ਕਿਹਾ: 'ਆਪ' ਚਾਹੁੰਦੀ ਹੈ ਕਿ ਟਰਾਂਸਪੋਰਟ ਵਿਭਾਗ ਪ੍ਰਾਈਵੇਟ ਆਪਰੇਟਰਾਂ ਦੇ ਮੈਨੇਜਰ ਵਜੋਂ ਕੰਮ ਕਰੇ
ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਰੋਡਵੇਜ਼ ਦੇ ਪ੍ਰਦਰਸ਼ਨਕਾਰੀ ਸਟਾਫ਼ ਨਾਲ ਆਪਣੀ ਪਾਰਟੀ ਵੱਲੋਂ ਸਮਰਥਨ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਅਕਾਲੀ ਦਲ ਸਰਕਾਰ ਦੇ ਨਕਸ਼ੇ ਕਦਮਾਂ 'ਤੇ ਚੱਲ ਰਹੀ ਹੈ, ਜਿਸਨੇ ਆਪਣੇ ਆਗੂਆਂ ਦੇ ਨਿੱਜੀ ਫਾਇਦੇ ਲਈ ਪਬਲਿਕ ਟ੍ਰਾਂਸਪੋਰਟ ਸਿਸਟਮ ਨੂੰ ਹਾਈਜੈਕ ਕਰ ਲਿਆ ਸੀ।
ਉਨ੍ਹਾਂ ਨੇ ਆਮ ਆਦਮੀ ਪਾਰਟੀ ਸਰਕਾਰ ਦੇ ਇਸ਼ਾਰੇ 'ਤੇ ਪੰਜਾਬ ਪੁਲਿਸ ਵੱਲੋਂ ਸਟਾਫ਼ ਉਪਰ ਬੇਰਹਿਮੀ ਨਾਲ ਕੀਤੇ ਗਏ ਲਾਠੀਚਾਰਜ ਦੀ ਨਿੰਦਾ ਵੀ ਕੀਤੀ ਹੈ।
ਇਸੇ ਤਰ੍ਹਾਂ, ਸੂਬਾ ਕਾਂਗਰਸ ਪ੍ਰਧਾਨ ਨੇ ਸੰਗਰੂਰ ਵਿੱਚ ਕੁਝ ਪੱਤਰਕਾਰਾਂ ਨਾਲ ਬਦਸਲੂਕੀ ਦੀ ਵੀ ਸਖ਼ਤ ਨਿੰਦਾ ਕੀਤੀ ਹੈ, ਜਿਹੜੇ ਰੋਡਵੇਜ਼ ਦੇ ਮੁਲਾਜ਼ਮਾਂ ਵੱਲੋਂ ਕੀਤੇ ਗਏ ਵਿਰੋਧ ਪ੍ਰਦਰਸ਼ਨਾਂ ਨੂੰ ਕਵਰ ਕਰ ਰਹੇ ਸਨ।
ਉਨ੍ਹਾਂ ਰੋਡਵੇਜ਼ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਪ੍ਰਤੀ ਸਰਕਾਰ ਦੀ ਪ੍ਰਤੀਕਿਰਿਆ 'ਤੇ ਹੈਰਾਨੀ ਪ੍ਰਗਟਾਈ ਹੈ। ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਮੁਲਾਜ਼ਮਾਂ ਨੂੰ ਇੱਕ ਸੱਚਾ ਅਤੇ ਜਾਇਜ਼ ਖਦਸ਼ਾ ਹੈ ਕਿ 'ਆਪ' ਸਰਕਾਰ ਹੌਲੀ-ਹੌਲੀ ਪ੍ਰਾਈਵੇਟ ਆਪਰੇਟਰਾਂ ਤੋਂ ਬੱਸਾਂ ਆਊਟਸੋਰਸ ਕਰਕੇ ਪੰਜਾਬ ਰੋਡਵੇਜ਼ ਦੇ ਨਿੱਜੀਕਰਨ ਵੱਲ ਵਧ ਰਹੀ ਹੈ।
ਇਸ ਲੜੀ ਹੇਠ, ਪਿਛਲੀ ਕਾਂਗਰਸ ਸਰਕਾਰ ਵਿੱਚ ਟਰਾਂਸਪੋਰਟ ਮੰਤਰੀ ਵਜੋਂ ਸੇਵਾ ਨਿਭਾਅ ਚੁੱਕੇ, ਵੜਿੰਗ ਨੇ ਯਾਦ ਕੀਤਾ ਕਿ ਕਿਵੇਂ ਉਨ੍ਹਾਂ ਨੇ ਸਰਕਾਰੀ ਟਰਾਂਸਪੋਰਟ ਨੂੰ ਵਾਪਸ ਪਟੜੀ 'ਤੇ ਲਿਆਉਣ ਅਤੇ ਸਰਕਾਰ ਤੇ ਕੁਝ ਨਿੱਜੀ ਟਰਾਂਸਪੋਰਟਰਾਂ ਵਿਚਕਾਰ ਏਕਾਧਿਕਾਰ ਅਤੇ ਗੱਠਜੋੜ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ।
ਉਨ੍ਹਾਂ ਨੇ ਕਿਹਾ ਕਿ ਇਹ ਹੈਰਾਨ ਕਰਨ ਵਾਲੀ ਅਤੇ ਸ਼ਰਮਨਾਕ ਹੈ ਕਿ 'ਆਪ' ਸਰਕਾਰ ਸਰਕਾਰੀ ਟਰਾਂਸਪੋਰਟ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਤਹਿਤ ਸਾਡੇ ਵਲੋਂ ਕੀਤੇ ਗਏ ਕੰਮਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਨੇ ਇਸ ਗੱਲ ਦੀ ਵੀ ਚੇਤਾਵਨੀ ਦਿੱਤੀ ਕਿ ਸਰਕਾਰ ਦਾ ਇਹ ਵਤੀਰਾ ਆਮ ਲੋਕਾਂ ਨੂੰ ਨਿੱਜੀ ਟਰਾਂਸਪੋਰਟਰਾਂ ਦੇ ਰਹਿਮੋ-ਕਰਮ 'ਤੇ ਛੱਡ ਦੇਵੇਗਾ।
ਇਸ ਮੌਕੇ ਸੂਬਾ ਕਾਂਗਰਸ ਪ੍ਰਧਾਨ ਨੇ ਸਪੱਸ਼ਟ ਕੀਤਾ ਕਿ ਅਗਲੀ ਕਾਂਗਰਸ ਸਰਕਾਰ ਪੰਜਾਬ ਰੋਡਵੇਜ਼ 'ਤੇ ਪੂਰਾ ਸਰਕਾਰੀ ਕੰਟਰੋਲ ਬਹਾਲ ਕਰੇਗੀ, ਕਿਉਂਕਿ ਨਿੱਜੀ ਟਰਾਂਸਪੋਰਟਰਾਂ ਤੋਂ ਬੱਸਾਂ ਨੂੰ ਆਊਟਸੋਰਸ ਕਰਕੇ ਕੋਈ ਜਨਤਕ ਲਾਭ ਨਹੀਂ ਹੋਇਆ ਸੀ। ਉਨ੍ਹਾਂ ਨੇ ਸਵਾਲ ਕੀਤਾ ਕਿ ਕੀ ਅਜਿਹਾ ਕਰਕੇ 'ਆਪ' ਸਰਕਾਰ ਚਾਹੁੰਦੀ ਹੈ ਕਿ ਸਾਡਾ ਟਰਾਂਸਪੋਰਟ ਵਿਭਾਗ ਨਿੱਜੀ ਟਰਾਂਸਪੋਰਟਰਾਂ ਦੀਆਂ ਬੱਸਾਂ ਦੀ ਸੰਭਾਲ ਕਰੇ?
ਇਸ ਦੌਰਾਨ ਵੜਿੰਗ ਨੇ ਹੜਤਾਲੀ ਕਰਮਚਾਰੀਆਂ ਦੀਆਂ ਹੋਰ ਮੰਗਾਂ ਦਾ ਵੀ ਸਮਰਥਨ ਕੀਤਾ, ਜਿਸ ਵਿੱਚ ਸਾਰੇ ਠੇਕੇ 'ਤੇ ਰੱਖੇ ਸਟਾਫ ਨੂੰ ਨਿਯਮਤ ਕਰਨਾ ਸ਼ਾਮਲ ਹੈ।
