ਦਰਅਸਲ ਇਸ ਤੋਂ ਪਹਿਲਾਂ ਮਜੀਠੀਆ ਨੂੰ 27 ਦਸੰਬਰ ਨੂੰ ਪੁੱਛਗਿੱਛ ਲਈ ਸੱਦਿਆ ਗਿਆ ਸੀ ਪਰ ਉਹ ਜਾਂਚ ਵਿਚ ਪੇਸ਼ ਨਹੀਂ ਹੋਏ
Bikram Singh Majithia: ਡਰੱਗ ਮਾਮਲੇ ਦੀ ਜਾਂਚ ਕਰ ਰਹੀ ਐਸ.ਆਈ.ਟੀ. ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਪੁੱਛਗਿੱਛ ਲਈ ਮੁੜ ਸੰਮਨ ਜਾਰੀ ਕੀਤੇ ਹਨ। ਉਨ੍ਹਾਂ ਨੂੰ 30 ਦਸੰਬਰ ਨੂੰ ਐਸ.ਆਈ.ਟੀ. ਦੇ ਪਟਿਆਲਾ ਦਫ਼ਤਰ ਵਿਖੇ ਜਾਂਚ ਵਿਚ ਸ਼ਾਮਲ ਹੋਣ ਲਈ ਕਿਹਾ ਗਿਆ ਹੈ।
ਦਰਅਸਲ ਇਸ ਤੋਂ ਪਹਿਲਾਂ ਮਜੀਠੀਆ ਨੂੰ 27 ਦਸੰਬਰ ਨੂੰ ਪੁੱਛਗਿੱਛ ਲਈ ਸੱਦਿਆ ਗਿਆ ਸੀ ਪਰ ਉਹ ਜਾਂਚ ਵਿਚ ਪੇਸ਼ ਨਹੀਂ ਹੋਏ, ਜਿਸ ਦੇ ਚਲਦਿਆਂ ਨਵੇਂ ਸੰਮਨ ਜਾਰੀ ਕੀਤੇ ਗਏ। ਮਜੀਠੀਆ ਆਖਰੀ ਵਾਰ 18 ਦਸੰਬਰ ਨੂੰ ਐਸ.ਆਈ.ਟੀ. ਸਾਹਮਣੇ ਪੇਸ਼ ਹੋਏ ਸਨ ਅਤੇ ਉਨ੍ਹਾਂ ਨੂੰ 27 ਦਸੰਬਰ ਲਈ ਮੁੜ ਸੰਮਨ ਜਾਰੀ ਕੀਤੇ ਗਏ ਸਨ।
ਦਸਿਆ ਜਾ ਰਿਹਾ ਹੈ ਕਿ ਪਿਛਲੀ ਪੇਸ਼ੀ ਦੌਰਾਨ ਮਜੀਠੀਆ ਨੇ ਐਸ.ਆਈ.ਟੀ. ਨੂੰ ਕਿਹਾ ਸੀ ਕਿ ਸ਼ਹੀਦੀ ਹਫ਼ਤੇ ਦੌਰਾਨ ਅਗਲੀ ਤਰੀਕ ਨਾ ਰੱਖੀ ਜਾਵੇ। ਐਸ.ਆਈ.ਟੀ. ਨੇ ਮਜੀਠੀਆ ਨੂੰ ਕੁੱਝ ਲਿਖਤੀ ਸਵਾਲ ਦਿਤੇ ਹਨ, ਜਿਨ੍ਹਾਂ ਦੇ ਜਵਾਬ ਆਉਣ ਵਾਲੇ ਸਮੇਂ 'ਚ ਲਿਖਤੀ ਰੂਪ 'ਚ ਦਿਤੇ ਜਾਣਗੇ। ਐਸ.ਆਈ.ਟੀ. ਦੇ ਮੁਖੀ ਮੁੱਖਵਿੰਦਰ ਸਿੰਘ ਛੀਨਾ 31 ਦਸੰਬਰ ਨੂੰ ਸੇਵਾਮੁਕਤ ਹੋ ਰਹੇ ਹਨ।
ਏਡੀਜੀਪੀ ਮੁੱਖਵਿੰਦਰ ਸਿੰਘ ਛੀਨਾ ਦੀ ਅਗਵਾਈ ਵਾਲੀ ਐਸ.ਆਈ.ਟੀ. ਨੇ ਪਹਿਲੀ ਪੇਸ਼ੀ ਮੌਕੇ ਮਜੀਠੀਆ ਤੋਂ ਸੱਤ ਘੰਟੇ ਤੋਂ ਵੱਧ ਸਮੇਂ ਤਕ ਪੁੱਛਗਿੱਛ ਕੀਤੀ ਸੀ। ਇਹ ਪੁੱਛਗਿੱਛ ਪਟਿਆਲਾ ਦੇ ਏਡੀਜੀਪੀ ਦੇ ਦਫ਼ਤਰ ਵਿਚ ਜਗਦੀਸ਼ ਭੋਲਾ ਨਾਲ ਸਬੰਧ ਕਰੋੜਾਂ ਰੁਪਏ ਦੇ ਡਰੱਗ ਮਾਮਲੇ ਵਿਚ ਕੀਤੀ ਗਈ ਸੀ। ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਮਜੀਠੀਆ ਨੂੰ ਵਿਸ਼ੇਸ਼ ਤੌਰ 'ਤੇ ਵਿੱਤੀ ਲੈਣ-ਦੇਣ ਬਾਰੇ ਪੁੱਛਿਆ ਗਿਆ ਸੀ।
ਜ਼ਿਕਰਯੋਗ ਹੈ ਕਿ ਪੁਲਿਸ ਨੇ 20 ਦਸੰਬਰ 2021 ਨੂੰ ਮਜੀਠੀਆ ਵਿਰੁਧ ਕੇਸ ਦਰਜ ਕੀਤਾ ਸੀ ਪਰ ਅਦਾਲਤਾਂ ਵਲੋਂ ਉਸ ਦੀ ਗ੍ਰਿਫ਼ਤਾਰੀ ਦੋ ਮਹੀਨਿਆਂ ਲਈ ਟਾਲ ਦਿਤੀ ਗਈ ਸੀ। 5 ਮਹੀਨੇ ਜੇਲ ਵਿਚ ਰਹਿਣ ਤੋਂ ਬਾਅਦ ਮਜੀਠੀਆ ਨੂੰ 10 ਅਗਸਤ 2022 ਨੂੰ ਜ਼ਮਾਨਤ ਮਿਲ ਗਈ ਸੀ।
(For more Punjabi news apart from Bikram Singh Majithia Summons for third time in drug case, stay tuned to Rozana Spokesman