
ਪੂਰੀ ਤਾਕਤ ਨਾਲ ਚੋਣਾਂ ਲੜ ਕੇ ਅਕਾਲੀ ਕਾਂਗਰਸੀਆਂ ਨੂੰ ਕਰਾਂਗੇ ਬਾਹਰ: ਜਰਨੈਲ ਸਿੰਘ
ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਆਉਣ ਵਾਲੀਆਂ ਨਗਰ ਨਿਗਮਾਂ ਅਤੇ ਮਿਊਸ਼ਪਲ ਕਮੇਟੀਆਂ ਦੀਆਂ ਚੋਣਾਂ ਆਪਣੇ ਚੋਣ ਨਿਸ਼ਾਨ ‘ਝਾੜੂ’ ਉੱਤੇ ਲੜੇਗੀ। ਇਹ ਐਲਾਨ ਅੱਜ ਇਥੇ ਪਾਰਟੀ ਹੈੱਡਕੁਆਟਰ ਉੱਤੇ ਬੁਲਾਈ ਪ੍ਰੈਸ ਕਾਨਫਰੰਸ ਦੌਰਾਨ ਪਾਰਟੀ ਦੇ ਇੰਚਾਰਜ ਤੇ ਦਿੱਲੀ ਤੋਂ ਵਿਧਾਇਕ ਜਰਨੈਲ ਸਿੰਘ, ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਸਾਂਝੇ ਤੌਰ ਉੱਤੇ ਕੀਤਾ।
Harpal Singh Cheema
ਇਸ ਮੌਕੇ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ, ਵਿਰੋਧੀ ਧਿਰ ਦੇ ਉਪ ਨੇਤਾ ਸਰਵਜੀਤ ਕੌਰ ਮਾਣੂੰਕੇ, ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਅਮਨ ਅਰੋੜਾ, ਗੁਰਮੀਤ ਸਿੰਘ ਮੀਤ ਹੇਅਰ, ਪ੍ਰਿੰਸੀਪਲ ਬੁੱਧਰਾਮ, ਪ੍ਰੋ ਬਲਜਿੰਦਰ ਕੌਰ, ਜੈ ਕਿਸ਼ਨ ਸਿੰਘ ਰੋੜੀ, ਕੁਲਵੰਤ ਸਿੰਘ ਪੰਡੋਰੀ, ਜਗਤਾਰ ਸਿੰਘ ਜੱਗਾ ਹਿੱਸੋਵਾਲ, ਮਨਜੀਤ ਸਿੰਘ ਬਿਲਾਸਪੁਰ, ਮਾਸਟਰ ਬਲਦੇਵ ਸਿੰਘ, ਰੁਪਿੰਦਰ ਕੌਰ ਰੂਬੀ, ਅਮਰਜੀਤ ਸਿੰਘ ਸੰਦੋਆ, ਪਾਰਟੀ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ, ਸਕੱਤਰ ਗਗਨਦੀਪ ਸਿੰਘ ਚੱਢਾ ਤੋਂ ਇਲਾਵਾ ਹੋਰ ਆਗੂ ਹਾਜ਼ਰ ਸਨ।
Jarnail Singh
ਜਰਨੈਲ ਸਿੰਘ ਨੇ ਕਿਹਾ ਕਿ ‘ਆਪ’ ਵੱਲੋਂ ਹੋਣ ਵਾਲੀਆਂ ਸਥਾਨਕ ਸਰਕਾਰਾਂ ਦੀਆਂ ਚੋਣਾਂ ਵਿੱਚ ਸਾਰੀਆਂ ਦੀਆਂ ਸਾਰੀਆਂ ਸੀਟਾਂ ਪੂਰੀ ਤਾਕਤ ਨਾਲ ਲੜੇਗੀ। ਇਹ ਚੋਣਾਂ ਪਾਰਟੀ ਦੇ ਚੋਣ ਨਿਸ਼ਾਨ ਉਤੇ ਹੀ ਲੜੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸ਼ਹਿਰਾਂ ਵਿੱਚ ਬਦਲਾਅ ਦੇ ਲਈ ਲੋਕਾਂ ਵਾਸਤੇ ਇਹ ਸ਼ੁਨਿਹਰੀ ਮੌਕਾ ਹੈ ਕਿ ਉਹ ਇਸ ਵਾਰ ਲੋਕਾਂ ਲਈ ਕੰਮ ਕਰਨ ਵਾਲੇ ਵਿਅਕਤੀਆਂ ਨੂੰ ਆਪਣਾ ਕੌਂਸਲਰ ਚੁਣਨ। ਉਨ੍ਹਾਂ ਚੋਣਾਂ ਵਿੱਚ ਕੰਮ ਕਰਨ ਵਾਲੇ ਸਰਕਾਰੀ ਅਧਿਕਾਰੀਆਂ ਨੂੰ ਕਿਹਾ ਕਿ ਉਹ ਬਿਨਾਂ ਕਿਸੇ ਦਬਾਅ ਦੇ ਆਪਣੀ ਡਿਊਟੀ ਕਰਨ।
Bhagwant Mann
ਉਨ੍ਹਾਂ ਕਿਹਾ ਕਿ ਕਿਸੇ ਸਰਕਾਰ ਦਾ ਦਬਾਅ ਮੰਨਣ ਦੀ ਕੋਈ ਜ਼ਰੂਰਤ ਨਹੀਂ ਹੈ, ਕਿਉਂਕਿ ਇਕ ਸਾਲ ਬਾਅਦ ਇਹ ਕਾਂਗਰਸ ਦੀ ਸਰਕਾਰ ਬਦਲ ਜਾਵੇਗੀ। ਭਗਵੰਤ ਮਾਨ ਨੇ ਕਿਹਾ ਕਿ ਨਗਰ ਨਿਗਮਾਂ, ਮਿਊਂਸਪਲ ਕਮੇਟੀਆਂ ਵਿੱਚ ਕਰੋੜਾਂ ਰੁਪਏ ਦੇ ਘਪਲੇ ਕੀਤੇ ਜਾਂਦੇ ਹਨ। ਅਜਿਹੇ ਭ੍ਰਿਸ਼ਟਾਚਾਰ ਨੂੰ ਰੋਕਣ ਦੇ ਲਈ ਜ਼ਰੂਰੀ ਹੈ ਕਿ ਇਕ ਪੜ੍ਹੇ ਲਿਖੇ ਤੇ ਯੋਗ ਵਿਅਕਤੀਆਂ ਨੂੰ ਆਪਣਾ ਪ੍ਰਤੀਨਿੱਧ ਚੁਣਿਆ ਜਾਵੇ। ਉਨ੍ਹਾਂ ਕਿਹਾ ਕਿ ਪਾਰਟੀ ਚੋਣ ਨਿਸ਼ਾਨ ‘ਝਾੜੂ’ ਨਾਲ ਗਲੀ ਮੁਹੱਲੇ ’ਚੋਂ ਰਾਜਨੀਤਿਕ ਅਤੇ ਕੂੜੇ ਦੀ ਗੰਦਗੀ ਨੂੰ ਸਾਫ ਕੀਤਾ ਜਾਵੇਗਾ।
Farmers Protest
ਕਿਸਾਨ ਅੰਦੋਲਨ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਉਮੀਦ ਕਰਦੇ ਹਾਂ ਕਿ ਛੇਤੀ ਹੀ ਕੇਂਦਰ ਦੀ ਤਾਨਾਸ਼ਾਹ ਮੋਦੀ ਸਰਕਾਰ ਦੀ ਧੋਣ ’ਚ ਅੜੇ ਹੋਇਆ ਆਕੜ ਵਾਲਾ ਕਿੱਲਾ ਛੇਤੀ ਹੀ ਨਿਕਲੇ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਦੇ ਕਿਸਾਨ ਆਪਣੀਆਂ ਹੱਕ ਪੈ ਰਹੇ ਕੜਾਕੇ ਦੀ ਠੰਢ ’ਚ ਸੜਕਾਂ ਉੱਤੇ ਅੰਦੋਲਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਸੈਂਟਰਲ ਹਾਲ ’ਚ ਪ੍ਰਧਾਨ ਮੰਤਰੀ ਮੋਦੀ ਸਾਹਮਣੇ ਕਿਸਾਨਾਂ ਦੀ ਆਵਾਜ਼ ਉਠਾਕੇ ਆਪਣਾ ਇਕ ਫਰਜ਼ ਨਿਭਾਇਆ ਹੈ। ਉਨ੍ਹਾਂ ਐਲਾਨ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਜਿੱਥੇ ਵੀ ਪ੍ਰਧਾਨ ਮੰਤਰੀ ਮੋਦੀ ਦਾ ਸਾਹਮਣਾ ਹੋਵੇਗਾ ਉਥੇ ਹੀ ਕਿਸਾਨਾਂ ਦੀ ਆਵਾਜ਼ ਬੁਲੰਦ ਕੀਤੀ ਜਾਵੇਗੀ।