
ਢੀਂਡਸਾ, ਬ੍ਰਹਮਪੁਰਾ ਅਤੇ ਕਿਸਾਨ ਜਥੇਬੰਦੀਆਂ ਨੇ ਪੰਜਾਬ ਦੀ ਕਿਰਸਾਨੀ ਦੇ ਵਡੇਰੇ ਹਿੱਤਾਂ ਨਾਲ ਵਿਸ਼ਵਾਸਘਾਤ ਕੀਤਾ : ਬੀਰਦਵਿੰਦਰ ਸਿੰਘ
ਐਸ.ਏ.ਐਸ. ਨਗਰ (ਮੁਹਾਲੀ) : ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਅੱਜ ਆਪਣੀ ਚੁੱਪੀ ਤੋੜਦਿਆਂ ਰਾਜ ਸਭਾ ਦੇ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ।
Sukhdev Singh Dhindsa
ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਅਤੇ ਸਰਪ੍ਰਸਤ ਰਣਜੀਤ ਸਿੰਘ ਬ੍ਰਹਮਪੁਰਾ , ਇਨ੍ਹਾਂ ਦੋਵਾਂ ਚੌਧਰੀਆਂ ਨੇ ਭਾਜਪਾ ਅਤੇ ਬਾਦਲ ਟੱਬਰ ਦੇ ਅਕਾਲੀ ਦਲ ਕੋਲ, ਪੰਥ ਅਤੇ ਪੰਜਾਬ ਨੂੰ ਵੇਚ ਦਿੱਤਾ ਹੈ। ਇਸ ਲਈ ਹੁਣ ਉਨ੍ਹਾਂ ਦਾ ਉੱਥੇ ਅਕਾਲੀ ਦਲ (ਸੰਯੁਕਤ) ਵਿੱਚ ਬੈਠੇ ਰਹਿਣ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਹੈ।
Brahmpura
ਅੱਜ ਇੱਥੇ ਸਾਬਕਾ ਡਿਪਟੀ ਸਪੀਕਰ ਨੇ ਕਿਹਾ ਕਿ ਜਿੱਥੇ ਢੀਂਡਸਾ ਅਤੇ ਬ੍ਰਹਮਪੁਰਾ ਨੇ ਪੰਜਾਬ, ਪੰਜਾਬੀਅਤ ਅਤੇ ਪੰਥ ਨਾਲ ਵਿਸ਼ਵਾਸਘਾਤ ਕੀਤਾ ਹੈ, ਉੱਥੇ ਕਿਸਾਨ ਜਥੇਬੰਦੀਆਂ ਦੇ ਚੌਧਰੀ ਬਣੇ ਆਗੂਆਂ ਨੇ ਵੀ ਪੰਜਾਬ ਦੇ ਲੋਕਾਂ ਨਾਲ ਸਿਰੇ ਦਾ ਵਿਸ਼ਵਾਸਘਾਤ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿੰਨੀ ਦੇਰ ਤੱਕ ਕਿਸਾਨ ਅੰਦੋਲਨ ਚਲਦਾ ਰਿਹਾ, ਉਨ੍ਹਾਂ ਨੇ ਪਹਿਲੇ ਦਿਨ ਤੋਂ ਹੀ ਕਿਸਾਨੀ ਸੰਘਰਸ਼ ਦਾ ਸਮਰਥਨ ਕੀਤਾ ਅਤੇ ਕਿਸਾਨਾਂ ਨੂੰ ਤਕੜਾ ਕਰਨ ਲਈ ਉਨ੍ਹਾਂ ਦੀ ਮਦਦ ਕੀਤੀ ਗਈ।
Bir Bir Davinder Singh
ਉਦੋਂ ਕਿਸਾਨ ਜਥੇਬੰਦੀਆਂ ਨੇ ‘ਸਾਡੇ ਮੰਚ 'ਤੇ ਨਾ ਚੜਿਓ’ ਕਹਿ ਕੇ ਕਿਸੇ ਵੀ ਸਿਆਸੀ ਆਗੂ ਨੂੰ ਮੰਚ ’ਤੇ ਬੋਲਣ ਤੱਕ ਨਹੀਂ ਸੀ ਦਿੱਤਾ ਅਤੇ ਆਖਦੇ ਸਨ ਕਿ ਸਾਡਾ ਅੰਦੋਲਨ ਸਿਆਸੀ ਨਹੀਂ ਹੈ। ਇਸ ਲਈ ਉਨ੍ਹਾਂ ਨੇ ਕਿਸਾਨਾਂ ਦੇ ਦਰਦ ਨੂੰ ਮਹਿਸੂਸ ਕਰਦੇ ਹੋਏ ਦੁਨੀਆ ਭਰ ਵਿੱਚ ਅਪੀਲ ਕੀਤੀ ਕਿ ਕਿਸਾਨ ਅੰਦੋਲਨ ਦੀ ਡਟਵੀਂ ਮਦਦ ਕੀਤੀ ਜਾਵੇ।
ਉਨ੍ਹਾਂ ਪੱਲਾ ਅੱਡ ਕੇ ਇਹ ਅਪੀਲ ਕੀਤੀ ਕਿ ਪੰਜਾਬ ਦੀ ਅਤੇ ਕਿਸਾਨ ਦੀ ਇੱਜ਼ਤ ਦਾ ਸਵਾਲ ਹੈ ਅਤੇ ਕਿਸਾਨੀ ਦੇ ਬੁਨਿਆਦੀ ਧੰਦੇ ਨੂੰ ਬਚਾਉਣ ਦਾ ਸਵਾਲ ਹੈ ਅਤੇ ਸਿੱਖ ਕਦਰਾਂ-ਕੀਮਤਾਂ ਅਤੇ ਖਾਲਸਾ ਪੰਥ ਦੀਆਂ ਸ਼ਾਨਦਾਰ ਰਵਾਇਤਾਂ ਦਾ ਸਵਾਲ ਹੈ, ਪ੍ਰੰਤੂ ਹੁਣ ਇਨ੍ਹਾਂ (ਕਿਸਾਨ ਜਥੇਬੰਦੀਆਂ) ਨੇ ਖ਼ੁਦ ਹੀ ਕੁਰਬਾਨੀ ਦੀ ਭਾਵਨਾ ਸੱਚ ਪਿੱਠ ਦੇ ਕੇ ਸਾਰਾ ਕੁੱਝ ਮਲੀਆ ਮੇਟ ਕਰਕੇ ਰੱਖ ਦਿੱਤਾ ਹੈ।
Bir Davinder Singh
ਬੀਰਦਵਿੰਦਰ ਸਿੰਘ ਨੇ ਕਿਹਾ ਕਿ ਜੇ ਸਿਆਸਤ ਦਾ ਇਨਾ ਹੀ ਚਾਅ ਸੀ, ਫਿਰ ਸਿਆਸਤ ਤੋਂ ਕਿਨਾਰਾਕਸ਼ੀ ਦਾ ਪਾਖੰਡ ਕਿਉਂ ਕਰ ਰਹੇ ਸਨ ? ਹੁਣ ਕਿਸਾਨ ਆਗੂਆਂ ’ਤੇ ਉਸੇ ਹੀ ਸੱਤਾ ਦੀ ਸਿਆਸਤ ਦਾ ਸਿਆਸੀ ਰੰਗ ਕਿਉਂ ਚੜ੍ਹਨਾ ਸ਼ੁਰੂ ਹੋ ਗਿਆ ਹੈ ਅਤੇ ਹੁਣ ਉਹ ਕਿਸਾਨੀ ਅੰਦੋਲਨ 750 ਸ਼ਹੀਦਾਂ ਦੇ ਬਲਦੇ ਸਿਵਿਆਂ ਦੇ ਸੇਕ 'ਚੋਂ ਆਪਣੀਆਂ ਸਿਆਸੀ ਰੋਟੀਆਂ ਸੇਕਣ ਨੂੰ ਫਿਰਦੇ ਹਨ ਅਤੇ ‘ਕੁਰਸੀਆਂ’ ਦੇ ਲੋਭੀ ਬਣੇ ਫਿਰਦੇ ਹਨ।
ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਰਾਜਨੀਤਕ ਅਫ਼ਰਾ-ਤਫਰੀ ਦੇ ਮਾਹੌਲ ਵਿੱਚ , ਸੱਤਾ ਦੇ ਦਲਾਲ, ਧਾੜਵੀਆਂ ਵਾਂਗ ਪੰਜਾਬ ਨੂੰ ਲੁੱਟਣ ਲਈ, ਹਾਬੜੇ ਫਿਰਦੇ ਹਨ। ਇਸ ਬੇਯਕੀਨੀ ਦੇ ਵਾਤਾਵਰਨ ਵਿੱਚ ਪੰਜਾਬ ਦੇ ਆਮ ਲੋਕਾਂ ਦੀ ਇਹ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੀ ਜ਼ੁਬਾਨ ਤੋਂ ਪਿੱਛੇ ਹਟਣ ਵਾਲੇ ਲੋਕਾਂ ਨੂੰ ਬੂਰੀ ਤਰ੍ਹਾਂ ਨਕਾਰ ਕੇ ਉਨ੍ਹਾਂ ਨੂੰ ਫਰਜ਼ਾਂ ਪ੍ਰਤੀ ਸੁਚੇਤ ਕਰਨ ਦਾ ਬੀੜਾ ਚੁੱਕਣ ਅਤੇ ਪਿੰਡਾਂ ਦੀਆਂ ਸੱਥਾਂ ਵਿੱਚ ਵੋਟਾਂ ਮੰਗਣ ਆਉਣ ’ਤੇ ਉਨ੍ਹਾਂ ਪਾਸੋਂ ਉਕਤ ਸਵਾਲਾਂ ਦੇ ਜਵਾਬ ਜ਼ਰੂਰ ਮੰਗਣ ਦੀ ਹਿੰਮਤ ਕਰਨ। ਉਨ੍ਹਾਂ ਕਿਹਾ ਕਿ ਮੈਂ ਬਹੁਤ ਜਲਦੀ ਸਿਹਤਯਾਬ ਹੋ ਕੇ ਲੋਕਾਂ ਵਿੱਚ ਆਪਣੀ ਗੱਲ ਰੱਖਾਂਗਾ ਅਤੇ ਪੰਜਾਬ ਦੇ ਲੋਕਾਂ ਦੇ ਵਡੇਰੇ ਹਿੱਤਾਂ 'ਤੇ ਪਹਿਰਾ ਦੇਣ ਦੀ ਹਰ ਬਣਦੀ ਵਾਹ ਲਾਵਾਂਗਾ ।