ਜਿਊਲਰ ਤੋਂ ਫਿਰੌਤੀ ਮੰਗਣ ਵਾਲੇ ਬਦਮਾਸ਼ ਜੋਬਨ ਸਿੰਘ ਦੇ ਪੈਰ 'ਚ ਲੱਗੀ ਗੋਲੀ
ਅੰਮ੍ਰਿਤਸਰ: ਅੰਮ੍ਰਿਤਸਰ ਪੁਲਿਸ ਨੇ ਫਿਰੌਤੀ ਮੰਗਣ ਅਤੇ ਧਮਕਾਉਣ ਵਾਲੇ ਅਪਰਾਧਿਕ ਗਿਰੋਹਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਅੱਜ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ। ਸੁਲਤਾਨਵਿੰਡ ਪਿੰਡ ਨੇੜੇ ਹੋਈ ਇੱਕ ਪੁਲਿਸ ਮੁੱਠਭੇੜ ਦੌਰਾਨ ਖ਼ਤਰਨਾਕ 'ਸੱਤਾ ਨੌਸ਼ਹਿਰਾ ਗਰੁੱਪ' ਦੇ ਇੱਕ ਮੈਂਬਰ ਜੋਬਨ ਸਿੰਘ ਦੇ ਪੈਰ ਵਿੱਚ ਗੋਲੀ ਲੱਗੀ ਹੈ, ਜਿਸ ਤੋਂ ਬਾਅਦ ਉਸ ਨੂੰ ਕਾਬੂ ਕਰ ਲਿਆ ਗਿਆ।
ਮਿਲੀ ਜਾਣਕਾਰੀ ਅਨੁਸਾਰ, ਅੰਮ੍ਰਿਤਸਰ ਦੇ ਮਸ਼ਹੂਰ 'ਰਬਾਬ ਜਿਵੈਲਰਸ' ਨੂੰ ਪਿਛਲੇ ਦਿਨੀਂ ਫਿਰੌਤੀ ਲਈ ਧਮਕੀ ਭਰੀ ਕਾਲ ਆਈ ਸੀ। ਇਸ ਮਾਮਲੇ ਦੀ ਤਫਤੀਸ਼ ਕਰਦਿਆਂ ਪੁਲਿਸ ਨੇ ਬੀਤੇ ਦਿਨੀਂ ਸੱਤਾ ਨੌਸ਼ਹਿਰਾ ਗਰੁੱਪ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਅੱਜ ਜਦੋਂ ਪੁਲਿਸ ਟੀਮ ਇਨ੍ਹਾਂ ਮੁਲਜ਼ਮਾਂ ਦੀ ਨਿਸ਼ਾਨਦੇਹੀ 'ਤੇ ਉਨ੍ਹਾਂ ਦੇ ਚੌਥੇ ਸਾਥੀ ਨੂੰ ਕਾਬੂ ਕਰਨ ਲਈ ਸੁਲਤਾਨਵਿੰਡ ਪਿੰਡ ਨੇੜੇ ਰੇਡ ਕਰਨ ਗਈ, ਤਾਂ ਮੌਕੇ 'ਤੇ ਹਾਲਾਤ ਤਣਾਅਪੂਰਨ ਹੋ ਗਏ।
ਪੁਲਿਸ ਹਿਰਾਸਤ ਵਿੱਚ ਮੌਜੂਦ 20 ਸਾਲਾ ਜੋਬਨ ਸਿੰਘ ਨੇ ਅਚਾਨਕ ਇੱਕ ਪੁਲਿਸ ਮੁਲਾਜ਼ਮ ਦਾ ਪਿਸਟਲ ਖੋਹਣ ਦੀ ਕੋਸ਼ਿਸ਼ ਕੀਤੀ ਅਤੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਜਵਾਬੀ ਕਾਰਵਾਈ ਕਰਦਿਆਂ ਗੋਲੀ ਚਲਾਈ, ਜੋ ਜੋਬਨ ਸਿੰਘ ਦੇ ਪੈਰ ਵਿੱਚ ਜਾ ਲੱਗੀ। ਜ਼ਖਮੀ ਹਾਲਤ ਵਿੱਚ ਉਸ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।
