
ਮੇਰੇ ਵਿਰੁਧ ਈ.ਡੀ. ਦੀ ਕਾਰਵਾਈ ਪਿੱਛੇ ਮੋਦੀ ਸਰਕਾਰ, ਰਾਣਾ ਗੁਰਜੀਤ ਤੇ ਕੇਜਰੀਵਾਲ ਦਾ ਸੀ ਹੱਥ : ਖਹਿਰਾ
ਕਿਹਾ, ਮੇਰੇ ਵਲੋਂ ਕਿਸਾਨ ਮੋਰਚੇ 'ਚ ਨਵਰੀਤ ਦੀ ਮੌਤ ਕਾਰਨ ਦਿੱਲੀ ਪੁਲਿਸ ਨੂੰ ਕਟਹਿਰੇ 'ਚ ਖੜਾ ਕਰਨ ਤੇ ਯੂ.ਏ.ਪੀ.ਏ. ਕੇਸਾਂ ਦੀ ਪੈਰਵਾਈ ਕਰਨ ਕਾਰਨ ਭਾਜਪਾ ਸਰਕਾਰ ਨੇ ਕੀਤੀ ਬਦਲੇ ਦੀ ਕਾਰਵਾਈ
ਚੰਡੀਗੜ੍ਹ, 28 ਜਨਵਰੀ (ਗੁਰਉਪਦੇਸ਼ ਭੁੱਲਰ) : ਪਟਿਆਲਾ ਜੇਲ ਤੋਂ ਰਿਹਾਅ ਹੋਣ ਬਾਅਦ ਅੱਜ ਸ਼ਾਮ ਚੰਡੀਗੜ੍ਹ ਅਪਣੀ ਰਿਹਾਇਸ਼ 'ਤੇ ਪਹੁੰਚੇ ਕਾਂਗਰਸ ਆਗੂ ਤੇ ਭੁਲੱਥ ਤੋਂ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਦੋਸ਼ ਲਾਇਆ ਹੈ ਕਿ ਮੇਰੇ ਵਿਰੁਧ ਹੋਈ ਈ.ਡੀ. ਦੀ ਕਾਰਵਾਈ ਪਿੱਛੇ ਤਿੰਨ ਧਿਰਾਂ ਦਾ ਹੱਥ ਸੀ |
ਉਨ੍ਹਾਂ ਕਿਹਾ ਕਿ ਇਸ ਵਿਚ ਕੇਂਦਰ ਦੀ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ, ਪੰਜਾਬ ਦੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਸ ਸਾਜ਼ਸ਼ ਵਿਚ ਸ਼ਾਮਲ ਸਨ | ਖਹਿਰਾ ਨੇ ਕਿਹਾ ਕਿ ਮੋਦੀ ਸਰਕਾਰ ਨੇ ਇਸ ਲਈ ਬਦਲੇ ਦੀ
ਕਾਰਵਾਈ ਕੀਤੀ ਕਿ ਮੈਂ ਕਿਸਾਨਾਂ ਦੇ ਅੰਦੋਲਨ ਦਾ ਡਟ ਕੇ ਸਾਥ ਹੀ ਨਹੀਂ ਦਿਤਾ ਬਲਕਿ ਦਿੱਲੀ ਵਿਚ ਟਰੈਕਟਰ ਮਾਰਚ ਦੌਰਾਨ ਨੌਜਵਾਨ ਨਵਰੀਤ ਸਿੰਘ ਡਿੱਬਡਿੱਬਾ ਦੀ ਪੁਲਿਸ ਗੋਲੀ ਨਾਲ ਮੌਤ ਦੇ ਮਾਮਲੇ ਨੂੰ ਚੁੱਕ ਕੇ ਦਿੱਲੀ ਪੁਲਿਸ ਨੂੰ ਕਾਨੂੰਨੀ ਕਟਹਿਰੇ ਵਿਚ ਖੜਾ ਕੀਤਾ | ਕੇਂਦਰ ਦੇ ਯੂ.ਏ.ਪੀ.ਏ. ਕਾਨੂੰਨ ਦਾ ਵਿਰੋਧ ਕਰਦਿਆਂ ਬੇਕਸੂਰ ਸਿੱਖ ਨੌਜਵਾਨਾਂ ਦੀ ਲੜਾਈ ਲੜੀ | ਰਾਣਾ ਗੁਰਜੀਤ ਨੂੰ ਮੈਂ ਰੇਤ ਘਪਲੇ ਵਿਚ ਬੇਨਕਾਬ ਕਰ ਕੇ ਮੰਤਰੀ ਪਦ ਤੋਂ ਹਟਵਾਇਆ ਸੀ | ਉਨ੍ਹਾਂ ਰਾਣਾ ਗੁਰਜੀਤ ਸਿੰਘ ਉਪਰ ਨਾਜਾਇਜ਼ ਸ਼ਰਾਬ ਦੀ ਵਿਕਰੀ ਤੇ ਟੈਕਸ ਚੋਰੀ ਦੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਉਹ ਮੈਨੂੰ ਜੇਲ ਭਿਜਵਾ ਕੇ ਚੋਣ ਜਿੱਤਣਾ ਚਾਹੁੰਦਾ ਸੀ | ਉਨ੍ਹਾਂ ਕਿਹਾ ਕਿ ਕਿੰਨੀ ਸ਼ਰਮ ਵਾਲੀ ਗੱਲ ਹੈ ਕਿ ਹੁਣ ਕੈਬਨਿਟ ਮੰਤਰੀ ਹੈ ਤੇ ਗੱਡੀ ਵਿਚ ਤੇਲ ਵੀ ਕਾਂਗਰਸ ਦੇ ਖ਼ਰਚੇ ਵਿਚੋਂ ਪਵਾਉਂਦਾ ਹੈ ਪਰ ਅਪਣੇ ਪੁੱਤਰ ਨੂੰ ਕਾਂਗਰਸ ਵਿਰੁਧ ਹੀ ਚੋਣ ਲੜਵਾ ਰਿਹਾ ਹੈ |
ਕੇਜਰੀਵਾਲ ਦੀ ਭੂਮਿਕਾ ਬਾਰੇ ਖਹਿਰਾ ਨੇ ਕਿਹਾ ਕਿ ਉਹ ਮੈਨੂੰ ਨਫ਼ਰਤ ਕਰਦਾ ਹੈ ਅਤੇ ਮੈਨੂੰ ਖ਼ੁਦ ਹੀ ਵਿਦੇਸ਼ ਵਿਚ ਪਾਰਟੀ ਦੇ ਪ੍ਰਚਾਰ ਲਈ ਭੇਜਿਆ ਪਰ ਬਾਅਦ ਵਿਚ ਖ਼ੁਦ ਹੀ ਅਪਣੇ ਬੰਦੇ ਤੋਂ ਮੇਰੇ ਵਿਰੁਧ ਸ਼ਿਕਾਇਤ ਕਰਵਾ ਦਿਤੀ ਕਿ ਇਸ ਨੇ ਬਾਹਰੋਂ 'ਆਪ' ਦੇ ਨਾਂ ਉਪਰ ਪੈਸੇ ਇਕੱਠੇ ਕੀਤੇ ਹਨ ਜਦ ਕਿ ਇਹ ਪੈਸੇ 'ਆਪ' ਕੋਲ ਆਏ ਸਨ | ਉਨ੍ਹਾਂ ਕਿਹਾ ਕਿ ਈ.ਡੀ. ਵਲੋਂ ਜੋ ਚਲਾਨ ਅਦਾਲਤ ਵਿਚ ਪੇਸ਼ ਕੀਤਾ ਗਿਆ ਹੈ, ਉਸ ਵਿਚ ਅਜਿਹਾ ਕੋਈ ਵੀ ਦੋਸ਼ ਸ਼ਾਮਲ ਨਹੀਂ | ਇਸ ਤੋਂ ਸਾਬਤ ਹੁੰਦਾ ਹੈ ਕਿ ਮੇਰੀ ਆਵਾਜ਼ ਬੰਦ ਕਰਨ ਲਈ ਹੀ ਈ.ਡੀ ਤੋਂ ਮੇਰੇ ਵਿਰੋਧੀਆਂ ਨੇ ਕਾਰਵਾਈ ਕਰਵਾਈ | ਖਹਿਰਾ ਨੇ ਕਿਹਾ ਕਿ ਮੇਰੇ ਪਿਤਾ ਨੇ ਦੇਸ਼ ਦੀਆਂ ਵੱਖ ਵੱਖ ਰਾਜਾਂ ਵਿਚ ਵੱਖ ਵੱਖ ਥਾਵਾਂ 'ਤੇ ਸਖ਼ਤ ਜੇਲਾਂ ਕੱਟੀਆਂ ਹਨ ਅਤੇ ਮੈਂ ਵੀ ਜੇਲਾਂ ਤੇ ਝੂਠੇ ਕੇਸਾਂ ਤੋਂ ਡਰਨ ਵਾਲਾ ਨਹੀਂ ਅਤੇ ਹੱਕ ਸੱਚ ਤੇ ਇਨਸਾਫ਼ ਲਈ ਅੱਗੇ ਵੀ ਪਹਿਲਾਂ ਵਾਂਗ ਆਵਾਜ਼ ਬੁਲੰਦ ਕਰਦਾ ਰਹਾਂਗਾ | ਉਨ੍ਹਾਂ ਸਵਾਲਾ ਦੇ ਜਵਾਬ ਦਿੰਦੇ ਹੋਏ ਕਿਹਾ ਕਿ ਕਾਂਗਰਸ ਜੇਕਰ ਚਿਹਰਾ ਦਿੰਦੀ ਹੈ ਤਾਂ ਲੋਕਾਂ ਵਿਚ ਸਪੱਸ਼ਟਤਾ ਆਉਣ ਨਾਲ ਲਾਭ ਮਿਲੇਗਾ | ਮੁੱਖ ਮੰਤਰੀ ਚੰਨੀ ਵਿਰੁਧ ਉਸ ਦੇ ਰਿਸ਼ਤੇਦਾਰ ਉਪਰ ਈ.ਡੀ. ਕਾਰਵਾਈ ਨੂੰ ਲੈ ਕੇ ਸਵਾਲ ਦੇ ਜਵਾਬ ਵਿਚ ਕਿਹਾ ਕਿ ਹਾਲੇ ਤਕ ਇਹ ਹੀ ਪਤਾ ਨਹੀਂ ਕਿ ਬਰਾਮਦ ਪੈਸਾ ਕਿਸ ਦਾ ਹੈ ਅਤੇ ਨਾ ਹੀ ਚੰਨੀ ਦੇ ਰਿਸ਼ਤੇਦਾਰ ਨੇ ਉਨ੍ਹਾਂ ਦਾ ਨਾਂ ਲਿਆ ਹੈ ਤਾ ਫਿਰ ਮੁੱਖ ਮੰਤਰੀ ਦਾ ਪੈਸਾ ਦਸਣਾ ਫ਼ਜ਼ੂਲ ਦਾ ਰੌਲਾ ਰੱਪਾ ਹੈ |
ਕਾਂਗਰਸ ਆਗੂਆਂ ਵਲੋਂ ਗਿ੍ਫ਼ਤਾਰੀ ਵਿਰੁਧ ਜ਼ੋਰਦਾਰ ਆਵਾਜ਼ ਨਾ ਉਠਾਉਣ ਬਾਰੇ ਉਨ੍ਹਾਂ ਕਿਹਾ ਕਿ ਕਾਂਗਰਸ ਵਲੋਂ ਜੇਲ ਵਿਚ ਬੈਠੇ ਨੂੰ ਟਿਕਟ ਦੇਣ ਨਾਲ ਮੇਰਾ ਸਾਰਾ ਗੁੱਸਾ ਖ਼ਤਮ ਹੋ ਗਿਆ ਹੈ ਅਤੇ ਇਹ ਪੰਜਾਬ ਕਾਂਗਰਸ ਦੀ ਸਿਫ਼ਾਰਸ਼ ਨਾਲ ਹੀ ਹੋਇਆ ਹੈ | ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਉਪਰ ਖਹਿਰਾ ਨੇ ਕਿਹਾ ਕਿ ਇਹ ਇਸ ਸਮੇਂ ਬਹੁਤ ਵੱਡਾ ਸਵਾਲ ਹੈ ਅਤੇ ਇਸ ਨਾਲ ਵੀ ਕੇਜਰੀਵਾਲ ਦਾ ਸਿੱਖ ਵਿਰੋਧੀ ਅਸਲੀ ਚਰਿੱਤਰ ਪਤਾ ਲਗ ਸਕਦਾ ਹੈ ਜਿਸ ਦੇ ਟੇਬਲ ਉਪਰ ਪ੍ਰੋ. ਦਵਿੰਦਰਪਾਲ ਭੁੱਲਰ ਦੀ ਫ਼ਾਈਲ ਦਸਤਖਤਾਂ ਲਈ ਪਈ ਹੈ | ਖਹਿਰਾ ਨੇ ਕਿਹਾ,''ਮੈਂ ਜੇਲ ਵਿਚੋਂ ਹੋਰ ਵੀ ਮਜ਼ਬੂਤ ਇਰਾਦੇ ਨਾਲ ਨਿਕਲਿਆ ਹਾਂ ਅਤੇ ਮੇਰੀ ਲੋਕਪਿ੍ਯਤਾ ਵਧੀ ਹੈ | ਮੈਨੂੰ ਮਾਨਸਕ ਤੇ ਸਰੀਰਕ ਤੌਰ ਤੇ ਜੇਲ ਵਿਚ ਮਜ਼ਬੂਤ ਹੋਣ ਦਾ ਮੌਕਾ ਮਿਲਿਆ ਅਤੇ ਮੈਂ ਉਥੇ ਬੈਡਮਿੰਟਨ ਖੇਡ ਕੇ ਤੇ ਹੋਰ ਅਭਿਆਸ ਕਰ ਕੇ 7 ਕਿਲੋ ਭਾਰ ਘਟਾਇਆ ਹੈ |''
ਡੱਬੀ
78 ਦਿਨਾਂ ਬਾਅਦ ਖਹਿਰਾ ਹੋਏ ਪਟਿਆਲਾ ਜੇਲ ਵਿਚੋਂ ਰਿਹਾਅ
ਪਟਿਆਲਾ, (ਦਲਜਿੰਦਰ ਸਿੰਘ): ਕਾਂਗਰਸ ਨੇਤਾ ਸੁਖਪਾਲ ਸਿੰਘ ਖਹਿਰਾ ਅੱਜ 78 ਦਿਨਾਂ ਬਾਅਦ ਪਟਿਆਲਾ ਜੇਲ ਵਿਚੋਂ ਰਿਹਾਅ ਹੋਏ ਹਨ | ਉਨ੍ਹਾਂ ਵਿਰੁਧ ਈ.ਡੀ. ਨੇ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਕਰ ਕੇ ਗਿ੍ਫ਼ਤਾਰ ਕੀਤਾ ਸੀ | ਹਾਈ ਕੋਰਟ ਤੋਂ ਬੀਤੇ ਦਿਨ ਉਨ੍ਹਾਂ ਨੂੰ ਪੱਕੀ ਜ਼ਮਾਨਤ ਮਿਲੀ ਹੈ | ਜੇਲ ਵਿਚੋਂ ਰਿਹਾਅ ਹੋਣ ਬਾਅਦ ਖਹਿਰਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਕੋਲ ੈਮੈਨੂੰ ਜੇਲ ਭਿਜਵਾਉਣ ਵਾਲਿਆਂ ਬਾਰੇ ਪੱਕੇ ਸਬੂਤ ਹਨ ਤੇ ਸੱਭ ਨੂੰ ਬੇਨਕਾਬ ਕਰਾਂਗਾ | ਉਨ੍ਹਾਂ ਇਹ ਵੀ ਕਿਹਾ ਕਿ ਜੇਲ ਵਿਚ ਮੈਂ ਦੇਖਿਆ ਕਿ ਉਥੇ ਹੋਰ ਵੀ ਬਹੁਤ ਲੋਕ ਬੰਦ ਹਨ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ | ਕਾਫ਼ੀ ਬੇਕਸੂਰ ਲੋਕ ਹਨ ਪਰ ਉਨ੍ਹਾਂ ਕੋਲ ਜ਼ਮਾਨਤ ਦੇ ਬਾਂਡ ਭਰਨ ਲਈ ਪੈਸੇ ਨਹੀਂ | ਮੈਂ ਕਈਆਂ ਦੀ ਉਥੇ ਮਦਦ ਵੀ ਕੀਤੀ |