
ਬਜਟ ਸੈਸ਼ਨ: ਕਿਸਾਨੀ ਮੁੱਦੇ ’ਤੇ 16 ਵਿਰੋਧੀ ਪਾਰਟੀਆਂ ਰਾਸ਼ਟਰਪਤੀ ਦੇ ਭਾਸ਼ਣ ਦਾ ਕਰਨਗੀਆਂ ਬਾਈਕਾਟ
ਸੀਨੀਅਰ ਕਾਂਗਰਸੀ ਆਗੂ ਗ਼ੁਲਾਮ ਨਬੀ ਆਜ਼ਾਦ ਨੇ ਦਿਤੀ ਜਾਣਕਾਰੀ
ਨਵੀਂ ਦਿੱਲੀ, 28 ਜਨਵਰੀ: ਕਾਂਗਰਸ ਸਣੇ ਦੇਸ਼ ਦੀਆਂ 16 ਵਿਰੋਧੀ ਪਾਰਟੀਆਂ ਨੇ ਖੇਤੀਬਾੜੀ ਕਾਨੂੰਨਾਂ ਵਿਰੁਧ ਅੰਦੋਲਨ ਕਰ ਰਹੇ ਕਿਸਾਨਾਂ ਨਾਲ ਇਕਜੁਟਤਾ ਜ਼ਾਹਰ ਕਰਦਿਆਂ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੇ ਭਾਸ਼ਣ ਦੇ ਬਾਈਕਾਟ ਕਰਨ ਦਾ ਫ਼ੈਸਲਾ ਲਿਆ ਹੈ।
ਰਾਜ ਸਭਾ ਵਿਚ ਵਿਰੋਧੀ ਧਿਰ ਅਤੇ ਸੀਨੀਅਰ ਕਾਂਗਰਸੀ ਆਗੂ ਗ਼ੁਲਾਮ ਨਬੀ ਆਜ਼ਾਦ ਨੇ ਇਹ ਜਾਣਕਾਰੀ ਦਿਤੀ।
ਦਸਣਯੋਗ ਹੈ ਕਿ ਬਜਟ ਸੈਸ਼ਨ ਸ਼ੁਕਰਵਾਰ ਨੂੰ ਰਾਸ਼ਟਰਪਤੀ ਕੋਵਿੰਦ ਨਾਲ ਸੰਸਦ ਦੇ ਦੋਹਾਂ ਸਦਨਾਂ ਦੀ ਸਾਂਝੀ ਬੈਠਕ ਨੂੰ ਸੰਬੋਧਨ ਕਰਦਿਆਂ ਸ਼ੁਰੂ ਹੋਵੇਗਾ।
ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਸਰਕਾਰ ਕਿਸਾਨਾਂ ਦੀਆਂ ਮੰਗਾਂ ਪ੍ਰਤੀ ਹੰਕਾਰੀ, ਜ਼ਿੱਦੀ ਬਣੀ ਹੋਈ ਹੈ। ਸਰਕਾਰ ਦੀ ਅਸੰਵੇਦਨਸ਼ੀਲਤਾ ਤੋਂ ਹੈਰਾਨ ਹੋ ਕੇ, ਅਸੀਂ ਵਿਰੋਧੀ ਪਾਰਟੀਆਂ ਨੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਅਤੇ ਕਿਸਾਨਾਂ ਨਾਲ ਇਕਜੁੱਟਤਾ ਪ੍ਰਗਟ ਕਰਦੇ ਹੋਏ ਇਹ ਫ਼ੈਸਲਾ ਕੀਤਾ ਹੈ ਕਿ ਰਾਸ਼ਟਰਪਤੀ ਦੇ ਭਾਸ਼ਣ ਦਾ ਬਾਈਕਾਟ ਕੀਤਾ ਜਾਵੇਗਾ।
ਬਿਆਨ ਵਿਚ ਕਿਹਾ ਗਿਆ ਹੈ ਕਿ ਕਾਂਗਰਸ, ਰਾਸ਼ਟਰਵਾਦੀ ਕਾਂਗਰਸ ਪਾਰਟੀ, ਨੈਸ਼ਨਲ ਕਾਨਫ਼ਰੰਸ, ਡੀਐਮਕੇ, ਤ੍ਰਿਣਮੂਲ ਕਾਂਗਰਸ, ਸ਼ਿਵ ਸੈਨਾ, ਸਪਾ, ਆਰਜੇਡੀ, ਸੀਪੀਆਈ-ਐਮ, ਸੀਪੀਆਈ, ਆਈਯੂਐਮਐਲ, ਆਰਐਸਪੀ, ਪੀਡੀਪੀ, ਐਮਡੀਐਮਕੇ, ਕੇਰਲ ਕਾਂਗਰਸ (ਐਮ) ਅਤੇ ਏਆਈਯੂਡੀਐਫ਼ ਨੇ ਸਾਂਝੇ ਤੌਰ ’ਤੇ ਫ਼ੈਸਲਾ ਲਿਆ ਹੈ। (ਪੀਟੀਆਈ)
-------------