
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਬਰਗਾੜੀ ਕੇਸ ਦੇ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ..........
ਮਹਿਰਾਜ (ਰਾਮਪੁਰਾ ਫੂਲ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਬਰਗਾੜੀ ਕੇਸ ਦੇ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਭਾਵੇਂ ਦੋਸ਼ੀ ਕਿੰਨਾ ਵੀ ਪ੍ਰਭਾਵਸ਼ਾਲੀ ਸਿਆਸਤਦਾਨ ਜਾਂ ਪੁਲਿਸ ਅਫ਼ਸਰ ਹੀ ਕਿਉਂ ਨਾ ਹੋਵੇ। ਮੁੱਖ ਮੰਤਰੀ ਨੇ ਆਖਿਆ ਕਿ ਉਨ੍ਹਾਂ ਦੀ ਸਰਕਾਰ ਵਲੋਂ ਕਾਇਮ ਕੀਤੀ ਵਿਸ਼ੇਸ਼ ਜਾਂਚ ਟੀਮ ਛੇਤੀ ਹੀ ਨਤੀਜੇ 'ਤੇ ਪਹੁੰਚੇਗੀ ਅਤੇ ਉਹ ਇਸ ਗੱਲ ਨੂੰ ਨਿਜੀ ਤੌਰ 'ਤੇ ਯਕੀਨੀ ਬਣਾਉਣਗੇ ਕਿ ਇਸ ਘਟਨਾ ਲਈ ਕੋਈ ਵੀ ਦੋਸ਼ੀ ਕਾਨੂੰਨ ਦੇ ਸ਼ਿਕੰਜੇ 'ਚੋਂ ਬਚ ਨਾ ਨਿਕਲੇ।
ਮੁੱਖ ਮੰਤਰੀ ਨੇ ਅੱਜ ਇਥੇ ਸਹਿਕਾਰੀ ਬੈਂਕਾਂ ਦੇ ਕਰਜ਼ੇ ਵਿਰੁਧ ਬਠਿੰਡਾ ਅਤੇ ਮਾਨਸਾ ਦੇ 18308 ਛੋਟੇ ਕਿਸਾਨਾਂ ਨੂੰ 97 ਕਰੋੜ ਰੁਪਏ ਦੀ ਰਾਹਤ ਮੁਹਈਆ ਕਰਵਾਉਂਦਿਆਂ ਇਨ੍ਹਾਂ ਦੋਹਾਂ ਜ਼ਿਲ੍ਹਿਆਂ ਦੇ 10-10 ਕਿਸਾਨਾਂ ਨੂੰ ਰਸਮੀ ਤੌਰ 'ਤੇ ਕਰਜ਼ਾ ਰਾਹਤ ਸਰਟੀਫ਼ੀਕੇਟ ਵੀ ਨਿਜੀ ਤੌਰ 'ਤੇ ਸੌਂਪੇ। ਇਸ ਮਾਮਲੇ ਵਿਚ ਸੀਨੀਅਰ ਪੁਲੀਸ ਅਧਿਕਾਰੀ ਨੂੰ ਗ੍ਰਿਫਤਾਰ ਕਰ ਲੈਣ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਵਾਲ ਦੇ ਘੇਰੇ ਵਿਚ ਆਏ ਅਧਿਕਾਰੀ ਨੇ ਸੁਭਾਵਕ ਤੌਰ 'ਤੇ ਕਿਸੇ ਦੇ ਹੁਕਮਾਂ ਦੀ ਪਾਲਣਾ ਕੀਤੀ ਅਤੇ ਵਿਸ਼ੇਸ਼ ਜਾਂਚ ਟੀਮ ਇਹ ਹੁਕਮ ਜਾਰੀ ਕਰਨ ਵਾਲਿਆਂ ਦੀ ਵੀ ਸ਼ਨਾਖ਼ਤ ਕਰੇਗੀ।
ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਨੂੰ ਕਿਸੇ ਵੀ ਕੀਮਤ 'ਤੇ ਨਹੀਂ ਬਖ਼ਸ਼ਿਆ ਜਾਵੇਗਾ। ਮੁੱਖ ਮੰਤਰੀ ਨੇ ਕਰਜ਼ਾ ਰਾਹਤ ਸਰਟੀਫ਼ੀਕੇਟ ਵੰਡਣ ਤੋਂ ਪਹਿਲਾਂ ਕੇਂਦਰ ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਅੱਜ ਦੇਸ਼ ਦੀ ਕਿਸਾਨੀ ਤੇ ਕਿਸਾਨ ਨੂੰ ਬਚਾਉਣ ਲਈ ਸਵਾਮੀਨਾਥਨ ਕਮਿਸ਼ਨ ਦੀ ਰੀਪੋਰਟ ਲਾਗੂ ਕਰਨ ਦੀ ਲੋੜ ਹੈ ਤੇ ਇਹ ਰੀਪੋਰਟ ਪੂਰੀ ਤਰ੍ਹਾਂ ਲਾਗੂ ਕਰਨ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ। ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਕੇਂਦਰ ਸਰਕਾਰ ਨੂੰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲ ਚੁੱਕੇ ਹਨ ਪਰ ਹਾਲੇ ਤਕ ਕੋਈ ਜਵਾਬ ਨਹੀਂ ਆਇਆ।
ਉਨ੍ਹਾਂ ਦਸਿਆ ਕਿ ਕੇਂਦਰ ਸਰਕਾਰ ਨੇ ਇਸ ਰੀਪੋਰਟ ਦੀਆਂ ਕੁੱਝ ਨੀਤੀਆਂ ਅਪਣਾਉਣ ਲਈ ਕਿਹਾ ਪਰ ਕੁੱਝ ਨੀਤੀਆਂ 'ਚ ਬਦਲਾਅ ਕਰਨ ਨਾਲ ਕਿਸਾਨਾਂ ਦੀ ਹਾਲਤ ਨਹੀਂ ਸੁਧਰੇਗੀ। ਉਨ੍ਹਾਂ ਕਿਹਾ ਕਿ ਜਦ ਭਾਰਤ ਭੁੱਖ ਨਾਲ ਤੜਫ਼ ਰਿਹਾ ਸੀ ਤਾਂ ਕਿਸਾਨਾਂ ਨੇ ਹੀ ਅਨਾਜ ਨਾਲ ਭਾਰਤ ਦੇ ਭੰਡਾਰ ਭਰੇ ਪਰ ਹੁਣ ਕਿਸਾਨ ਆਤਮ-ਹਤਿਆ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਕਿਸਾਨਾਂ ਦਾ ਕਰਜ਼ਾ ਮੁਆਫ਼ ਨਹੀਂ ਕਰ ਰਹੇ ਸਗੋਂ ਕੁੱਝ ਰਾਹਤ ਦੇ ਰਹੇ ਹਨ ਜਿਸ ਤਰ੍ਹਾਂ ਪਹਿਲਾਂ 2 ਏਕੜ ਤਕ ਸਹਿਕਾਰੀ ਬੈਂਕਾਂ ਦਾ ਤੇ ਉਸ ਤੋਂ ਬਾਅਦ 2 ਤੋਂ 5 ਏਕੜ ਤਕ ਦੇ ਕਿਸਾਨਾਂ ਦਾ ਸਹਿਕਾਰੀ ਬੈਂਕਾਂ ਦਾ ਕਰਜ਼ਾ ਮੁਆਫ਼ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਨੇ
ਕਿਹਾ ਕਿ ਪੰਜਾਬ ਸਰਕਾਰ ਜਲਦੀ ਹੀ ਉਨ੍ਹਾਂ ਕਿਸਾਨਾਂ ਲਈ ਨਵੀਂ ਸਕੀਮ ਲੈ ਕੇ ਆ ਰਹੀ ਹੈ ਜਿਨ੍ਹਾਂ ਕੋਲ ਜ਼ਮੀਨ ਨਹੀਂ ਤੇ ਉਹ ਖੇਤੀਬਾੜੀ ਕਰਦੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਬਾਰੇ ਕਿਹਾ ਕਿ ਗੋਲੀ ਕਾਂਡ ਦੇ ਕਥਿਤ ਦੋਸ਼ੀ ਐਸ ਪੀ ਚਰਨਜੀਤ ਸ਼ਰਮਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਛੇਤੀ ਹੀ ਉਸ ਗੋਲੀ ਚਲਾਉਣ ਦੇ ਹੁਕਮ ਦੇਣ ਵਾਲਿਆਂ ਨੂੰ ਕਾਬੂ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਪੇਂਡੂ ਸੜਕਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਪੰਜਾਬ ਸਰਕਾਰ ਵਲੋਂ 3 ਜੂਨ ਤਕ 31000 ਕਿਲੋਮੀਟਰ ਪੇਂਡੂ ਲਿੰਕ ਸੜਕਾਂ ਤੇ ਪੁਲਾਂ ਦੀ ਮੁਰੰਮਤ ਲਈ 2 ਕਰੋੜ ਰੁਪਏ ਖ਼ਰਚੇ ਜਾਣਗੇ।
ਇਸ ਮੌਕੇ ਉਨ੍ਹਾਂ ਪਿੰਡ ਮਹਿਰਾਜ ਦੇ ਹਸਪਤਾਲ ਨੂੰ ਅਪਗ੍ਰੇਡ ਕਰਨ, ਸਕੂਲਾਂ ਦੀਆਂ ਇਮਾਰਤਾਂ ਤੇ ਸੀਵਰੇਜ ਦੇ ਸਿਸਟਮ ਦੇ ਵਿਕਾਸ ਲਈ 28 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ। ਇਸ ਮੌਕੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਲੋਕ ਸਭਾ ਮੈਂਬਰ ਸੁਨੀਲ ਜਾਖੜ, ਕੇਂਦਰੀ ਮੰਤਰੀ ਪਰਨੀਤ ਕੌਰ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਸਾਬਕਾ ਮੰਤਰੀ ਚਿਰੰਜੀਲਾਲ ਗਰਗ, ਖ਼ੁਸ਼ਬਾਜ਼ ਸਿੰਘ ਜਟਾਣਾ, ਸਾਬਕਾ ਵਿਧਾਇਕ ਅਜੀਤ ਇੰਦਰ ਸਿੰਘ ਮੋਫਰ ਅਤੇ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਹਾਜ਼ਰ ਸਨ।