
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਨੇ ਅੱਜ ਇਤਿਹਾਸਕ ਅਸਥਾਨ ਸ੍ਰੀ ਬਾਬਾ ਬਕਾਲਾ ਸਾਹਿਬ ਵਿਖੇ ਇਕ ਵਿਸ਼ਾਲ ਰੈਲੀ ਨੂੰ ਸੰਬੋਧਨ...
ਅੰਮ੍ਰਿਤਸਰ, 7 ਅਗੱਸਤ (ਸੁਖਵਿੰਦਰਜੀਤ ਸਿੰਘ ਬਹੋੜੂ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਨੇ ਅੱਜ ਇਤਿਹਾਸਕ ਅਸਥਾਨ ਸ੍ਰੀ ਬਾਬਾ ਬਕਾਲਾ ਸਾਹਿਬ ਵਿਖੇ ਇਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਕੈਪਟਨ ਸਰਕਾਰ ਨੂੰ ਸਪੱਸ਼ਟ ਕੀਤਾ ਕਿ ਹੁਣ ਉਹ ਕਿਸਾਨਾਂ ਦੇ ਕਰਜ਼ਾ ਮੁਆਫ਼ ਕਰਵਾਉਣ ਲਈ ਕੇਂਦਰੀ ਹਕੂਮਤ ਵਲ ਧਿਆਨ ਕੇਂਦਰਿਤ ਕਰਨ ਤੋਂ ਗੁਰੇਜ਼ ਕਰੇ। ਜੇਕਰ ਕੈਪਟਨ ਸਰਕਾਰ ਕਿਸਾਨੀ ਕਰਜ਼ਾ ਮੁਆਫ਼ ਕਰਨ ਦੇ ਅਸਮਰਥ ਹੈ ਤਾਂ ਉਹ ਪੰਜਾਬੀਆਂ ਤੋਂ ਮੁਆਫ਼ੀ ਮੰਗੇ।
ਸ. ਬਾਦਲ ਨੇ ਕਿਹਾ ਕਿ ਕੈਪਟਨ ਹਕੂਮਤ ਨੂੰ ਕਰਜ਼ਾ ਮਾਫੀ ਦੀ ਜੁੰਮੇਵਾਰੀ ਕੇਂਦਰ ਸਰਕਾਰ ਤੇ ਪਾਉਣੀ ਸਰਾਸਰ ਗਲਤ ਹੈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਨੇ 90 ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ਮੁਆਫ ਕਰਨ ਦਾ ਵਾਅਦਾ ਕਰਦਿਆਂ ਲੱਖਾਂ ਕਿਸਾਨਾਂ ਫਾਰਮ ਭਰੇ ਸਨ। ਪਰ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਇਸ ਕੰਮ ਵਾਸਤੇ ਬਜਟ ਵਿਚ ਸਿਰਫ 1500 ਕਰੋੜ ਰੁਪਏ ਰੱਖੇ ਹਨ। ਹੁਣ ਕਾਂਗਰਸ ਸਰਕਾਰ ਇਹ ਕਹਿ ਰਹੀ ਹੈ ਕਿ ਉਹ ਇਸ ਮਾਮੂਲੀ ਰਾਸ਼ੀ ਨੂੰ ਵੀ ਜਾਰੀ ਨਹੀਂ ਕਰ ਸਕਦੀ।
ਸੁਖਬੀਰ ਨੇ ਮਨਪ੍ਰੀਤ ਸਿੰਘ ਬਾਦਲ ਨੂੰ ਪੁੱਛਿਆ ਕਿ ਉਸਨੇ ਕਿਸਾਨਾਂ ਨਾਲ ਧੋਖਾ ਕਿਉਂ ਕੀਤਾ ਹੈ? ਉਹ ਅਕਾਲੀ-ਭਾਜਪਾ ਦੀ ਸਰਕਾਰ ਦੌਰਾਨ ਪਹਿਲਾਂ ਵੀ 4 ਸਾਲ ਵਿੱਤ ਮੰਤਰੀ ਰਹੇ। ਉਹ ਪੰਜਾਬ ਦੀ ਵਿੱਤੀ ਹਾਲਤ ਬਾਰੇ ਚੰਗੀ ਤਰ੍ਹਾਂ ਜਾਣਦਾ ਸੀ। ਇਹ ਗੱਲ ਵੀ ਜਾਣਦਾ ਸੀ ਕਿ ਕਿਸਾਨਾਂ ਦੇ ਕਰਜ਼ੇ ਮੁਆਫ਼ ਕੀਤੇ ਜਾ ਸਕਣਗੇ ਜਾਂ ਨਹੀਂ। ਉਸ ਦੇ ਝੂਠੇ ਵਾਅਦੇ ਕਰਕੇ ਪਿਛਲੇ 150 ਦਿਨਾਂ ਵਿਚ 200 ਕਿਸਾਨ ਖੁਦਕੁਸ਼ੀ ਕਰ ਚੁੱਕੇ ਹਨ।
ਸ. ਬਾਦਲ ਨੇ ਦੋਸ਼ ਲਾਇਆ ਕਿ ਕਾਂਗਰਸ ਸਰਕਾਰ ਅਕਾਲੀਆਂ ਵਿਰੁਧ ਝੂਠੇ ਪਰਚੇ ਤੇ ਦਲਿਤਾਂ ਨਾਲ ਧੱਕੇਸ਼ਾਹੀ ਕਰ ਰਹੀ ਹੈ। ਸੁਖਬੀਰ ਨੇ ਕਿਹਾ ਕਿ ਜਬਰ ਵਿਰੋਧੀ ਲਹਿਰ ਦੌਰਾਨ 5 ਵਿਧਾਨ ਸਭਾ ਹਲਕਿਆਂ ਦਾ ਦੌਰਾ ਕੀਤਾ ਹੈ, ਜਿਸ ਦੌਰਾਨ ਪਤਾ ਲੱਗਿਆ ਹੈ ਕਿ ਕਿਸੇ ਨੂੰ ਬਖਸ਼ਿਆ ਨਹੀਂ ਗਿਆ। ਮੁੰਡਿਆਂ ਤੇ ਔਰਤਾਂ ਤੇ ਵੀ ਝੂਠੇ ਪਰਚੇ ਦਰਜ਼ ਕੀਤੇ ਹਨ। ਕਾਂਗਰਸੀ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੇ ਸਮਰਥਕਾਂ ਨੇ ਇਕ ਫ਼ੌਜੀ ਜਵਾਨ ਦੀ ਜ਼ਮੀਨ 'ਤੇ ਵੀ ਕਬਜ਼ਾ ਕਰ ਲਿਆ ਹੈ। ਕਾਂਗਰਸ ਦੀਆਂ ਧੱਕੇਸ਼ਾਹੀਆ ਅਸਹਿ ਹਨ। ਜੇਕਰ ਕਿਸੇ ਪੁਲਿਸ ਅਫਸਰ ਨੇ ਕਾਂਗਰਸੀਆਂ ਦੇ ਆਖੇ ਲੱਗ ਕੇ ਅਕਾਲੀਆਂ ਵਰਕਰਾਂ ਵਿਰੁਧ ਝੂਠਾ ਪਰਚਾ ਦਰਜ ਕੀਤਾ ਤਾਂ ਉਸ ਵਿਰੁਧ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਸੁਖਬੀਰ ਸਿੰਘ ਬਾਦਲ ਨੇ ਦੋਸ਼ ਲਾਇਆ ਕਿ ਕਾਂਗਰਸ ਦੇ ਰਾਜ 'ਚ 6 ਗੁਣਾ ਵੱਧ ਰੇਤ ਵਿਕ ਰਹੀ। ਇਸ ਤਰ੍ਹਾਂ ਮੁੱਖ ਮੰਤਰੀ ਦੇ ਧਾਰਮਕ ਸਲਾਹਕਾਰ ਪਰਮਜੀਤ ਸਿੰਘ ਸਰਨਾ ਦੀ ਬੇਟੀ ਦੀਪਾ ਚੱਢਾ ਨੂੰ ਸ਼ਰਾਬ ਦੇ ਕਾਰੋਬਾਰ ਦੇ ਵੱਡਾ ਹਿੱਸਾ ਦਿਤੇ ਜਾਣ ਮਗਰੋਂ ਸ਼ਰਾਬ ਦੀਆਂ ਕੀਮਤਾਂ ਅਸਮਾਨ ਛੂਹਣ ਲੱਗੀਆਂ ਹਨ। ਸ. ਬਾਦਲ ਨੇ ਕਿਹਾ ਕਿ ਕਾਂਗਰਸ ਦੀ ਹਕੂਮਤ ਅਧੀਨ ਬੇਅਦਬੀ ਦੇ ਕੇਸਾਂ ਵਿਚ ਵੀ ਭਾਰੀ ਵਾਧਾ ਹੋਇਆ ਹੈ।
ਇਸ ਮੌਕੇ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਈ ਹੈਲੀਪੈਡ ਬਣਾ ਕੇ ਡਰਾਮਾ ਰਚਿਆ ਗਿਆ ਸੀ, ਪਰ ਉਹ ਵਾਅਦਾ ਕਰ ਕੇ ਵੀ ਨਹੀਂ ਆਇਆ। 'ਆਪ' ਦੀ ਰੈਲੀ ਵਿਚਲੇ ਇਕੱਠ ਬਾਰੇ ਜਿੰਨਾ ਘੱਟ ਕਿਹਾ ਜਾਵੇ, ਉਨਾ ਹੀ ਠੀਕ ਹੈ। ਮਜੀਠੀਆ ਨੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਮਨਪ੍ਰੀਤ ਸਿੰਘ ਬਾਦਲ ਦੋਵਾਂ ਨੂੰ ਕਰੜੇ ਹੱਥੀਂ ਲੈਦਿਆਂ ਕਿਹਾ ਕਿ ਸਿੱਧੂ ਹੁਣ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਉਸੇ ਤਰ੍ਹਾਂ ਧੋਖਾ ਦੇਣ ਲਈ ਤਿਆਰ ਹੈ, ਜਿਸ ਤਰ੍ਹਾਂ ਉਸ ਨੇ ਅਪਣੇ ਉਸਤਾਦਾਂ ਅਰੁਣ ਜੇਤਲੀ, ਪ੍ਰਕਾਸ਼ ਸਿੰਘ ਬਾਦਲ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿਤਾ ਸੀ। ਉਹ ਵਿਧਾਇਕਾਂ ਨੂੰ ਇਕੱਠੇ ਕਰ ਕੇ ਬਗਾਵਤ ਕਰਨ ਦੀ ਕੋਸ਼ਿਸ਼ ਵੀ ਕਰ ਚੁੱਕਿਆ ਹੈ, ਪਰ ਅਸਫ਼ਲ ਰਿਹਾ। ਇਸੇ ਤਰ੍ਹਾਂ ਮਨਪ੍ਰੀਤ ਸਿੰਘ ਬਾਦਲ ਸ਼ਹੀਦ ਭਗਤ ਸਿੰਘ ਦੀ ਵਿਰਾਸਤ ਦੀ ਦੁਰਵਰਤੋਂ ਕਰ ਰਿਹਾ ਹੈ। ਘਰ ਘਰ ਨੌਕਰੀ ਦੀ ਸਕੀਮ ਦਾ ਕੀ ਬਣਿਆ?
ਇਸ ਮੌਕੇ ਲੋਕ ਸਭਾ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ, ਜੱਥੇਦਾਰ ਗੁਲਜ਼ਾਰ ਸਿੰਘ ਰਣੀਕੇ, ਬੀਬੀ ਜਗੀਰ ਕੌਰ, ਵੀਰ ਸਿੰਘ ਲੋਪੋਕੇ, ਵਿਰਸਾ ਸਿੰਘ ਵਲਟੋਹਾ, ਲਖਬੀਰ ਸਿੰਘ ਲੋਧੀਨੰਗਲ। ਮਲਕੀਤ ਸਿੰਘ ਏ ਆਰ ਅਤੇ ਸਰਬਜੀਤ ਸਿੰਘ ਮੱਕੜ ਨੇ ਵੀ ਸੰਬੋਧਨ ਕੀਤਾ।ਏ ਆਰ ਮਲਕੀਤ ਸਿੰਘ ਨੇ ਸੁਖਬੀਰ ਸਿੰਘ ਬਾਦਲ ਤੇ ਹੋਰ ਪੁੱਜੀਆਂ ਸਖ਼ਸੀਅਤਾਂ ਦਾ ਸਨਮਾਨ ਵੀ ਕੀਤਾ।