ਪੰਜਾਬ ਸਰਕਾਰ ਤੋਂ ਇਸ ਵਿਸਥਾਰ ਲਈ 25 ਏਕੜ ਜ਼ਮੀਨ ਦੀ ਮੰਗ ਕੀਤੀ
ਮੋਹਾਲੀ : ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਸ਼ੁਕਰਵਾਰ ਨੂੰ ਕਿਹਾ ਕਿ ਸਰਕਾਰ ਅਗਲੇ ਤਿੰਨ ਸਾਲਾਂ ’ਚ ਸਰਕਾਰੀ ਚਿੱਪ ਕੰਪਨੀ ਸੈਮੀ-ਕੰਡਕਟਰ ਲੈਬਾਰਟਰੀ (ਐਸ.ਸੀ.ਐਲ.) ਦੇ ਆਧੁਨਿਕੀਕਰਨ ਲਈ 4,500 ਕਰੋੜ ਰੁਪਏ ਦਾ ਨਿਵੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ।
ਸੈਮੀ-ਕੰਡਕਟਰ ਲੈਬਾਰਟਰੀ (ਐਸ.ਸੀ.ਐਲ.), ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ (ਐਮ.ਈ.ਆਈ.ਟੀ.ਵਾਈ.) ਦੇ ਅਧੀਨ ਇਕ ਖੁਦਮੁਖਤਿਆਰੀ ਸੰਸਥਾ ਹੈ, ਦੇਸ਼ ਦੀ ਇਕੋ-ਇਕ ਏਕੀਕ੍ਰਿਤ ਡਿਵਾਈਸ ਨਿਰਮਾਣ ਸਹੂਲਤ ਹੈ ਜੋ ਐਪਲੀਕੇਸ਼ਨ ਸਪੈਸਿਫਿਕ ਇੰਟੀਗ੍ਰੇਟਿਡ ਸਰਕਟ (ਏ.ਐਸ.ਆਈ.ਸੀ.), ਆਪਟੋ-ਇਲੈਕਟ੍ਰਾਨਿਕਸ ਉਪਕਰਣਾਂ, ਅਤੇ ਮਾਈਕਰੋ ਇਲੈਕਟ੍ਰੋ ਮਕੈਨੀਕਲ ਸਿਸਟਮ (ਐਮ.ਈ.ਐਮ.ਐਸ.) ਉਪਕਰਣਾਂ ਦੇ ਵਿਕਾਸ ਲਈ ਐਂਡ-ਟੂ-ਐਂਡ ਹੱਲ ਪ੍ਰਦਾਨ ਕਰਦੀ ਹੈ।
ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਤੋਂ ਇਸ ਵਿਸਥਾਰ ਲਈ 25 ਏਕੜ ਜ਼ਮੀਨ ਦੀ ਮੰਗ ਕੀਤੀ ਹੈ। ਵੈਸ਼ਨਵ ਨੇ ਕਿਹਾ ਕਿ ਅਗਲੇ ਤਿੰਨ ਸਾਲਾਂ ’ਚ 4,500 ਕਰੋੜ ਰੁਪਏ ਦੇ ਨਿਵੇਸ਼ ਨਾਲ ਐੱਸਸੀਐੱਲ ਦਾ ਆਧੁਨਿਕੀਕਰਨ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਐੱਸ.ਸੀ.ਐੱਲ. ਸੈਮੀਕੰਡਕਟਰਾਂ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੋਚ ਨੂੰ ਸਾਕਾਰ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਏਗੀ ਅਤੇ ਭਰੋਸਾ ਦਿਤਾ ਕਿ ਸੁਵਿਧਾ ਦੇ ਨਿਜੀਕਰਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
ਮੰਤਰੀ ਨੇ ਕਿਹਾ ਕਿ ਐਸ.ਸੀ.ਐਲ. ਵਿਖੇ ਉਤਪਾਦਨ ਨੂੰ 100 ਗੁਣਾ ਵਧਾਉਣ ਦੀ ਲੋੜ ਹੈ। ਉਨ੍ਹਾਂ ਨੇ ਕਿਹਾ, ‘‘ਟੈਕਨੋਲੋਜੀ ਵਿਚ ਮਹੱਤਵਪੂਰਨ ਤਬਦੀਲੀ ਲਿਆਉਣ ਦੀ ਜ਼ਰੂਰਤ ਹੈ। ਸਾਨੂੰ ਇੱਥੇ ਮੌਜੂਦ ਦਹਾਕਿਆਂ ਪੁਰਾਣੀ ਟੈਕਨੋਲੋਜੀ ਉਤੇ ਇਕ ਵੱਡੀ ਛਲਾਂਗ ਲਗਾਉਣ ਦੀ ਜ਼ਰੂਰਤ ਹੈ। ਐੱਸ.ਸੀ.ਐੱਲ. ਮੋਹਾਲੀ ਸਟਾਰਟਅਪਸ ਲਈ ‘ਟੇਪ ਆਊਟ ਸਹੂਲਤ’ ਪ੍ਰਦਾਨ ਕਰੇਗਾ।’’ ਇਕ ‘ਟੇਪ ਆਊਟ ਸਹੂਲਤ’ ਇਕ ਸੈਮੀਕੰਡਕਟਰ ਫੈਬਰੀਕੇਸ਼ਨ ਪਲਾਂਟ ਨੂੰ ਦਰਸਾਉਂਦਾ ਹੈ ਜਿਸ ਵਿਚ ਡਿਜ਼ਾਈਨ ਪੜਾਅ ਦੇ ਪੂਰਾ ਹੋਣ ਤੋਂ ਬਾਅਦ ਇਕ ਅੰਤਮ ਚਿੱਪ ਡਿਜ਼ਾਈਨ ਨਿਰਮਾਣ ਯੂਨਿਟ ਨੂੰ ਭੇਜਿਆ ਜਾਂਦਾ ਹੈ।
ਉਨ੍ਹਾਂ ਨੇ ਕਿਹਾ ਕਿ ਯੂਨੀਵਰਸਿਟੀ ਦੇ 300 ਵਿਦਿਆਰਥੀ, ਅੰਡਰਗ੍ਰੈਜੂਏਟ, ਰੀਸਰਚ ਫੈਲੋ ਦੇਸ਼ ਵਿਚ ਚਿੱਪ ਡਿਜ਼ਾਈਨ ਦੇ ਲਈ ਦੁਨੀਆਂ ਦੇ ਨਵੀਨਤਮ ਈ.ਡੀ.ਏ ਟੂਲਸ ਦਾ ਉਪਯੋਗ ਕਰ ਰਹੇ ਹਨ ਅਤੇ ਐੱਸ.ਸੀ.ਐੱਲ. ਉਨ੍ਹਾਂ ਚਿਪਸ ਦੇ ਉਤਪਾਦਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਵੇਗਾ। ਈ.ਡੀ.ਏ ਟੂਲਜ਼, ਜਾਂ ਇਲੈਕਟ੍ਰਾਨਿਕ ਡਿਜ਼ਾਈਨ ਆਟੋਮੇਸ਼ਨ ਟੂਲਜ਼, ਇਲੈਕਟ੍ਰਾਨਿਕ ਪ੍ਰਣਾਲੀਆਂ ਜਿਵੇਂ ਕਿ ਇੰਟੀਗ੍ਰੇਟਿਡ ਸਰਕਟ (ਆਈ.ਸੀ.) ਅਤੇ ਪ੍ਰਿੰਟਿਡ ਸਰਕਟ ਬੋਰਡ (ਪੀ.ਸੀ.ਬੀ.) ਨੂੰ ਡਿਜ਼ਾਈਨ ਕਰਨ ਲਈ ਵਰਤੇ ਜਾਂਦੇ ਸਾਫਟਵੇਅਰ ਹਨ।
ਮੰਤਰੀ ਨੇ ਕਿਹਾ, ‘‘ਸਾਨੂੰ ਐਸ.ਸੀ.ਐਲ. ਮੁਹਾਲੀ ਦਾ ਵਿਸਥਾਰ ਕਰਨ ਦੀ ਲੋੜ ਹੈ। ਅਸੀਂ ਪੰਜਾਬ ਸਰਕਾਰ ਨੂੰ 25 ਏਕੜ ਜ਼ਮੀਨ ਅਲਾਟ ਕਰਨ ਦੀ ਬੇਨਤੀ ਕੀਤੀ ਹੈ। ਜਿੰਨੀ ਤੇਜ਼ੀ ਨਾਲ ਤੁਸੀਂ ਜ਼ਮੀਨ ਅਲਾਟ ਕਰੋਗੇ, ਓਨੀ ਹੀ ਤੇਜ਼ੀ ਨਾਲ ਇਹ ਐਸ.ਸੀ.ਐਲ. ਮੋਹਾਲੀ ਦੇ ਵਿਸਥਾਰ ਵਿਚ ਸਹਾਇਤਾ ਕਰੇਗੀ।’’
