
ਗ਼ੈਰ ਸਰਕਾਰੀ ਸੰਗਠਨ ਨੇ ਉਠਾਈ ਚੋਣ ਉਮੀਦਵਾਰਾਂ ਦੇ ਡੋਪ ਟੈਸਟ ਦੀ ਮੰਗ
ਚੰਡੀਗੜ੍ਹ, 29 ਜਨਵਰੀ (ਭੁੱਲਰ): ਹਿਊਮਨ ਵੈਲਫ਼ੇਅਰ ਮੰਚ ਪੰਜਾਬ ਦੇ ਨਾਂ ਹੇਠ ਕੰਮ ਕਰ ਰਹੇ ਗ਼ੈਰ ਸਰਕਾਰੀ ਸੰਗਠਨ ਨੇ ਅੱਜ ਇਥੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ. ਐਸ. ਕਰੁਣਾ ਰਾਜੂ ਨੂੰ ਮੰਗ ਪੱਤਰ ਦੇ ਕੇ ਚੋਣ ਕਮਿਸ਼ਨ ਤੋਂ ਉਮੀਦਵਾਰਾਂ ਡੋਪ ਟੈਸਟ ਕਰਵਾਉਣ ਦੀ ਮੰਗ ਕੀਤੀ ਹੈ | ਅੱਜ ਮੰਗ ਪੱਤਰ ਦੇਣ ਲਈ ਸੰਗਠਨ ਦਾ ਵਫ਼ਦ ਅਜੈ ਸ਼ਰਮਾ ਦੀ ਅਗਵਾਈ ਹੇਠ ਡਾ. ਰਾਜੂ ਨੂੰ ਮਿਲਿਆ |
ਦਿਤੇ ਗਏ ਮੰਗ ਪੱਤਰ ਵਿਚ ਕਿਹਾ ਗਿਆ ਕਿ ਜਦ ਅੱਜ ਕਲ੍ਹ ਨਵੀਆਂ ਨੌਕਰੀਆਂ ਦੀ ਨਿਯੁਕਤੀ ਸਮੇਂ ਡੋਪ ਟੈਸਟ ਹੁੰਦੇ ਹਨ ਅਤੇ ਹਥਿਆਰਾਂ ਆਦਿ ਲਾਇਸੰਸ ਲੈਣ ਸਮੇਂ ਵੀ ਲੋਕਾਂ ਦੇ ਡੋਪ ਟੈਸਟ ਹੁੰਦੇ ਹਨ ਤਾਂ ਉਮੀਦਵਾਰਾਂ ਦੇ ਵੀ ਡੋਪ ਟੈਸਟ ਹੋਣੇ ਚਾਹੀਦੇ ਹਨ | ਉਨ੍ਹਾਂ ਇਹ ਮੰਗ ਵੀ ਕੀਤੀ ਕਿ ਸਿਆਸੀ ਪਾਰਟੀਆਂ ਦੇ ਮੈਨੀਫ਼ੈਸਟੋ ਵੀ ਕਾਨੂੰਨੀ ਘੇਰੇ ਵਿਚ ਲਿਆਂਦੇ ਜਾਣ ਤਾਂ ਜੋ ਵੱਖ ਵੱਖ ਕੀਤੇ ਜਾ ਰਹੇ ਲੁਭਾਵਣੇ ਵਾਅਦਿਆਂ ਰਾਹੀਂ ਵੋਟਰਾਂ 'ਤੇ ਪ੍ਰਭਾਵ ਨਾ ਪਾਇਆ ਜਾ ਸਕੇ ਅਤੇ ਚੋਣਾਂ ਦਾ ਕੰਮ ਨਿਰਪੱਖ ਹੋਵੇ | ਸ਼ਰਮਾ ਨੇ ਕਿਹਾ ਕਿ ਉਹ ਇਨ੍ਹਾਂ ਮਾਮਲਿਆਂ ਲਈ ਹਾਈ ਕੋਰਟ ਵਿਚ ਵੀ ਪਹੁੰਚ ਕਰਨਗੇ | ਮੁੱਖ ਚੋਣ ਅਧਿਕਾਰੀ ਨੇ ਮੰਗ ਪੱਤਰ ਕਮਿਸ਼ਨ ਨੂੰ ਭੇਜ ਦਿਤਾ ਹੈ |