
ਦਿੱਲੀ 'ਚ ਸੋਮਵਾਰ ਤੋਂ ਲਾਗੂ ਹੋਇਆ 'ਕੋਰੋਨਾ ਕਰਫ਼ਿਊ'
ਨਵੀਂ ਦਿੱਲੀ, 27 ਦਸੰਬਰ : ਦਿੱਲੀ ਵਿਚ ਵੱਧ ਰਹੇ ਕੋਰੋਨਾ ਮਾਮਲਿਆਂ ਦਰਮਿਆਨ ਸੋਮਵਾਰ ਰਾਤ ਤੋਂ ਕਰਫ਼ਿਊ ਲਗਣਾ ਸ਼ੁਰੂ ਹੋ ਗਿਆ ਹੈ | ਇਹ ਕਰਫ਼ਿਊ ਰਾਤ 11 ਵਜੇ ਤੋਂ ਸਵੇਰੇ 5 ਵਜੇ ਤਕ ਲਗਿਆ ਕਰੇਗਾ ਅਤੇ ਗਰਭਵਤੀ ਔਰਤਾਂ, ਜ਼ਰੂਰੀ ਵਸਤਾਂ ਨੂੰ ਖ਼ਰੀਦਣ ਵਾਲੇ ਲੋਕਾਂ ਅਤੇ ਰੇਲਵੇ ਸਟੇਸ਼ਨਾਂ, ਬੱਸ ਅਤੇ ਹਵਾਈ ਅੱਡਿਆਂ ਨੂੰ ਜਾਣ ਵਾਲੇ ਲੋਕਾਂ ਨੂੰ ਛੋਟ ਦਿਤੀ ਗਈ ਹੈ | ਦਿੱਲੀ ਆਫ਼ਤ ਪ੍ਰਬੰਧਨ ਬੋਰਡ ਦੇ ਇਕ ਹੁਕਮ ਮੁਤਾਬਕ ਰਾਤ 11 ਵਜੇ ਤੋਂ ਸਵੇਰੇ 5 ਵਜੇ ਤਕ ਪਾਬੰਦੀ ਜਾਰੀ ਰਹੇਗੀ |
ਡੀਡੀਐਮਏ ਦੇ ਹੁਕਮ ਵਿਚ ਕਿਹਾ ਗਿਆ ਹੈ ਕਿ ਰਕਫ਼ਿਊ ਤੋਂ ਛੋਟ ਵਾਲਿਆਂ ਵਿਚ ਐਮਰਜੈਂਸੀ ਸੇਵਾਵਾਂ ਵਚ ਸ਼ਾਮਲ ਸਰਕਾਰ ਅਧਿਕਾਰੀ, ਜੱਜ, ਅਤੇ ਨਿਆਂ ਅਧਿਕਾਰੀ, ਸਿਹਤ ਕਰਮੀ ਅਤੇ ਮੀਡੀਆ ਕਰਮੀ ਸ਼ਾਮਲ ਹਨ | ਇਸ ਵਿਚ ਕਿਹਾ ਗਿਆ ਹੈ ਕਿ ਕੋਰੋਨਾ ਟੀਕਾਕਰਨ ਲਈ ਜਾਣ ਵਾਲੇ ਲੋਕਾਂ ਨੂੰ ਇਕ ਕਾਨੂੰਨੀ ਪਛਾਣ ਪੱਤਰ ਅਤੇ ਟੀਕਾਕਰਨ ਕੇਂਦਰ ਤੋਂ ਲਏ ਗਏ ਸਮੇਂ ਦਾ ਪ੍ਰਮਾਣ ਪੱਤਰ ਦਿਖਾਉਂਣ 'ਤੇ ਛੋਟ ਦਿਤੀ ਜਾਵੇਗੀ | ਭਰਤੀ ਇਮਤਿਹਾਨਾਂ ਵਿਚ ਬੈਠਣ ਵਾਲੇ ਵਿਦਿਆਰਥੀਆਂ ਅਤੇ ਉਮੀਦਵਾਰਾਂ ਨੂੰ ਵੀ ਕਾਨੂੰਨੀ ਪਛਾਣ ਅਤੇ ਦਾਖ਼ਲਾ ਪੱਤਰ ਦਿਖਾਉਣ 'ਤੇ ਹੀ ਪ੍ਰਵਾਨਗੀ ਦਿਤੀ ਜਾਵੇਗੀ |
ਇਸ ਦੇ ਨਾਲ ਹੀ ਉਤਰਾਖੰਡ ਅਤੇ ਕੇਰਲ ਵਿਚ ਵੀ ਰਾਤਰੀ ਕਰਫ਼ਿਊ ਸ਼ੁਰੂ ਕਰ ਦਿਤਾ ਗਿਆ ਹੈ | ਕੇਰਲ ਸਰਕਾਰ ਨੇ 30 ਦਸੰਬਰ ਤੋਂ 2 ਜਨਵਰੀ ਤਕ ਰਾਤ ਦਾ ਕਰਫ਼ਿਊ ਲਗਾਉਣ ਦੇ ਨਿਰਦੇਸ਼ ਦਿਤੇ ਹਨ, ਜੋਕਿ ਰਾਤ 11.00 ਵਜੇ ਤੋਂ ਸਵੇਰੇ 5.30 ਵਜੇ ਤਕ ਲਾਗੂ ਰਹੇਗਾ | ਉਤਰਾਖੰਡ ਦੀ ਸਰਕਾਰ ਨੇ ਓਮੀਕਰੋਨ ਵੇਰੀਐਂਟ ਨੂੰ ਧਿਆਨ ਵਿਚ ਰਖਦੇ ਹੋਏ ਰਾਤ ਤੋਂ ਨਾਈਟ ਕਰਫ਼ਿਊ ਲਗਾਉਣ ਦੇ ਨਿਰਦੇਸ਼ ਦਿਤੇ ਹਨ | ਨਾਈਟ ਕਰਫਿਊ ਰਾਤ 11.00 ਵਜੇ ਤੋਂ ਸਵੇਰੇ 5.30 ਵਜੇ ਤਕ ਲਾਗੂ ਰਹੇਗਾ | ਇਸ ਦੌਰਾਨ ਸਾਰੀਆਂ ਜ਼ਰੂਰੀ ਸੇਵਾਵਾਂ ਜਾਰੀ ਰਹਿਣੀਆਂ ਅਤੇ ਜਰੂਰੀ ਕੰਮ ਲਈ ਆਵਾਜਾਈ ਦੀ ਛੋਟ ਮਿਲੇਗੀ | (ਪੀਟੀਆਈ)