
ਤਰੁਣ ਚੁੱਘ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ 'ਆਪ' ਸਰਕਾਰ ਗੁੰਮਰਾਹਕੁੰਨ ਦਾਅਵਿਆਂ ਦੀ ਬਜਾਏ ਜ਼ਮੀਨੀ ਪੱਧਰ 'ਤੇ ਕੰਮ ਕਰਨਾ ਸ਼ੁਰੂ ਕਰ ਦੇਵੇ।
ਚੰਡੀਗੜ੍ਹ: ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਹੈ ਕਿ ਲੋਕਾਂ ਨੂੰ ਘਰ-ਘਰ ਮੁਫ਼ਤ ਰਾਸ਼ਨ ਪਹੁੰਚਾਉਣ ਦੇ ਨਾਲ-ਨਾਲ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੋਕਾਂ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਜੋ ਮੁਫ਼ਤ ਰਾਸ਼ਨ ਭੇਜਿਆ ਜਾ ਰਿਹਾ ਹੈ, ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਭੇਜਿਆ ਗਿਆ ਹੈ। ਉਹਨਾਂ ਕਿਹਾ ਕਿ ਪੀਐਮ ਮੋਦੀ ਨੇ ਕੋਰੋਨਾ ਕਾਲ ਦੌਰਾਨ ਦੇਸ਼ ਦੀ 80 ਕਰੋੜ ਜਨਤਾ ਨੂੰ 2 ਸਾਲ ਤੱਕ ਮੁਫ਼ਤ ਰਾਸ਼ਨ ਦੇ ਕੇ ਨਾ ਸਿਰਫ਼ ਇਤਿਹਾਸ ਰਚਿਆ ਹੈ ਸਗੋਂ, ਇਸ ਯੋਜਨਾ ਨੂੰ ਅਗਲੇ ਛੇ ਮਹੀਨਿਆਂ ਲਈ ਵਧਾ ਕੇ ਦੇਸ਼ ਭਰ ਦੇ ਆਰਥਿਕ ਤੌਰ 'ਤੇ ਕਮਜ਼ੋਰ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਪੰਜਾਬ ਵਿਚ ਇਸ ਯੋਜਨਾ ਤਹਿਤ 1.42 ਕਰੋੜ ਲੋਕਾਂ ਨੂੰ ਮੁਫ਼ਤ ਰਾਸ਼ਨ ਦਿੱਤਾ ਗਿਆ ਹੈ।
ਹੁਣ 'ਆਪ' ਸਰਕਾਰ ਲੋਕਾਂ ਨੂੰ ਗੁੰਮਰਾਹ ਕਰਨ ਲਈ ਢੋਲ ਵਜਾ ਕੇ ਕੇਂਦਰੀ ਸਕੀਮ 'ਤੇ ਝੂਠੇ ਕ੍ਰੈਡਿਟ ਦਾ ਦਾਅਵਾ ਕਰ ਰਹੀ ਹੈ। ਤਰੁਣ ਚੁੱਘ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ 'ਆਪ' ਸਰਕਾਰ ਗੁੰਮਰਾਹਕੁੰਨ ਦਾਅਵਿਆਂ ਦੀ ਬਜਾਏ ਜ਼ਮੀਨੀ ਪੱਧਰ 'ਤੇ ਕੰਮ ਕਰਨਾ ਸ਼ੁਰੂ ਕਰ ਦੇਵੇ। ਇਸ ਤੋਂ ਪਹਿਲਾਂ ਕਾਂਗਰਸ ਸਰਕਾਰ ਨੇ ਵੀ ਪ੍ਰਧਾਨ ਮੰਤਰੀ ਵੱਲੋਂ ਭੇਜੇ ਰਾਸ਼ਨ ਦੀ ਦੁਰਵਰਤੋਂ ਕੀਤੀ ਸੀ ਅਤੇ ਰਾਸ਼ਨ 'ਤੇ ਵੱਡੇ ਪੱਧਰ 'ਤੇ ਧਾਂਦਲੀ ਕੀਤੀ ਗਈ ਸੀ। ਪ੍ਰਧਾਨ ਮੰਤਰੀ ਵੱਲੋਂ ਭੇਜਿਆ ਗਿਆ ਰਾਸ਼ਨ ਕਾਂਗਰਸੀਆਂ ਦੇ ਘਰ ਪਹੁੰਚਿਆ ਸੀ।
ਚੰਡੀਗੜ੍ਹ 'ਤੇ ਭਗਵੰਤ ਮਾਨ ਦਾ ਬਿਆਨ ਤੱਥਹੀਣ
ਤਰੁਣ ਚੁੱਘ ਨੇ ਕੇਂਦਰ ਸ਼ਾਸਤ ਪ੍ਰਦੇਸ਼ ਪ੍ਰਸ਼ਾਸਨ ਨਾਲ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਕੇਂਦਰੀ ਨਿਯਮਾਂ ਅਧੀਨ ਲਿਆਉਣ ਵਾਲੇ ਕੇਂਦਰ ਸਰਕਾਰ ਦੇ ਫੈਸਲੇ ਦੀ ਨਿਖੇਧੀ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਨਿੰਦਾ ਕੀਤੀ ਹੈ। ਉਹਨਾਂ ਕਿਹਾ ਕਿ ਭਗਵੰਤ ਮਾਨ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਚੰਡੀਗੜ੍ਹ ਵਿਚ ਕੰਮ ਕਰਦੇ ਹਜ਼ਾਰਾਂ ਕਰਮਚਾਰੀਆਂ ਦੀ ਇਹ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਹੈ। ਇਹਨਾਂ ਵਿਚੋਂ ਕਈ ਮੁਲਾਜ਼ਮ ਪੰਜਾਬ ਨਾਲ ਸਬੰਧਤ ਹਨ। ਉਹਨਾਂ ਨੂੰ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦੇ ਬਰਾਬਰ ਸਾਰੀਆਂ ਸੇਵਾਵਾਂ ਦਾ ਲਾਭ ਮਿਲਣਾ ਹੈ। ਹੁਣ ਜਦੋਂ ਕੇਂਦਰ ਸਰਕਾਰ ਉਹਨਾਂ ਦੀ ਮੰਗ ਮੰਨ ਗਈ ਹੈ ਤਾਂ ਭਗਵੰਤ ਮਾਨ ਸਰਕਾਰ ਇਸ ਬਾਰੇ ਫਿਰ ਤੋਂ ਗੁੰਮਰਾਹਕੁੰਨ ਟਿੱਪਣੀਆਂ ਕਰਕੇ ਲੋਕਾਂ ਨੂੰ ਭੜਕਾ ਰਹੀ ਹੈ।