇ ਕੇ ਪੂਰਾ ਕੀਤਾ ਹੈ
Punjab News : ‘ਹਾਅ ਦਾ ਨਾਹਰਾ’ ਦੀ ਇਤਿਹਾਸਕ ਧਰਤੀ ਜ਼ਿਲ੍ਹਾ ਮਾਲੇਰਕੋਟਲਾ ਦੇ ਪਿੰਡ ਉਮਰਪੁਰਾ ਦੇ ਇਕ ਸਿੱਖ ਪ੍ਰਵਾਰ ਵਲੋਂ ਮਸਜਿਦ ਲਈ ਥਾਂ ਦਾਨ ਦੇ ਕੇ ਆਪਸੀ ਭਾਈਚਾਰਕ ਸਾਂਝ ਦੀ ਇਕ ਵਖਰੀ ਮਿਸਾਲ ਕਾਇਮ ਕੀਤੀ ਹੈ।
ਜ਼ਿਕਰਯੋਗ ਹੈ ਕਿ ਉਕਤ ਪਿੰਡ ਉਮਰਪੁਰਾ ਵਿਖੇ ਲੰਮੇ ਸਮੇਂ ਤੋਂ ਸਰਪੰਚ ਰਹੇ ਸਵ: ਤੇਜਿੰਦਰ ਸਿੰਘ ਪੰਧੇਰ ਦੇ ਉੱਘੇ ਸਮਾਜਸੇਵੀ ਪੁੱਤਰ ਸੁਖਜਿੰਦਰ ਸਿੰਘ ਪੰਧੇਰ ਅਤੇ ਅਵਨਿੰਦਰ ਸਿੰਘ ਪੰਧੇਰ ਆਸਟਰੇਲੀਆ ਨੇ ਅਪਣੇ ਨਗਰ ਦੇ ਮੁਸਲਿਮ ਭਾਈਚਾਰੇ ਦੀ ਲੰਮੇ ਸਮੇਂ ਤੋਂ ਲਟਕ ਰਹੀ ਮੰਗ ਨੂੰ ਅਪਣੀ ਜ਼ਮੀਨ ’ਚੋਂ ਕਰੀਬ ਪੰਜ ਵਿਸਵੇ ਥਾਂ ਦਾਨ ਦੇ ਕੇ ਪੂਰਾ ਕੀਤਾ ਹੈ ਜੋ ਕਿ ਸ਼ਲਾਘਾਯੋਗ ਕਦਮ ਹੈ।
ਪੰਧੇਰ ਪ੍ਰਵਾਰ ਦੇ ਇਸ ਉਪਰਾਲੇ ਦਾ ਸਥਾਨਕ ਮੁਸਲਿਮ ਭਾਈਚਾਰੇ ਵਲੋਂ ਧਨਵਾਦ ਕੀਤਾ ਗਿਆ। ਇਸ ਮੌਕੇ ਸਮਾਜਸੇਵੀ ਸੁਖਜਿੰਦਰ ਸਿੰਘ ਪੰਧੇਰ ਨੇ ਕਿਹਾ ਉਹ ਉਸ ਪ੍ਰਮਾਤਮਾ ਦੇ ਸ਼ੁਕਰ ਗੁਜ਼ਾਰ ਹਨ, ਜਿਨ੍ਹਾਂ ਨੇ ਉਨ੍ਹਾਂ ਪੰਧੇਰ ਭਰਾਵਾਂ ਤੋਂ ਅਪਣੀ ਇਬਾਦਤ ਲਈ ਥਾਂ ਦੇ ਰੂਪ ਵਿਚ ਸੇਵਾ ਲਈ। ਇਸ ਮੌਕੇ ਹਲਕਾ ਅਮਰਗੜ੍ਹ ਤੋਂ ਕਾਂਗਰਸ ਦੇ ਸੀਨੀਅਰ ਆਗੂ ਤੇ ਸਾ. ਚੇਅਰਮੈਨ ਹਰਜਿੰਦਰ ਸਿੰਘ ਕਾਕਾ ਨੱਥੂਮਾਜਰਾ ਨੇ ਕਿਹਾ ਕਿ ਇਹ ਇਕ ਵੱਡਾ ਉਦਮ ਹੈ ਜਿਸ ਨਾਲ ਸਮਾਜ ਵਿਚ ਆਪਸੀ ਪਿਆਰ ਤੇ ਭਾਈਚਾਰਕ ਸਾਂਝ ਵਧੇਗੀ।
ਇਸ ਮੌਕੇ ਸਰਪੰਚ ਹਰਕਮਲ ਸਿੰਘ ਧਾਲੀਵਾਲ ਤੇ ‘ਆਪ’ ਦੇ ਸੀਨੀ. ਆਗੂ ਆਗੂ ਸਿਕੰਦਰ ਸਿੰਘ ਪੰਧੇਰ ਤੇ ‘ਆਪ’ ਆਗੂ ਸੁਖਵਿੰਦਰ ਸਿੰਘ ਕਾਲਾ ਨੇ ਵੀ ਸਮਾਜਸੇਵੀ ਪੰਧੇਰ ਪ੍ਰਵਾਰ ਦੇ ਇਸ ਕਦਮ ਦੀ ਸ਼ਲਾਘਾ ਕੀਤੀ। ਇਸ ਮੌਕੇ ਡਾ.ਪ੍ਰੀਤ ਧਾਲੀਵਾਲ, ਪੰਚ ਮੁਹੰਮਦ ਅਸ਼ਰਫ਼, ਪੰਚ ਬਲਵਿੰਦਰ ਸਿੰਘ, ਸਾਬਕਾ ਪੰਚ ਬਿੱਟੂ, ਕੰਗਣ ਖ਼ਾਂ, ਫ਼ਕੀਰੀਆ ਖ਼ਾਂ, ਮੁਸ਼ਤਾਕ ਮੁਹੰਮਦ, ਤੇਲੂ ਖ਼ਾਂ, ਸ਼ੇਰ ਖ਼ਾਂ, ਰਫ਼ੀਕ ਮੁਹੰਮਦ, ਬਲਵਿੰਦਰ ਸਿੰਘ ਬਿੱਲਾ ਆਦਿ ਨੇ ਵੀ ਇਸ ਉਦਮ ਨੂੰ ਸ਼ਲਾਘਾਯੋਗ ਦਸਿਆ।