
ਜੇਕਰ ਭਾਜਪਾ ਵਾਲੇ ਜ਼ਿੱਦੀ ਨੇ ਤਾਂ ਕਿਸਾਨ ਵੀ ਜ਼ਿੱਦੀ ਹਨ : ਰਾਜੇਵਾਲ
ਕਿਹਾ, ਭਾਜਪਾ ਵਾਲਿਉ ਜਿਸ ਪਾਸੇ ਤੁਰੇ ਹੋ ਦੇਸ਼ ਨੂੰ ਤੁਸੀਂ ਖ਼ਾਨਾਜੰਗੀ ਵਲ ਧੱਕ ਰਹੇ ਹੋ
ਲੁਧਿਆਣਾ, 28 ਮਾਰਚ: 'ਜੇ ਭਾਜਪਾ ਵਾਲੇ ਜ਼ਿੱਦੀ ਨੇ ਤਾਂ ਜ਼ਿੱਦੀ ਕਿਸਾਨ ਵੀ ਨੇ', ਭਾਜਪਾ ਵਾਲਿਉ ਜਿਸ ਪਾਸੇ ਤੁਰੇ ਹੋ ਦੇਸ਼ ਨੂੰ ਤੁਸੀਂ ਖ਼ਾਨਾਜੰਗੀ ਵਲ ਧੱਕ ਰਹੇ ਹੋ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਵਲੋਂ ਐਤਵਾਰ ਨੂੰ ਲੁਧਿਆਣਾ ਵਿਖੇ ਕੀਤਾ ਗਿਆ |
ਅੱਜ ਲੁਧਿਆਣਾ ਵਿਖੇ ਸੇਵਾ ਮੁਕਤ ਆਈ.ਏ.ਐਸ ਐਸ.ਆਰ ਲੱਧੜ ਵਲੋਂ ਆਯੋਜਿਤ ਕੀਤੀ ਗਈ ਕਿਸਾਨ ਮਹਾਂਪੰਚਾਇਤ ਵਿਚ ਸ਼ਿਰਕਤ ਕਰਨ ਲਈ ਰਾਜੇਵਾਲ ਸਮੇਤ ਹੋਰ ਕਿਸਾਨ ਆਗੂ ਪਹੁੰਚੇ ਹੋਏ ਸਨ ਜਿਥੇ ਕਿਸਾਨਾਂ, ਮਜ਼ਦੂਰਾਂ, ਵਪਾਰੀਆਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਰਾਜੇਵਾਲ ਨੇ ਕਿਹਾ ਕਿ ਕਿਸਾਨਾਂ ਦੇ ਇਸ ਅੰਦੋਲਨ ਨੇ ਇਕ ਵਖਰੀ ਮਿਸਾਲ ਪੇਸ਼ ਕੀਤੀ ਹੈ ਤੇ ਨਾਲ ਹੀ ਲੋਕਾਂ ਵਿਚ ਅਵੇਅਰਨੈਂਸ ਲਿਆਂਦੀ ਹੈ | ਉਨ੍ਹਾਂ ਕਿਹਾ ਕਿ ਇਹੋ ਕਾਰਨ ਹੈ ਕਿ ਸ਼ਾਂਤਮਈ ਚਲ ਰਹੇ ਕਿਸਾਨਾਂ ਦੇ ਇਸ ਅੰਦੋਲਨ ਦੀ ਸਫ਼ਲਤਾ ਦੀ ਚਰਚਾ ਦੁਨੀਆਂ ਭਰ ਵਿਚ ਹੋ ਰਹੀ ਹੈ | ਇਸ ਦੀ ਚਰਚਾ ਕਈ ਦੇਸ਼ਾਂ ਦੀਆਂ ਸੰਸਦਾਂ ਵਿਚ ਹੋ ਰਹੀ ਹੈ, ਇੰਟਰ ਨੈਸ਼ਨਲ ਹਿਊਮਨ ਰਾਈਟਸ ਆਰਗੇਨਾਈਜ਼ੇਸ਼ਨ ਨੇ ਇਸ ਅੰਦੋਲਨ ਦਾ ਨੋਟਿਸ ਲਿਆ ਹੈ ਅਤੇ ਇਹੋ ਕਾਰਨ ਹੈ ਕਿ ਇਹ ਅੰਦੋਲਨ ਹੁਣ ਜਨ ਅੰਦੋਲਨ ਬਣ ਗਿਆ ਹੈ |
ਉਨ੍ਹਾਂ ਕਿਹਾ ਕਿ ਸਰਕਾਰ ਜੇ ਕਿਸਾਨਾਂ ਨਾਲ ਗੱਲ ਨਹੀਂ ਕਰਨਾ ਚਾਹੁੰਦੀ ਤਾਂ ਉਸ ਪਿੱਛੇ ਸ਼ਾਇਦ ਸਰਕਾਰ ਦੀ ਇਹ ਸੋਚ ਹੈ ਕਿ ਕਿਸਾਨਾਂ ਨੂੰ ਅਕਾਇਆ ਤੇ ਥਕਾਇਆ ਜਾਵੇ ਪਰ ਕਿਸਾਨ ਨਾ ਅੱਕਣ ਤੇ ਨਾ ਥੱਕਣ ਵਾਲੇ ਨੇ | ਉਨ੍ਹਾਂ ਕਿਹਾ ਕਿ ਇਸ ਦੇ ਚਲਦਿਆਂ ਸਰਦੀਆਂ ਤੋਂ ਬਾਅਦ ਗਰਮੀਆਂ ਲਈ ਕਿਸਾਨਾਂ ਦੀ ਤਿਆਰੀ ਪੂਰੀ ਹੈ ਤੇ ਹੁਣ ਕਿਸਾਨਾਂ ਲਈ ਧਰਨੇ ਵਾਲੀ ਥਾਂ ਤੇ ਕਾਨਿ੍ਹਆਂ ਦੇ ਘਰ ਬਣ ਰਹੇ ਹਨ, ਪੱਖੇ, ਕੂਲਰਾਂ ਦੇ ਨਾਲ ਨਾਲ ਏ.ਸੀ ਵੀ ਪਹੁੰਚ ਗਏ ਹਨ, ਲੰਗਰ ਲਗਾਤਾਰ ਚਲ ਰਿਹਾ ਹੈ, ਕਮੀ ਕਿਸੇ ਗੱਲ ਦੀ ਨਹੀਂ ਤੇ ਸਰਕਾਰ ਇਹ ਸਮਝ ਲਵੇ ਕਿ ਅਸੀਂ ਉਠਣ ਵਾਲੇ ਨਹੀਂ | ਰਾਜੇਵਾਲ ਨੇ ਕਿਹਾ ਕਿ ਜੇ ਭਾਜਪਾ ਵਾਲੇ ਜ਼ਿੱਦੀ ਨੇ ਤਾਂ ਜ਼ਿਦੀ ਕਿਸਾਨ ਵੀ ਹਨ | ਉਨ੍ਹਾਂ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜਿਸ ਪਾਸੇ ਭਾਜਪਾ ਵਾਲੇ ਤੁਰੇ ਹੋਏ ਨੇ ਉਹ ਦੇਸ਼ ਨੂੰ ਖ਼ਾਨਾਜੰਗੀ ਵਲ ਧੱਕ ਰਹੇ ਹਨ | ਉਨ੍ਹਾਂ ਦਸਿਆ ਕਿ ਗੁਰਦਾਸਪੁਰ ਤੋਂ ਇਕ ਸਾਬਕਾ ਫ਼ੌਜੀ ਵੀਰ ਅੰਦੋਲਨ ਤੇ ਜਾਣ ਵਾਲਿਆਂ ਦੀਆਂ ਗੱਡੀਆਂ ਵਿਚ ਜੇਬ ਵਿਚੋਂ ਤੇਲ ਪਵਾ ਰਿਹਾ ਹੈ ਤੇ ਉਸ ਨੇ ਦਸਿਆ ਕਿ ਫ਼ੌਜ ਦੇ ਅਫ਼ਸਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਉਸ ਤੇ ਪਰਚਾ ਦਰਜ ਕਰਵਾਉਣ ਲਈ ਕਹਿ ਰਹੇ ਹਨ ਕਿਉਂਕਿ ਉਹ ਅੰਦੋਲਨ ਤੇ ਜਾਣ ਵਾਲਿਆਂ ਨੂੰ ਤੇਲ ਪਵਾ ਕੇ ਦੇ ਰਿਹਾ ਹੈ | ਰਾਜੇਵਾਲ ਨੇ ਕਿਹਾ ਕਿ ਉਹ ਇਸ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦੇ ਹਨ | ਰਾਜੇਵਾਲ ਨੇ ਕਿਹਾ ਕਿ ਸਰਕਾਰ ਆਉਣ ਵਾਲੇ ਦਿਨਾਂ ਵਿਚ 100 ਪੀਐਸਯੂ ਵੇਚਣ ਵਾਲੀ ਹੈ, ਰੇਲਵੇ ਦਾ ਪ੍ਰਾਈਵੇਟਾimageਈਜ਼ੇਸ਼ਨ ਸ਼ੁਰੂ ਹੋ ਗਿਆ ਹੈ, ਅਡਾਨੀ ਦੀਆਂ ਰੇਲ ਗੱਡੀਆਂ ਤੇ ਦੇਖੀਆਂ ਹੀ ਨੇ ਸਾਰਿਆਂ ਨੇ ਘੁੰਮਦੀਆਂ, ਕੋਲ ਸੈਕਟਰ ਤੇ ਬੰਦਰਗਾਹਾਂ ਵੀ ਉਸੇ ਨੂੰ ਦੇ ਦਿਤੀਆਂ ਜਦਕਿ ਕਮਿਊਨਿਕੇਸ਼ਨਸ, ਤੇਲ ਤੇ ਡਿਫ਼ੈਂਸ ਅੰਬਾਨੀ ਕੋਲ ਚਲੀ ਗਈ ਹੈ | ਇਸ ਲਈ ਸਮਾਂ ਮੰਗ ਕਰਦਾ ਹੈ ਕਿ ਮਜ਼ਦੂਰ, ਕਿਸਾਨ, ਆਮ ਲੋਕ, ਜਾਤ-ਪਾਤ ਦਾ ਮਤਭੇਦ ਨਹੀਂ ਤੇ ਨਾ ਹੀ ਛੋਟੇ ਵੱਡੇ ਦਾ ਮਤਭੇਦ ਹੈ, ਅੰਦੋਲਨ ਲੋਕਾਂ ਦੀ ਰੋਟੀ, ਰੁਜ਼ਗਾਰ ਤੇ ਦੇਸ਼ ਨੂੰ ਬਚਾਉਣ ਦਾ ਹੈ ਇਸ ਲਈ ਇਕਜੁਟਤਾ ਜ਼ਰੂਰੀ ਹੈ ਤੇ ਸਾਰੇ ਇਕ ਹੋ ਜਾਉ, ਜਿੱਤ ਯਕੀਨੀ ਹੈ |