
'ਸਪੋਕਸਮੈਨ ਅਖ਼ਬਾਰ' ਲਈ ਸ਼ੈਦਾਈ ਰੇਹੜੀ ਚਾਲਕ ਦੇਵਿੰਦਰ ਸਿੰਘ ਰੋਜ਼ਾਨਾ ਮੋਹਾਲੀ ਤੋਂ ਚੰਡੀਗੜ੍ਹ ਦੇ ਗੁਰਦੁਆਰਾ
ਸਾਹਿਬ ਵਿਚ ਭੇਟ ਕਰਦਾ ਹੈ ਸਪੋਕਸਮੈਨ ਦੀ ਕਾਪੀ
ਚੰਡੀਗੜ੍ਹ, 28 ਮਾਰਚ (ਬਠਲਾਣਾ) : 60 ਸਾਲ ਦੀ ਉਮਰ ਪਾਰ ਕਰ ਚੁਕਾ ਮੋਹਾਲੀ ਦੇ ਫ਼ੇਜ਼-11 'ਚ ਰਹਿੰਦਾ ਇਕ ਰੇਹੜੀ ਚਾਲਕ ਦੇਵਿੰਦਰ ਸਿੰਘ ਸਪੋਕਸਮੈਨ ਅਖ਼ਬਾਰ ਲਈ ਸ਼ੈਦਾਈ ਹੈ | ਉਹ ਹਰ ਰੋਜ਼ ਇਸ ਅਖ਼ਬਾਰ ਦੀ ਇਕ ਕਾਪੀ ਖ਼ਰੀਦ ਕੇ ਸੈਕਟਰ-47 ਦੇ ਗੁਰਦੁਆਰਾ ਸਾਹਿਬ 'ਚ ਭੇਟ ਕਰਦਾ ਹੈ | ਇਕ ਸਵਾਲ ਦੇ ਜਵਾਬ ਵਿਚ ਦੇਵਿੰਦਰ ਸਿੰਘ ਨੇ ਦਸਿਆ ਕਿ ਉਸ ਦੀ ਇੱਛਾ 'ਉੱਚਾ ਦਰ ਬਾਬੇ ਨਾਨਕ ਵਾਲਾ ਸਥਾਨ ਵੇਖਣ ਦੀ ਹੈ | ਸਪੋਕਸਮੈਨ ਵਿਚ ਉਸ ਨੂੰ ਸਿਹਤ ਵਾਲਾ ਪੰਨਾ ਵਧੀਆ ਲਗਦਾ ਹੈ |
ਇਸ ਤੋਂ ਇਲਾਵਾ ਧਾਰਮਕ ਮਾਮਾਲਿਆਂ ਬਾਰੇ ਖ਼ਬਰਾਂ ਅਤੇ ਚੰਡੀਗੜ੍ਹ, ਮੋਹਾਲੀ ਦੇ ਆਸ-ਪਾਸ ਵਾਲੇ ਪੰਨੇ ਵਧੀਆ ਲਗਦੇ ਹਨ | ਸਪੋਕਸਮੈਨ ਅਖ਼ਬਾਰ ਤੋਂ ਇਲਾਵਾ ਉਹ ਰੋਜ਼ਾਨਾ 4 ਅਖ਼ਬਾਰ ਪੜ੍ਹਦਾ ਹੈ, ਜਿਨ੍ਹਾਂ 'ਚੋਂ ਬਾਕੀ ਹਿੰਦੀ ਅਖ਼ਬਾਰ ਹਨ | ਐਤਵਾਰ, ਸੋਮਵਾਰ ਨੂੰ ਉਹ 5-5 ਅਖ਼ਬਾਰ ਪੜ੍ਹਦਾ ਹੈ | ਉਸ ਦਾ ਮਹੀਨੇ ਦਾ 400-500 ਰੁਪਏ ਖ਼ਰਚ ਅਖ਼ਬਾਰਾਂ 'ਤੇ ਹੀ ਹੁੰਦਾ ਹੈ | ਉਹ ਪਿਛਲੇ 27 ਸਾਲਾ ਤੋਂ ਰੇਹੜੀ ਚਲਾਉਣ ਦਾ ਕੰਮ ਕਰ ਰਿਹਾ ਹੈ | ਉਸ ਦਾ ਦਾਅਵਾ ਹੈ ਕਿ ਉਸ ਨੇ 17 ਸਾਲ ਇਕ ਦੁਕਾਨਦਾਰ ਕੋਲ ਰੇਹੜੀ ਚਲਾ ਕੇ ਕਰੀਬ 60 ਲੱਖ ਰੁਪਏ ਕਮਾਏ, ਜਿਸ ਪੈਸੇ ਨਾਲ ਉਸ ਨੇ ਅਪਣੇ ਬੱਚਿਆਂ ਦੇ ਵਿਆਹ, ਮੋਹਾਲੀ 'ਚ ਮਕਾਨ ਅਤੇ ਖਰੜ 'ਚ ਪਲਾਟ ਖ਼ਰੀਦਆ | ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪਿੰਡ ਅਮੀਆਲਾ ਦਾ ਜੰਮਪਲ ਬੀ.ਏ. ਭਾਗ ਪਹਿਲਾ ਪਾਸ ਹੈ | ਇਕ ਵਾਰੀ ਉਸ ਨੇ ਕੋਆਪਰੇਟਿਵ ਬੈਂਕ 'ਚ ਚਪੜਾਸੀ ਲਈ ਲੋਕ ਇੰਟਰਵਿਊ ਦਿਤੀ | ਉਸ ਦੇ ਦਾਅਵੇ ਅਨੁਸਾਰ 120 ਅਸਾਮੀਆਂ ਲਈ 53 ਹਜ਼ਾਰ ਬਿਨੈਕਾਰ ਸਨ
ਪਰ ਉਸ ਕੋਲ ਰਿਸ਼ਵਤ ਦੇਣ ਲਈ 70 ਹਜ਼ਾਰ ਰੁਪਏ ਨਹੀਂ ਸਨ | ਉਸ ਨੂੰ ਇਸ ਗੱਲ ਦਾ ਝੋਰਾ ਹੈ ਕਿ ਉਸ ਦੇ ਨਾਲ ਦੇ ਬੰਦੇ ਅੱਜ ਇਕ ਲੱਖ ਰੁਪਏ ਤਨਖ਼ਾਹ ਲੈ ਰਹੇ ਹਨ |
ਦੇਵਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਉਸimage ਨੇ ਕਾਲਜ 'ਚ ਪੜ੍ਹਦਿਆਂ ਪੰਜਾਬ ਯੂਨੀਵਰਸਟੀ ਖੇਡ ਮੁਕਾਬਲਿਆਂ ਵਿਚ 5 ਹਜ਼ਾਰ ਮੀਟਰ ਦੌੜ ਵਿਚ ਸਿਲਵਰ ਮੈਡਲ ਜਿਤਿਆ ਸੀ | ਇਸ ਮੈਡਲ ਲਈ ਉਹ ਦੁਗਣੀ ਭਾਵੇ 10 ਕਿਲੋਮੀਟਰ ਦੀ ਦੌੜ ਲਾਉਂਦਾ ਸੀ | ਦੇਵਿੰਦਰ ਸਿੰਘ ਦਾ ਟਿਕਾਣਾ ਬੈਸਟੈਕ ਮਾਲ ਦੇ ਪਿਛਲੇ ਪਾਸੇ ਸੜਕ ਦਾ ਕਿਨਾਰਾ ਹੈ | ਉਹ ਫ਼ੋਨ ਆਉਣ 'ਤੇ ਹੀ ਕੰਮ 'ਤੇ ਜਾਂਦਾ ਹੈ ਨਹੀਂ ਤਾਂ ਉਹ ਅਖ਼ਬਾਰ ਪੜ੍ਹਦਾ ਰਹਿੰਦਾ ਹੈ | ਉਹ ਆਮ ਰੇਹੜੀ ਚਾਲਕਾਂ ਵਾਂਗ ਕਿਸੇ ਚੌਕ 'ਤੇ ਨਹੀਂ ਖੜਦਾ | ਦੇਵਿੰਦਰ ਸਿੰਘ ਨੇ ਦਸਿਆ ਕਿ ਲਾਕਡਾਊਨ ਕਾਰਨ ਕੰਮ ਮੰਦਾ ਹੈ | ਸਰਕਾਰ ਨੂੰ ਮਦਦ ਕਰਨੀ ਚਾਹੀਦੀ ਹੈ | ਲਾਕਡਾਊਨ ਦੌਰਾਨ ਉਹ ਸੈਕਟਰ-47 ਦੇ ਗੁਰਦੁਆਰਾ ਸਾਹਿਬ ਰੋਜ਼ਾਨਾ 8-10 ਘੰਟੇ ਸੇਵਾ ਕਰਦਾ ਹੁੰਦਾ ਸੀ |