ਅਦਾਲਤ ਨੇ ਫਾਈਨਲ ਪੇਪਰ ਦੇਣ ਦੀ ਦਿਤੀ ਪ੍ਰਵਾਨਗੀ, 2 ਲੱਖ ਰੁਪਏ ਨਿਜੀ ਜ਼ਮਾਨਤੀ ਬਾਂਡ ਜਮ੍ਹਾ ਕਰਵਾਉਣ ਦੇ ਹੁਕਮ
ਕੋਟਕਪੂਰਾ (ਗੁਰਿੰਦਰ ਸਿੰਘ) : ਜ਼ੇ.ਐਮ.ਆਈ.ਸੀ. ਜੁਗਰਾਜ ਸਿੰਘ ਦੀ ਅਦਾਲਤ ਨੇ ਸੁੱਖਣਵਾਲਾ ਪਿੰਡ ਵਿਚ ਪਤਨੀ ਵਲੋਂ ਪਤੀ ਅਰਥਾਤ ਗੁਰਵਿੰਦਰ ਸਿੰਘ ਸੰਧੂ ਦੇ ਬਹੁਚਰਚਿਤ ਕਤਲ ਕਾਂਡ ਵਿਚ ਪੁਲਿਸ ਵਲੋਂ ਗਿ੍ਰਫ਼ਤਾਰ ਨਰਸਿੰਗ ਦੀ ਵਿਦਿਆਰਥਣ ਵੀਰਇੰਦਰ ਕੌਰ ਨੂੰ ਸਲਾਨਾ ਇਮਤਿਹਾਨ ਦੇਣ ਦੀ ਛੋਟ ਦੇ ਦਿਤੀ ਹੈ। ਅਦਾਲਤ ਨੇ ਇਸ ਸਬੰਧੀ ਜੇਲ ਪ੍ਰਸ਼ਾਸ਼ਨ ਅਤੇ ਪੁਲਿਸ ਨੂੰ ਜ਼ਰੂਰੀ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਹਨ।
ਗੁਆਂਢੀ ਜਿਲੇ ਮੋਗਾ ਦੇ ਇਕ ਨਿਜੀ ਕਾਲਜ ਵਿਚ ਅਪ੍ਰੇਸ਼ਨ ਥੀਏਟਰ ਟੈਕਨਾਲੋਜੀ ਕੋਰਸ ਦੀ ਪੜ੍ਹਾਈ ਕਰ ਰਹੀ ਵੀਰਇੰਦਰ ਕੌਰ ਫ਼ਰੀਦਕੋਟ ਦੀ ਵਸਨੀਕ ਹੈ, ਉਸ ਨੂੰ ਥਾਣਾ ਸਦਰ ਫ਼ਰੀਦਕੋਟ ਦੀ ਪੁਲਿਸ ਨੇ ਪਿੰਡ ਸੁੱਖਣਵਾਲਾ ਦੇ ਕਤਲ ਕਾਂਡ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਸੀ। ਉਹ ਮ੍ਰਿਤਕ ਦੀ ਪਤਨੀ ਅਰਥਾਤ ਮੁੱਖ ਮੁਲਜ਼ਮ ਰੁਪਿੰਦਰ ਕੌਰ ਦੀ ਸਹੇਲੀ ਹੈ ਅਤੇ ਉਸ ’ਤੇ ਕਤਲ ਦੀ ਸਾਜ਼ਸ਼ ਵਿਚ ਸ਼ਾਮਲ ਹੋਣ ਦੇ ਦੋਸ਼ ਲੱਗੇ ਹਨ। ਫਿਲਹਾਲ ਵੀਰਇੰਦਰ ਕੌਰ ਜੁਡੀਸ਼ੀਅਲ ਹਿਰਾਸਤ ਵਿਚ ਜੇਲ ਵਿਚ ਬੰਦ ਹੈ। ਉਸ ਦੇ ਤੀਜੇ ਸਮੈਸਟਰ ਦੇ ਇਮਤਿਹਾਨ 29 ਦਸੰਬਰ ਤੋਂ 7 ਜਨਵਰੀ 2026 ਤਕ ਹੋਣੇ ਹਨ।
ਉਸ ਨੇ ਅਪਣੇ ਵਕੀਲ ਗੁਰਜੰਗਪਾਲ ਸਿੰਘ ਬਰਾੜ ਰਾਹੀਂ ਅਦਾਲਤ ਤੋਂ ਇਮਤਿਹਾਨ ਦੇਣ ਲਈ ਬੇਨਤੀ ਕੀਤੀ ਸੀ। ਅਦਾਲਤੀ ਹੁਕਮਾ ਮੁਤਾਬਕ ਪ੍ਰੀਖਿਆ ਦਾ ਸਾਰਾ ਖਰਚਾ ਜੇਲ ਸੁਪਰਡੈਂਟ ਕੋਲ ਪਹਿਲਾਂ ਜਮ੍ਹਾ ਕਰਵਾਉਣਾ ਪਵੇਗਾ, ਜਦਕਿ ਜੇਲ ਸੁਪਰਡੈਂਟ ਨੂੰ ਪ੍ਰੀਖਿਆ ਦਿਵਾਉਣ ਦੇ ਪ੍ਰਬੰਧਾਂ ਅਤੇ ਸੁਰੱਖਿਆ ਸਬੰਧੀ ਵੀ ਹਦਾਇਤ ਕੀਤੀ ਗਈ ਹੈ। ਨਰਸਿੰਗ ਦੀ ਵਿਦਿਆਰਥਣ ਨੂੰ ਜੇਲ ਸੁਪਰਡੈਂਟ ਕੋਲ 2 ਲੱਖ ਰੁਪਏ ਨਿਜੀ ਜ਼ਮਾਨਤੀ ਬਾਂਡ ਜਮ੍ਹਾ ਕਰਵਾਉਣੇ ਪੈਣਗੇ। ਅਦਾਲਤ ਨੇ ਇਹ ਵੀ ਹੁਕਮ ਦਿਤਾ ਹੈ ਕਿ ਪ੍ਰੀਖਿਆ ਦੌਰਾਨ ਮੁਲਜ਼ਮ ਨਾਲ ਦੋ ਪੁਲਿਸ ਅਧਿਕਾਰੀ ਮੌਜੂਦ ਰਹਿਣਗੇ ਤਾਂ ਜੋ ਮਾਮਲੇ ਦੀ ਜਾਂਚ ਅਤੇ ਗਵਾਹਾਂ ਨੂੰ ਪ੍ਰਭਾਵਤ ਕਰਨ ਦੀ ਉਕਤ ਵਿਦਿਆਰਥਣ ਕੋਸ਼ਿਸ਼ ਨਾ ਕਰ ਸਕੇ।
