
ਇਹ ਤਾਂ ਇਕ ਝਾਕੀ ਹੈ, ਪੰਜਾਬ ਅਜੇ ਬਾਕੀ ਹੈ
ਚੰਡੀਗੜ੍ਹ, 27 ਦਸੰਬਰ (ਭੁੱਲਰ) : ਚੰਡੀਗੜ੍ਹ ਨਗਰ ਨਿਗਮ 'ਚ ਆਮ ਆਦਮੀ ਪਾਰਟੀ ਨੂੰ ਮਿਲੀ ਵੱਡੀ ਜਿੱਤ 'ਤੇ ਪਾਰਟੀ ਆਗੂ ਬਾਗੋ-ਬਾਗ ਹਨ | ਪੰਜਾਬ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਪ੍ਰਤੀਕਰਮ ਦਿੰਦੇ ਹੋਏ ਕਿਹਾ ਕਿ ਇਹ ਤਾਂ ਇਕ ਝਾਕੀ ਹੈ, ਪੰਜਾਬ ਅਜੇ ਬਾਕੀ ਹੈ, ਜੋ ਪੂਰਾ 'ਆਪ' ਕਲ ਹੋਵੇਗਾ | ਉਨ੍ਹਾਂ ਕਿਹਾ ਕਿ ਇਹ ਨਤੀਜੇ ਸਾਬਤ ਕਰਦੇ ਹਨ ਕਿ ਇਹ ਦਿੱਲੀ ਸਰਕਾਰ ਦੇ ਕੇਜਰੀਵਾਲ ਮਾਡਲ ਆਫ਼ ਗਵਰਨੈਂਸ ਦੀ ਜਿੱਤ ਹੈ | ਚੱਢਾ ਨੇ ਅੱਗੇ ਕਿਹਾ ਕਿ ਜਿਵੇਂ ਚੰਡੀਗੜ੍ਹ ਦੇ ਲੋਕਾਂ ਨੂੰ 25 ਸਾਲ ਤੋਂ ਰਾਜ ਕਰਨ ਵਾਲੀ ਕਾਂਗਰਸੀ ਤੇ ਭਾਜਪਾ ਨੂੰ ਉਖਾੜ ਸੁਟਿਆ ਹੈ, ਪੰਜਾਬ ਦੇ ਲੋਕ ਵੀ ਨਿਕੰਮੀਆਂ ਸਰਕਾਰਾਂ ਨੂੰ ਇਸੇ ਤਰ੍ਹਾਂ ਉਖਾੜ ਸੁੱਟਣ ਲਈ ਮਨ ਬਣਾਈ ਬੈਠੇ ਹਨ | ਪੰਜਾਬ ਵਾਸੀ ਵੀ ਆਮ ਆਦਮੀ ਪਾਰਟੀ ਨੂੰ ਇਸ ਵਾਰ ਮੌਕੇ ਦੇਣਗੇ |
'ਆਪ' ਮੁਖੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਨੇ ਵੀ ਚੰਡੀਗੜ੍ਹ ਨਗਰ ਨਿਗਮ 'ਚ ਪਾਰਟੀ ਦੀ ਸ਼ਾਨਦਾਰ ਜਿੱਤ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਹੈ | ਉਨ੍ਹਾਂ ਟਵੀਟ ਕਰ ਕੇ ਅਪਣਾ ਪ੍ਰਤੀਕਰਮ ਦਿੰਦੇ ਹੋਏ ਕਿਹਾ ਕਿ ਇਹ ਨਤੀਜੇ ਪੰਜਾਬ 'ਚ ਵੀ ਆਉਣ ਵਾਲੀਆਂ ਚੋਣਾਂ 'ਚ ਬਦਲਾਅ ਦਾ ਸੰਕੇਤ ਹਨ | ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦੇ ਲੋਕਾਂ ਨੇ ਭਿ੍ਸ਼ਟ ਰਾਜਨੀਤੀ ਨੂੰ ਹਰਾ ਕੇ ਇਮਾਨਦਾਰ ਰਾਜਨੀਤੀ ਨੂੰ ਚੁਣਿਆ ਹੈ | ਇਸ ਲਈ ਪਾਰਟੀ ਵਰਕਰ, ਆਗੂ ਤੇ ਚੰਡੀਗੜ੍ਹ ਦੇ ਲੋਕ ਵਧਾਈ ਦੇ ਪਾਤਰ ਹਨ |