
-ਹਲਕਾ ਧੂਰੀ ਦੇ ਲੋਕਾਂ ਨੇ ਹਮੇਸ਼ਾਂ ਹੀ ਮੇਰੇ ਸਿਰ 'ਤੇ ਹੱਥ ਰੱਖਿਆ: ਭਗਵੰਤ ਮਾਨ
-ਮਾਤਾ ਹਰਪਾਲ ਕੌਰ ਅਤੇ 'ਆਪ' ਆਗੂਆਂ ਦੀ ਹਾਜ਼ਰੀ ਕੀਤਾ ਨਾਮਜ਼ਦਗੀ ਪੱਤਰ ਦਾਖਲ
-ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਮਾਨ ਨੂੰ ਦਿੱਤੀਆਂ ਸ਼ੁਭਕਾਮਨਾਵਾਂ
ਧੂਰੀ (ਸੰਗਰੂਰ) - ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਾਵਰ ਭਗਵੰਤ ਮਾਨ ਨੇ ਵਿਧਾਨ ਸਭਾ ਹਲਕਾ ਧੂਰੀ ਤੋਂ ਅੱਜ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ ਹਨ। ਇਸ ਸਮੇਂ ਮਾਨ ਦੀ ਮਾਤਾ ਹਰਪਾਲ ਕੌਰ ਵੀ ਉਨਾਂ ਨਾਲ ਸਨ। ਇਸ ਤੋਂ ਪਹਿਲਾ ਭਗਵੰਤ ਮਾਨ ਨੂੰ ਉਨਾਂ ਦੀ ਮਾਤਾ ਨੇ ਘਰੋਂ ਮੂੰਹ ਮਿੱਠਾ ਕਰਵਾ ਕੇ ਤੋਰਿਆ। ਨਾਮਜ਼ਦਗੀ ਫਾਰਮ ਭਰਨ ਸਮੇਂ ਭਗਵੰਤ ਮਾਨ ਦੇ ਸਮਰਥਕਾਂ ਵਿੱਚ ਭਾਰੀ ਉਤਸ਼ਾਹ ਪਾਇਆ ਗਿਆ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋਂ ਅਰਵਿੰਦ ਕੇਜਰੀਵਾਲ ਨੇ ਵੀ ਭਗਵੰਤ ਮਾਨ ਨੂੰ ਨਾਮਜ਼ਦਗੀ ਭਰਨ ਲਈ ਸ਼ੁਭਕਾਮਨਾਂ ਦਿੱਤੀਆਂ ਅਤੇ ਉਨਾਂ ਦੀ ਧੂਰੀ ਤੋਂ ਰਿਕਾਰਡ ਤੋੜ ਵੋਟਾਂ ਨਾਲ ਜਿੱਤ ਹੋਣ ਦੀ ਕਾਮਨਾ ਕੀਤੀ।
Bhagwant Mann
ਜ਼ਿਕਰਯੋਗ ਹੈ ਕਿ ਭਗਵੰਤ ਮਾਨ ਮੌਜ਼ੂਦਾ ਸਮੇਂ ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਇੱਕਲੌਤੇ ਲੋਕ ਸਭਾ ਮੈਂਬਰ ਹੋਣ ਦੇ ਨਾਲ- ਨਾਲ ਪਾਰਟੀ ਦੇ ਸੂਬਾ ਪ੍ਰਧਾਨ ਵੀ ਹਨ। ਵਿਧਾਨ ਸਭਾ ਹਲਕਾ ਧੂਰੀ ਦੇ ਚੋਣ ਅਧਿਕਾਰੀ ਦੇ ਦਫ਼ਤਰ ਵਿੱਚ ਨਾਮਜ਼ਦਗੀ ਫਾਰਮ ਭਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਗਵੰਤ ਮਾਨ ਨੇ ਦਾਅਵਾ ਕੀਤਾ, ''ਹਲਕਾ ਧੂਰੀ ਦੇ ਲੋਕਾਂ ਨੇ ਹਮੇਸ਼ਾਂ ਹੀ ਮੇਰੇ ਸਿਰ 'ਤੇ ਹੱਥ ਰੱਖਿਆ ਹੈ। ਜਿਵੇਂ ਉਹ ਪਹਿਲਾਂ ਪਿਆਰ ਦਿੰਦੇ ਰਹੇ ਹਨ, ਇਸੇ ਤਰਾਂ ਹੁਣ ਵੀ ਸਹਿਯੋਗ ਕਰਨਗੇ। ਮੈਨੂੰ ਉਮੀਦ ਹੈ ਕਿ ਲੋਕ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਸਭ ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿਤਾਉਣਗੇ।''
Bhagwant Mann
ਮਾਨ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਉਹ ਲੋਕ ਸਭਾ ਮੈਂਬਰ ਵਜੋਂ ਕੀਤੇ ਕੰਮਾਂ, ਖਰਚੇ ਪੈਸਿਆਂ ਅਤੇ ਸੰਸਦ ਵਿੱਚ ਕੀਤੇ ਕੰਮਾਂ ਦਾ ਹਿਸਾਬ ਲੋਕਾਂ ਦੀ ਕਚਿਹਰੀ ਵਿੱਚ ਰੱਖਣਗੇ ਤਾਂ ਜੋ ਸਭ ਨੂੰ ਪਤਾ ਲੱਗ ਸਕੇ ਕਿ ਐਮਪੀ ਕੋਟੇ ਵਿੱਚੋਂ ਧੂਰੀ ਖੇਤਰ 'ਚ ਕਿੰਨੇ ਪੈਸੇ ਲੱਗੇ ਹਨ। ਵਿਰੋਧੀਆਂ ਨੂੰ ਨਿਸ਼ਾਨੇ 'ਤੇ ਲੈਂਦੇ ਹੋਏ ਮਾਨ ਨੇ ਕਿਹਾ ਕਿ ਵਿਰੋਧੀਆਂ ਦਾ ਕੰਮ ਹੀ ਦੋਸ਼ ਲਾਉਣਾ ਹੁੰਦਾ ਹੈ।
ਭਗਵੰਤ ਮਾਨ ਨੇ ਟਵੀਟ 'ਤੇ ਜਾਣਕਾਰੀ ਸਾਂਝੀ ਕਰਦਿਆ ਮਾਨ ਨੇ ਕਿਹਾ, ''ਨਾਮਜ਼ਦਗੀ ਫਾਰਮ ਭਰਨ ਸਮੇਂ ਸਤਿਗੁਰਾਂ ਦੀ ਕਿਰਪਾ ਅਤੇ ਮਾਤਾ ਜੀ ਦਾ ਅਸੀਰਵਾਦ ਲਿਆ... ਦੇਸ ਦੇ ਮਹਾਨ ਸਹੀਦਾਂ ਅਤੇ ਬਾਬਾ ਸਾਹਿਬ ਜੀ ਦੇ ਸੁਪਨਿਆਂ ਦਾ ਪੰਜਾਬ ਸਿਰਜਣ ਦੀ ਸੋਚ ਧਿਆਨ ਵਿੱਚ ਰੱਖਦੇ ਹੋਏ ਧੂਰੀ ਵਿਖੇ ਨਾਮਜਦਗੀ ਪੱਤਰ ਦਾਖਲ ਕੀਤਾ।'' ਇਸ ਸਮੇਂ ਭਗਵੰਤ ਮਾਨ ਨਾਲ 'ਆਪ' ਆਗੂ ਅਸ਼ੋਕ ਕੁਮਾਰ ਲੱਖਾ, ਦਲਬੀਰ ਸਿੰਘ ਢਿੱਲੋਂ ਹਾਜ਼ਰ ਸਨ।