
ਪ੍ਰਧਾਨ ਮੰਤਰੀ ਕੇਸਰ ਦੇ ਫ਼ਾਇਦੇ ਗਿਣਾਉਂਦੇ ਰਹੇ ਤੇ ਬਾਹਰ ਥਾਲੀਆਂ-ਪੀਪੇ ਖੜਕਦੇ ਰਹੇ
ਮੋਦੀ ਦੀ 'ਮਨ ਕੀ ਬਾਤ' ਦਾ ਅਨੋਖੇ ਢੰਗ ਨਾਲ ਵਿਰੋਧ
ਚੰਡੀਗੜ੍ਹ, 27 ਦਸੰਬਰ (ਸਪੋਕਸਮੈਨ ਸਮਾਚਾਰ ਸੇਵਾ): ਖੇਤੀ ਕਾਨੂੰਨਾਂ ਵਿਰੁਧ ਚੱਲ ਰਹੇ ਸੰਘਰਸ਼ ਤਹਿਤ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅੱਜ 'ਮਨ ਕੀ ਬਾਤ' ਕੀਤੇ ਜਾਣ ਦੇ ਉਲਟ ਕਿਸਾਨਾਂ ਨੇ ਥਾਲੀਆਂ-ਪੀਪੇ ਖੜਕਾ ਕੇ ਪ੍ਰਧਾਨ ਮੰਤਰੀ ਮੋਦੀ ਨੂੰ ਅਪਣੇ ਮਨ ਦੀ ਬਾਤ ਸੁਣਾਈ | ਕਿਸਾਨਾਂ ਨੇ ਕਿਹਾ ਕਿ ਹੁਣ ਅਪਣੇ ਮਨ ਦੀ ਬਾਤ ਛੱਡੋ, ਸਾਡੇ ਮਨ ਦੀ ਬਾਤ ਸੁਣੋ | ਜ਼ਿਕਰਯੋਗ ਹੈ ਬੀਤੇ ਦਿਨੀਂ ਸਿੰਘੂ ਬਾਰਡਰ 'ਤੇ ਹੋਈ ਮੀਟਿੰਗ 'ਚ ਸੰਯੁਕਤ ਕਿਸਾਨ ਮੋਰਚਾ ਨੇ ਫ਼ੈਸਲਾ ਲਿਆ ਸੀ ਕਿ ਜਦੋਂ ਪ੍ਰਧਾਨ ਮੰਤਰੀ 'ਮਨ ਕੀ ਬਾਤ' ਕਰਨਗੇ ਤਾਂ ਉਹ ਥਾਲੀਆਂ ਖੜਕਾ ਕੇ ਵਿਰੋਧ ਕਰਨਗੇ | ਯਾਦ ਰਹੇ ਕਿ ਕੋਰੋਨਾ ਕਾਰਨ ਲੱਗੀ ਤਾਲਾਬੰਦੀ ਦੌਰਾਨ ਲੋਕਾਂ ਨੇ ਪ੍ਰਧਾਨ ਮੰਤਰੀ ਦੀ ਹਰ ਇਕ ਗੱਲ ਅੱਖਾਂ ਮੀਟ ਕੇ ਮੰਨੀ ਸੀ ਤੇ ਉਨ੍ਹਾਂ ਦੇ ਕਹਿਣ 'ਤੇ ਲੋਕਾਂ ਨੇ ਪੂਰੇ ਜੋਸ਼ ਨਾਲ ਥਾਲੀਆਂ ਖੜਕਾਈਆਂ ਸਨ ਪਰ ਅੱਜ ਉਹੀ ਥਾਲੀਆਂ ਪ੍ਰਧਾਨ ਮੰਤਰੀ ਦੇ ਵਿਰੋਧ 'ਚ ਖੜਕੀਆਂ | ਪੂਰੇ ਪੰਜਾਬ ਅਤੇ ਹਰਿਆਣਾ ਤੋਂ ਮਿਲੀਆਂ ਖ਼ਬਰਾਂ ਅਨੁਸਾਰ ਕਿਸਾਨਾਂ ਦੇ ਇਸ ਸੱਦੇ ਨੂੰ ਭਰਵਾਂ ਹੰੁਗਾਰਾ ਮਿਲਿਆ ਤੇ ਲੋਕਾਂ ਨੇ ਜਦੋਂ ਪ੍ਰਧਾਨ ਮੰਤਰੀ ਕਸ਼ਮੀਰੀ ਕੇਸਰ ਦੇ ਫ਼ਾਇਦੇ ਗਿਣਾ ਰਹੇ ਸਨ ਤਾਂ ਰੱਜ ਕੇ ਥਾਲੀਆਂ ਖੜਕਾਈਆਂ ਤੇ ਅਪਣਾ ਵਿਰੋਧ ਦਰਜ ਕਰਵਾਇਆ | ਇਸ ਸੱਦੇ ਨੂੰ ਪੰਜਾਬ ਦੇ ਮਾਲਵੇ, ਮਾਝੇ ਤੇ ਦੋਆਬੇ ਅੰਦਰ ਭਰਵਾਂ ਹੰੁਗਾਰਾ ਮਿਲਿਆ | ਇਸ ਤੋਂ ਇਲਾਵਾ ਹਰਿਆਣਾ, ਯੂ.ਪੀ ਤੇ ਉਤਰਾਖੰਡ ਤੋਂ ਵੀ ਮਨ ਕੀ ਬਾਤ ਦੇ ਵਿਰੋਧ 'ਚ ਥਾਲੀਆਂ-ਕੌਲੀਆਂ ਖੜਕਾਉਣ ਦੀਆਂ ਖ਼ਬਰਾਂ ਮਿਲੀਆਂ ਹਨ |
ਫ਼ੋਟੋ : ਕਿਸਾਨ-ਥਾਲੀਆਂ