
ਇਤਿਹਾਸਕ ਗੁਰਦੁਆਰਾ ਸ੍ਰੀ ਬਾਬਾ ਬਕਾਲਾ ਸਾਹਿਬ ਵਿਖੇ ਸਾਲਾਨਾ ਜੋੜ ਮੇਲੇ ਤੇ ਕਾਂਗਰਸ ਪਾਰਟੀ ਵਲੋਂ ਵਿਸ਼ਾਲ ਰੈਲੀ ਕੀਤੀ ਗਈ, ਜਿਥੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਦੇ
ਅੰਮ੍ਰਿਤਸਰ/ਟਾਗਰਾ, 7 ਅਗੱਸਤ (ਸੁਖਵਿੰਦਰਜੀਤ ਸਿੰਘ ਬਹੋੜੂ/ਖਾਲਸਾ) : ਇਤਿਹਾਸਕ ਗੁਰਦੁਆਰਾ ਸ੍ਰੀ ਬਾਬਾ ਬਕਾਲਾ ਸਾਹਿਬ ਵਿਖੇ ਸਾਲਾਨਾ ਜੋੜ ਮੇਲੇ ਤੇ ਕਾਂਗਰਸ ਪਾਰਟੀ ਵਲੋਂ ਵਿਸ਼ਾਲ ਰੈਲੀ ਕੀਤੀ ਗਈ, ਜਿਥੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਦੇ ਨਾ ਆਉਣ ਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇਕ ਕਰੋੜ ਵਿਕਾਸ ਕਾਰਜਾਂ ਲਈ ਦੇਣ ਦੇ ਨਾਲ ਸ੍ਰੀ ਬਾਬਾ ਬਕਾਲਾ ਸਾਹਿਬ ਨੂੰ ਨਗਰ ਕੌਂਸਲ ਦਾ ਦਰਜਾ ਦਿੰਦਿਆਂ ਇਸ ਖੇਤਰ ਦੀ ਮੰਗ ਤੇ ਬਹੁ-ਤਕਨੀਕੀ ਕਾਲਜ ਬਣਾਉਣ ਦਾ ਐਲਾਨ ਵੀ ਕੀਤਾ। ਇਸ ਤੋਂ ਪਹਿਲਾਂ ਸ੍ਰੀ ਬਾਬਾ ਬਕਾਲਾ ਸਾਹਿਬ ਵਿਖੇ ਪੰਚਾਇਤ ਕੰਮ ਕਰ ਰਹੀ ਹੈ। ਇਸ ਮੌਕੇ ਪੰਚਾਇਤ ਤੇ ਵਿਕਾਸ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਵੀ ਇਕ ਕਰੋੜ ਵਿਕਾਸ ਕੰਮਾਂ ਲਈ ਦੇਣ ਦਾ ਐਲਾਨ ਕੀਤਾ। ਇਸ ਹਲਕੇ ਦੇ ਐਮ ਐਲ ਏ ਸੰਤੋਖ ਸਿੰਘ ਭਲਾਈਪੁਰ ਅਤੇ ਪੰਜਾਬ ਦੇ ਸੀਨੀਅਰ ਆਗੂ ਜਸਬੀਰ ਸਿੰਘ ਡਿੰਪਾ ਦੀ ਅਗਵਾਈ ਹੇਠ ਹੋਈ ਰੈਲੀ 'ਚ ਉਕਤ ਆਗੂਆਂ ਵੱਲੋਂ ਮੰਗ ਕੀਤੀ ਗਈ ਸੀ। ਮੌਸਮ ਖਰਾਬ ਹੋਣ ਕਾਰਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਪੁੱਜ ਨਹੀਂ ਸਕੇ।
ਇਸ ਮੌਕੇ ਨਵਜੋਤ ਸਿੰਘ ਸਿੱਧੂ ਨੇ ਕੈਪਟਨ ਸਰਕਾਰ ਦੀਆਂ ਪ੍ਰਾਪਤੀਆਂ ਦਸਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ, ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ 'ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਇਹ ਇਕ ਪਾਸੇ ਸਮੁੱਚੇ ਪੰਜਾਬ ਨੂੰ ਲੁੱਟ ਕੇ ਖਾ ਗਏ ਹਨ। ਦੂਸਰੇ ਪਾਸੇ ਕਾਂਗਰਸ ਹਕੂਮਤ ਵਿਰੁਧ ਜਬਰ ਵਿਰੋਧੀ ਰੈਲੀਆਂ ਕਰ ਰਹੇ ਹਨ। ਕੈਬਨਿਟ ਮੰਤਰੀ ਸ. ਸਿੱਧੂ ਨੇ ਲੋਕਾਂ ਦੀ ਸ਼ਲਾਘਾ ਕਰਦਿਆਂ ਉਨ੍ਹਾ ਅਕਾਲੀਆਂ ਨੂੰ ਤੀਸਰੀ ਲਾਈਨ 'ਚ ਸੁੱਟ ਕੇ ਇਕ ਮਿਸਾਲ ਕਾਇਮ ਕੀਤੀ ਹੈ, ਜਿਸ ਨੂੰ ਬਰਕਰਾਰ ਰੱਖਣਾ ਬੇਹੱਦ ਜਰੂਰੀ ਹੈ, ਤਾਂ ਜੋ ਲੀਹੋ ਲੱਥੇ ਪੰਜਾਬ ਨੂੰ ਮੁੜ ਲੀਹ 'ਤੇ ਲਿਆਂਦਾ ਜਾ ਸਕੇ। ਸ. ਸਿੱਧੂ ਨੇ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਨੂੰ ਚੁਨੌਤੀ ਦਿੰਦਿਆਂ ਕਿਹਾ ਕਿ ਉਹ ਪੰਜਾਬ ਦੀ ਅਰਥ ਵਿਵਸਥਾ ਨੂੰ ਬੁਰੀ ਤਰ੍ਹਾਂ ਤਬਾਹ ਕਰਨ ਲਈ ਜ਼ਿੰਮੇਵਾਰ ਹਨ।
ਸ. ਸਿੱਧੂ ਨੇ ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਨੂੰ ਵੀ ਆੜੇ ਹੱਥੀਂ ਲੈਂਦਿਆਂ ਦੋਸ਼ ਲਾਇਆ ਕਿ ਪੰਜਾਬ ਦੀ ਬਰਬਾਦੀ ਤੇ ਮਾਫੀਆ ਦੇ ਪ੍ਰਸਾਰ ਲਈ ਜੁੰਮੇਵਾਰ ਹਨ। ਸਿੱਧੂ ਨੇ ਬਾਦਲਾਂ ਨੂੰ ਪੁੱਛਿਆ ਕਿ ਉਹ ਕਿਸ ਜਬਰ ਵਿਰੋਧੀ ਲਹਿਰ ਵਿਰੁਧ ਰੈਲੀਆਂ ਕਰ ਕੇ ਅਪਣੇ ਆਪ ਨੂੰ ਦੁੱਧ ਧੋਤੇ ਸਾਬਤ ਕਰ ਰਹੇ ਹਨ। ਸ. ਸਿੱਧੂ ਨੇ ਸਿੱਖ ਗੁਰੂਆਂ ਦੇ ਹਵਾਲੇ ਨਾਲ ਕਿਹਾ ਕਿ ਦਸਮ ਪਿਤਾ ਨੇ ਸਰਬੰਸ ਵਾਰ ਦਿੱਤਾ, ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਰਾਜ ਕਾਇਮ ਕੀਤਾ ਪਰ ਬਾਦਲਾਂ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦਾ ਅਜਿਹਾ ਭੱਠਾ ਬਿਠਾਇਆ ਜੋ ਨਾ ਵਰਨਣ ਕਰਨ ਦੇ ਯੋਗ ਹੈ।
ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੀ ਵਾਰੀ ਆਂਉਦਿਆਂ ਹੀ ਅਕਾਲੀਆਂ ਦੇ ਘਪਲਿਆਂ ਵਿਰੁਧ ਕਾਰਵਾਈ ਵਿੱਢ ਦਿਤੀ ਸੀ ਪਰ ਹੁਣ ਗ਼ੈਰ ਕਾਨੂੰਨੀ ਕਾਰਜਾਂ ਸਬੰਧੀ ਬਾਦਲਾਂ ਸਮੇਤ ਕਿਸੇ ਨੂੰ ਨਹੀਂ ਬਖਸ਼ਾਂਗੇ ਪਰ ਕੁੱਝ ਉਡੀਕ ਕਰਨੀ ਪਵੇਗੀ। ਸ. ਬਾਜਵਾ ਨੇ ਕਿਸਾਨੀ ਕਰਜ਼ਿਆਂ ਬਾਰੇ ਸਪੱਸ਼ਟ ਕੀਤਾ ਕਿ ਸਹਿਕਾਰੀ ਤੇ ਕੌਮੀ ਬੈਂਕਾਂ ਦੇ ਕਰਜ਼ੇ ਖਤਮ ਹੋਣਗੇ ਜਿਨ੍ਹਾਂ ਦੀ ਜ਼ਮੀਨ ਪੰਜ ਏਕੜ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਰਜ਼ਿਆਂ ਸਬੰਧੀ ਨੋਟੀਫ਼ੀਕੇਸ਼ਨ ਜਲਦੀ ਜਾਰੀ ਹੋਵੇਗੀ ਜੋ ਕਾਨੂੰਨੀ ਕਾਰਨਾਂ ਕਰ ਕੇ ਦੇਰ ਹੋ ਗਿਆ ਹੈ। ਕਾਂਗਰਸ ਆਗੂ ਜਸਬੀਰ ਸਿੰਘ ਡਿੰਪਾ ਨੇ ਸੰਬੋਧਨ ਕਰਦਿਆਂ ਅਕਾਲੀਆਂ ਦੀ ਅਲੋਚਨਾ ਕੀਤੀ ਕਿ ਉਨ੍ਹਾਂ ਪੰਜਾਬ ਨੂੰ ਬਰਬਾਦ ਕਰ ਦਿਤਾ ਹੈ। ਡਿੰਪਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 'ਚ ਵੀ ਇਨ੍ਹਾਂ ਨੂੰ ਹਰਾਉ ਤਾਂ ਜੋ ਗੁਰਦੁਆਰਾ ਸਾਹਿਬ ਆਜ਼ਾਦ ਕਰਵਾਏ ਜਾ ਸਕਣ। ਡਿੰਪਾ ਨੇ ਬਾਦਲ ਰਾਜ ਦੀ ਤੁਲਨਾ ਔਰੰਗਜੇਬ ਨਾਲ ਕੀਤੀ।
ਇਸ ਮੌਕੇ ਗੁਰਜੀਤ ਸਿੰਘ ਔਜਲਾ ਐਮ ਪੀ , ਫਤਿਹਜੰਗ ਸਿੰਘ ਬਾਜਵਾ, ਡਾ ਰਾਜ ਕੁਮਾਰ ਵੇਰਕਾ, ਹਰਮਿੰਦਰ ਸਿੰਘ ਗਿੱਲ, ਸੁਖਵਿੰਦਰ ਸਿੰਘ ਡੈਨੀ ਬੰਡਾਲਾ, ਹਰਪ੍ਰਤਾਪ ਸਿੰਘ ਅਜਨਾਲਾ, ਸੰਤੋਖ ਸਿੰਘ ਭਲਾਈਪੁਰ (ਸਾਰੇ ਵਿਧਾਇਕ), ਲਾਲੀ ਮਜੀਠੀਆ ਆਦਿ ਨੇ ਸੰਬੋਧਨ ਕੀਤਾ। ਇਸ ਮੌਕੇ ਓਮ ਪ੍ਰਕਾਸ਼ ਸੋਨੀ, ਭਗਵੰਤਪਾਲ ਸਿੰਘ ਸੱਚਰ, ਗੁਰਚੇਤ ਸਿੰਘ ਭੁੱਲਰ, ਸੁਖਪਾਲ ਸਿੰਘ ਭੁੱਲਰ,ਰਾਜਨ ਗਿੱਲ, ਇੰਦਰਜੀਤ ਸਿੰਘ ਬਾਸਰਕੇ, ਮਾ ਹਰਪਾਲ ਸਿੰਘ ਵੇਰਕਾ, ਜਸਵਿੰਦਰ ਸਿੰਘ ਸ਼ੇਰਗਿੱਲ, ਮਮਤਾ ਦੱਤਾ, ਬੀਬੀ ਸਵਿੰਦਰ ਕੌਰ ਬੋਪਾਰਾਏ, ਲੀਲਾ ਵਰਮਾ,ਰਿੰਕੂ ਨਰੂਲਾ, ਨਵਤੇਜ ਸਿੰਘ ਸੁਲਤਾਨਵਿੰਡ, ਬਲਕਾਰ ਸਿੰਘ ਵਡਾਲਾ,ਪ੍ਰੀਤਇੰਦਰ ਸਿੰਘ ਢਿੱਲੋ ਤੇ ਹੋਰ ਪੰਚ ਸਰਪੰਚ ਵੱਡੀ ਗਿÎਣਤੀ 'ਚ ਹਾਜ਼ਰ ਸਨ।