
ਸੂਬੇ ਦੇ ਲੋਕ ਬਾਦਲਾਂ ਦੇ ਨਾਲ-ਨਾਲ ਕੈਪਟਨ ਤੇ ਕਾਂਗਰਸ ਨੂੰ ਵੀ ਸਬਕ ਸਿਖਾਉਣਗੇ।
ਚੰਡੀਗੜ੍ਹ: ਨਿੱਤ ਦਿਨ ਕਿਸਾਨਾਂ ਤੇ ਖੇਤ ਮਜ਼ਦੂਰਾਂ ਵੱਲੋਂ ਕੀਤੀਆਂ ਜਾ ਰਹੀਆਂ ਖ਼ੁਦਕੁਸ਼ੀਆਂ ਤੇ ਨਸ਼ੇ ਦੀ ਬਹੁਤਾਤ ਨਾਲ ਨੌਜਵਾਨਾਂ ਦੀਆਂ ਮੌਤਾਂ 'ਤੇ ਕੈਪਟਨ ਅਮਰਿੰਦਰ ਸਮੇਤ ਬਾਦਲ ਦੀ ਚੁੱਪੀ ਤੋਂ ਆਮ ਆਦਮੀ ਪਾਰਟੀ ਔਖੀ ਹੈ। 'ਆਪ' ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਅੱਜ ਫਿਰ ਤਿੰਨ ਕਿਸਾਨਾਂ ਵੱਲੋਂ ਆਤਮਹੱਤਿਆ ਤੇ ਦੋ ਨੌਜਵਾਨਾਂ ਦੀ ਨਸ਼ੇ ਕਾਰਨ ਮੌਤ ਦੀ ਖ਼ਬਰ ਹੈ, ਪਰ ਸਰਕਾਰ ਕੁਝ ਨਹੀਂ ਕਰ ਰਹੀ।
'APP' Bhagwant Mann
'ਆਪ' ਸੰਸਦ ਮੈਂਬਰ ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਦੇ ਲੋਕਾਂ ਨੇ ਬੜੀ ਉਮੀਦ ਨਾਲ ਕੈਪਟਨ ਨੂੰ ਭਾਰੀ ਬਹੁਮਤ ਨਾਲ ਪੰਜਾਬ ਦੀ ਕਮਾਨ ਸੌਂਪੀ ਸੀ, ਪਰ ਉਨ੍ਹਾਂ ਹੂਬਹੂ ਬਾਦਲਾਂ ਦਾ ਰਾਹ ਫੜ ਕੇ ਪੰਜਾਬ ਦੇ ਲੋਕਾਂ ਨੂੰ ਹੋਰ ਜ਼ਿਆਦਾ ਨਿਰਾਸ਼ ਕਰ ਦਿੱਤਾ ਹੈ। ਇਸ ਲਈ ਸੂਬੇ ਦੇ ਲੋਕ ਬਾਦਲਾਂ ਦੇ ਨਾਲ-ਨਾਲ ਕੈਪਟਨ ਤੇ ਕਾਂਗਰਸ ਨੂੰ ਵੀ ਸਬਕ ਸਿਖਾਉਣਗੇ।
ਭਗਵੰਤ ਮਾਨ ਨੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਅੱਜ ਕੱਲ੍ਹ ਇਹ ਟੱਬਰ ਕਦੇ ਗੰਨੇ ਦੇ ਬਕਾਏ ਲਈ ਧਰਨੇ 'ਤੇ ਬੈਠੇ ਕਿਸਾਨਾਂ ਕੋਲ ਤੇ ਕਦੇ ਸੰਘਰਸ਼ ਕਰ ਰਹੀਆਂ ਨਰਸਾਂ ਕੋਲ ਜਾ ਕੇ ਮਗਰਮੱਛ ਦੇ ਹੰਝੂ ਵਹਾ ਰਿਹਾ ਹੈ। ਪੰਜਾਬ ਦੇ ਲੋਕ ਨਾ ਤਾਂ ਇੰਨੇ ਭੁਲੱਕੜ ਤੇ ਨਾ ਹੀ ਬੇਸਮਝ ਹਨ।
Farmer
ਹੱਕਾਂ ਲਈ ਸੰਘਰਸ਼ ਕਰਦੇ ਕਿਸਾਨਾਂ, ਬੇਰੁਜ਼ਗਾਰਾਂ, ਮੁਲਾਜ਼ਮਾਂ, ਪੈਨਸ਼ਨਰਾਂ ਤੇ ਠੇਕਾ ਭਰਤੀ ਕਰਮਚਾਰੀਆਂ ਉੱਤੇ ਬਾਦਲ ਸਰਕਾਰ ਦੇ ਪ੍ਰਸ਼ਾਸਨ ਤੇ ਮੰਤਰੀਆਂ ਵੱਲੋਂ ਕੀਤੀ ਗਈ ਗੁੰਡਾਗਰਦੀ ਅੱਜ ਵੀ ਬੱਚੇ-ਬੱਚੇ ਦੇ ਜ਼ਿਹਨ ਵਿਚ ਉਸੇ ਤਰ੍ਹਾਂ ਹੀ ਤਾਜ਼ਾ ਹੈ ਜਿਵੇਂ ਹਾਲ ਹੀ ਦੌਰਾਨ ਕੈਪਟਨ ਸਰਕਾਰ ਵੱਲੋਂ ਪਟਿਆਲਾ ਵਿਚ ਮਹਿਲਾ ਅਧਿਆਪਕਾਂ 'ਤੇ ਢਾਹਿਆ ਜ਼ੁਲਮ ਚੇਤੇ ਹੈ।
ਭਗਵੰਤ ਮਾਨ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬਹਿਬਲ ਕਲਾਂ ਕਾਂਡ ਦੇ ਦੋਸ਼ਾਂ 'ਚ ਘਿਰੇ ਸਮੁੱਚੀ ਕੌਮ ਦੀਆਂ ਨਜ਼ਰਾਂ ਚੋਂ ਡਿੱਗ ਚੁੱਕੇ ਹਨ। ਕੈਪਟਨ ਅਮਰਿੰਦਰ ਸਿੰਘ ਵੱਲੋਂ ਬਾਦਲਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਵੀ ਜੱਗ ਜ਼ਾਹਰ ਹਨ।