
ਹਿੰਦੂ ਧਰਮਾਤਮਾ ਨੇ ਮਹਾਤਮਾ ਗਾਂਧੀ ਦੇ ਕਤਲ ਲਈ ਗੋਡਸੇ ਦੀ ਸ਼ਲਾਘਾ ਕੀਤੀ
ਕਾਂਗਰਸ ਤੇ ਹੋਰ ਪਾਰਟੀਆਂ ਨੇ ਕੀਤੀ ਸਖ਼ਤ ਸ਼ਬਦਾਂ ਵਿਚ ਨਿਖੇਧੀ
ਰਾਏਪੁਰ, 27 ਦਸੰਬਰ : ਹਿੰਦੂ ਧਰਮ ਗੁਰੂ ਕਾਲੀਚਰਣ ਮਹਾਰਾਜ ਨੇ ਮਹਾਤਮਾ ਗਾਂਧੀ ਦੇ ਕਤਲ ਲਈ ਨਾਥੂਰਾਮ ਗੋਡਸੇ ਦੀ ਐਤਵਾਰ ਨੂੰ ਸ਼ਲਾਘਾ ਕੀਤੀ ਅਤੇ ਕਿਹਾ ਕਿ ਲੋਕਾਂ ਨੂੰ ਧਰਮ ਦੀ ਰਖਿਆ ਲਈ ਇਕ ਕੱਟੜ ਹਿੰਦੂ ਆਗੂ ਨੂੰ ਸਰਕਾਰ ਦੇ ਮੁਖੀ ਦੇ ਤੌਰ 'ਤੇ ਚੁਣਨਾ ਚਾਹੀਦਾ ਹੈ | ਕਾਲੀਚਰਣ ਨੇ ਰਾਏਪੁਰ ਵਿਚ ਇਕ ਸੰਗਠਨ ਵਲੋਂ ਕਰਵਾਈ 'ਧਰਮ ਸੰਸਦ' ਵਿਚ ਅਪਣੇ ਸੰਬੋਧਨ ਵਿਚ ਮਹਾਤਮਾ ਗਾਂਧੀ ਵਿਰੁਧ ਮਾੜੇ ਸ਼ਬਦਾਂ ਦਾ ਇਸਤੇਮਾਲ ਕੀਤਾ, ਜਿਸ ਦੀ ਸੱਤਾਧਰੀ ਕਾਂਗਰਸ ਤੇ ਹੋਰ ਪਾਰਟੀਆਂ ਨੇ ਸਖ਼ਤ ਨਿਖੇਧੀ ਕੀਤੀ ਅਤੇ ਕਿਹਾ ਕਿ ਜਿਸ ਉਦੇਸ਼ ਨਾਲ ਇਹ ਸਮਾਗਮ ਕਰਵਾਇਆ ਗਿਆ ਸੀ, ਇਹ ਅਪਣੇ ਉਸ ਰਸਤੇ ਤੋਂ ਭਟਕ ਗਿਆ |
ਇਥੇ ਰਾਵਣ ਭਾਟਾ ਮੈਦਾਨ ਵਿਚ ਕਰਵਾਏ ਦੋ ਦਿਨਾਂ ਸਮਾਗਮ ਦੇ ਸਮਾਪਤੀ ਦਿਨ 'ਤੇ ਕਾਲੀਚਰਣ ਨੇ ਕਿਹਾ,''ਸਾਡਾ ਮੁੱਖ ਫ਼ਰਜ਼ ਕੀ ਹੈ, ਧਰਮ ਦੀ ਰਖਿਆ ਕਰਨਾ | ਸਾਨੂੰ ਸਰਕਾਰ ਵਿਚ ਇਕ ਕੱਟੜ ਹਿੰਦੂ ਰਾਜੇ (ਆਗੂ) ਦੀ ਚੋਣ ਕਰਨੀ ਚਾਹੀਦੀ ਹੈ, ਭਲੇ ਹੀ ਉਹ (ਪੁਰਸ਼ ਜਾਂ ਔਰਤ) ਕਿਸੇ ਵੀ ਪਾਰਟੀ ਦਾ ਹੋਵੇ | ਸਾਡੇ ਘਰਾਂ ਦੀਆਂ ਔਰਤਾਂ ਬਹੁਤ ਚੰਗੀਆਂ ਅਤੇ ਸਿਆਣੀਆਂ ਹਨ ਅਤੇ ਉਹ ਵੋਟਾਂ ਪਾਉਣ (ਚੋਣਾਂ ਵਿਚ) ਨਹੀਂ ਜਾਂਦੀਆਂ | ਜਦੋਂ ਸਮੂਹਕ ਬਲਾਤਕਾਰ ਹੋਣਗੇ ਤਾਂ ਅਪਣੇ ਘਰ ਦੀਆਂ ਔਰਤਾਂ ਦਾ ਕੀ ਹੋਵੇਗ? ਮਹਾਂਮੂਰਖੋ... ਮੈਂ ਉਨ੍ਹਾਂ ਲੋਕਾਂ ਨੂੰ ਕਹਿ ਰਿਹਾਂ, ਜੋ ਵੋਟ ਦੇਣ ਨਹੀਂ ਜਾਂਦੇ |''
ਉਨ੍ਹਾਂ ਕਿਹਾ ਕਿ,''ਇਸਲਾਮ ਦਾ ਟੀਚਾ ਸਿਆਸਤ ਰਾਹੀਂ ਸਾਡੇ ਰਾਸ਼ਟਰ 'ਤੇ ਕਬਜ਼ਾ ਕਰਨਾ ਹੈ | ਸਾਡੀਆਂ ਅੱਖਾਂ ਸਾਹਮਣੇ ਉਨ੍ਹਾਂ ਨੇ 1947 ਵਿਚ ਕਬਜ਼ਾ ਕਰ ਲਿਆ, ਉਨ੍ਹਾਂ ਪਹਿਲਾਂ ਇਰਾਨ, ਇਰਾਕ ਅਤੇ ਅਫ਼ਗ਼ਾਨਿਸਤਾਨ 'ਤੇ ਕਬਜ਼ਾ ਕੀਤਾ | ਉਨ੍ਹਾਂ ਨੇ ਸਿਆਸਤ ਰਾਹੀਂ ਬੰਗਲਾਦੇਸ਼ ਅਤੇ ਪਾਕਿਸਤਾਨ 'ਤੇ ਕਬਜ਼ਾ ਕਰ ਲਿਆ, ਮੈਂ ਨੱਥੂਰਾਮ ਗੋਡਸੇ ਨੂੰ ਸਲਾਮ ਕਰਦਾ ਹਾਂ ਕਿ ਉਨ੍ਹਾਂ ਨੇ ਗਾਂਧੀ ਦਾ ਕਤਲ ਕੀਤਾ |'' ਇਸ ਤੋਂ ਪਹਿਲਾਂ ਨਰਸਿੰਹਾਨੰਦ ਗਿਰੀ ਨੇ ਗੋਡਸੇ ਨੂੰ ਸਚਾਈ ਅਤੇ ਧਰਮ ਦਾ ਪ੍ਰਤੀਕ ਦਸਦੇ ਹੋਏ ਉਸ ਦੀ ਸ਼ਲਾਘਾ ਕੀਤੀ ਸੀ | (ਪੀਟੀਆਈ)