
ਪਾਕਿ ਤਸਕਰਾਂ ਤੇ ਬੀ.ਐਸ.ਐਫ਼ ਦੇ ਜਵਾਨਾਂ 'ਚ ਹੋਈ ਮੁਠਭੇੜ ਦੌਰਾਨ ਚੱਲੀਆਂ ਗੋਲੀਆਂ
ਬਰਾਮਦ ਹੋਈ ਕਰੋੜਾਂ ਦੀ ਹੈਰੋਇਨ
ਡੇਰਾ ਬਾਬਾ ਨਾਨਕ, 28 ਜਨਵਰੀ (ਪਪ) : ਬੀ.ਐਸ.ਐਫ਼ ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ 89 ਬਟਾਲੀਅਨ ਦੀ ਬੀ.ਓ.ਪੀ. ਚੰਦੂ ਵਡਾਲਾ ਵਿਖੇ ਅੱਜ ਤੜਕਸਾਰ ਸੰਘਣੀ ਧੁੰਦ ਦੌਰਾਨ ਬੀ.ਐਸ.ਐਫ਼. ਦੇ ਜਵਾਨਾਂ ਅਤੇ ਨਸ਼ਾ ਤਸਕਰਾਂ ਦਰਮਿਆਨ ਮੁਠਭੇੜ ਹੋ ਗਈ | ਮੁਠਭੇੜ ਦੌਰਾਨ ਗੋਲੀਆਂ ਵੀ ਚਲਾਈਆਂ ਗਈਆਂ | ਇਸ ਦੌਰਾਨ ਜਵਾਨਾਂ ਨੇ 49 ਕਿਲੋ ਹੈਰੋਇਨ ਬਰਾਮਦ ਕਰਨ 'ਚ ਸਫ਼ਲਤਾ ਹਾਸਲ ਕੀਤੀ |
ਜਾਣਕਾਰੀ ਅਨੁਸਾਰ ਬੀ.ਐਸ.ਐਫ਼. ਦਾ ਜਵਾਨ ਗੋਲੀ ਲੱਗਣ ਕਾਰਨ ਗੰਭੀਰ ਫੱਟੜ ਵੀ ਹੋ ਗਿਆ, ਜਿਸ ਨੂੰ ਅੰਮਿ੍ਤਸਰ ਦੇ ਇਕ ਹਸਪਤਾਲ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬੀ.ਐਸ.ਐਫ਼. ਦੇ ਡੀ.ਆਈ.ਜੀ. ਪ੍ਰਭਾਕਰ ਜੋਸ਼ੀ ਨੇ ਦਸਿਆ ਕਿ ਅੱਜ ਸਵਾ ਪੰਜ ਵਜੇ ਦੇ ਕਰੀਬ ਚੰਦੂ ਵਡਾਲਾ ਪੋਸਟ ਦੇ ਜਵਾਨਾਂ ਨੇ ਸਰਹੱਦ 'ਤੇ ਸੰਘਣੀ ਧੁੰਦ ਦੌਰਾਨ ਹਿਲਜੁਲ ਵੇਖੀ | ਇਸ ਦੌਰਾਨ ਪਾਕਿ ਤਸਕਰਾਂ ਅਤੇ ਬੀ.ਐਸ.ਐਫ਼. ਜਵਾਨਾਂ ਦੌਰਾਨ ਫ਼ਾਇਰਿੰਗ ਵੀ ਹੋਈ | ਬੀ.ਐਸ.ਐਫ਼. ਦਾ ਜਵਾਨ ਗਿਆਨ ਚੰਦ ਸਿਰ 'ਤੇ ਗੋਲੀ ਲੱਗਣ ਕਾਰਨ ਗੰਭੀਰ ਫੱਟੜ ਹੋ ਗਿਆ | ਇਸ ਤੋਂ ਬਾਅਦ ਤਲਾਸ਼ੀ ਲੈਣ 'ਤੇ ਜਵਾਨਾਂ ਨੇ ਸਰਹੱਦ ਤੋਂ 49 ਕਿੱਲੋ ਦੇ ਕਰੀਬ ਹੈਰੋਇਨ ਬਰਾਮਦ ਕੀਤੀ | ਉਨ੍ਹਾਂ ਕਿਹਾ ਕਿ ਸੰਘਣੀ ਧੁੰਦ ਦੌਰਾਨ ਸਰਚ ਅਭਿਆਨ ਜਾਰੀ ਹੈ |
ਫ਼ੋਟੋ : ਗੁਰਦਾਸਪੁਰ ਹੈਰੋਇਨ