
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਇਕ ਹੋਰ ਵੱਡਾ ਐਲਾਨ
ਲਾਭਪਾਤਰੀਆਂ ਨੂੰ ਘਰ-ਘਰ ਖ਼ੁਦ ਰਾਸ਼ਨ ਪਹੁੰਚਾਏਗੀ ਸਰਕਾਰ
ਕਿਹਾ, ਅਧਿਕਾਰੀ ਪਹਿਲਾਂ ਫ਼ੋਨ ਕਰ ਕੇ ਘਰਾਂ 'ਚ ਪੁਛ ਕੇ ਰਾਸ਼ਨ ਭੇਜਿਆ ਕਰਨਗੇ, ਵਧੀਆ ਕਿਸਮ ਦੀ ਕਣਕ, ਆਟਾ ਤੇ ਦਾਲ ਮੁਹਈਆ ਕਰਵਾਉਣ ਦੀ ਗੱਲ ਆਖੀ
ਚੰਡੀਗੜ੍ਹ, 28 ਮਾਰਚ (ਭੁੱਲਰ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇਕ ਹੋਰ ਵੱਡਾ ਐਲਾਨ ਕਰਦਿਆਂ ਲਾਭਪਾਤਰੀਆਂ ਨੂੰ ਰਾਸ਼ਨ ਘਰ ਘਰ ਪਹੁੰਚਾਉਣ ਦਾ ਐਲਾਨ ਕੀਤਾ ਹੈ | ਅੱਜ ਵੀਡੀਉ ਕਾਨਫ਼ਰੰਸ ਰਾਹੀਂ ਇਹ ਐਲਾਨ ਕਰਦਿਆਂ ਉਨ੍ਹਾਂ ਕਿਹਾ ਕਿ ਭਵਿੱਖ ਵਿਚ ਅਧਿਕਾਰੀ ਲੋਕਾਂ ਦੇ ਘਰ ਘਰ ਫ਼ੋਨ ਕਰ ਕੇ ਪੁਛ ਕੇ ਰਾਸ਼ਨ ਦੀ ਸਪਲਾਈ ਘਰ ਤਕ ਪਹੁੰਚਾਉਣਗੇ ਜਿਨ੍ਹਾਂ ਦੇ ਘਰ ਰਾਸ਼ਨ ਡਿਪੂ ਦੇ ਨੇੜੇ ਹਨ ਉਹ ਖ਼ੁਦ ਵੀ ਜਾ ਕੇ ਰਾਸ਼ਨ ਲੈ ਸਕਦੇ ਹਨ | ਉਨ੍ਹਾਂ ਕਿਹਾ ਕਿ ਵਧੀਆ ਕਿਸਮ ਦੀ ਕਣਕ, ਆਟਾ ਤੇ ਦਾਲ ਮੁਹਈਆ ਕਰਵਾਈ ਜਾਵੇਗੀ |
ਭਗਵੰਤ ਮਾਨ ਨੇ ਅੱਗੇ ਦਸਿਆ ਕਿ ਇਸ ਸਕੀਮ ਤਹਿਤ ਉਨ੍ਹਾਂ ਲਾਭਪਾਤਰੀਆਂ ਨੂੰ ਵੀ ਇਕ ਬਦਲ ਦਿਤਾ ਜਾਵੇਗਾ ਜੋ ਅਪਣੀ ਸਹੂਲਤ ਅਨੁਸਾਰ ਨੇੜਲੇ ਡਿਪੂਆਂ ਤੋਂ ਰਾਸ਼ਨ ਦੀ ਸਪਲਾਈ ਲੈਣਾ ਚਾਹੁੰਦੇ ਹਨ | ਉਨ੍ਹਾਂ ਅਫ਼ਸੋਸ ਪ੍ਰਗਟ ਕੀਤਾ ਕਿ ਆਜ਼ਾਦੀ ਦੇ 75 ਸਾਲ ਬਾਅਦ ਵੀ ਲੋਕਾਂ ਨੂੰ ਰਾਸ਼ਨ ਲੈਣ ਲਈ ਲੰਮੀਆਂ ਕਤਾਰਾਂ ਵਿਚ ਖੜਨਾ ਪੈਂਦਾ ਹੈ ਜਦੋਂਕਿ ਹੁਣ ਡਿਜੀਟਲ ਯੁੱਗ ਵਿਚ ਲੋਕ ਬਹੁਤ ਘੱਟ ਸਮੇਂ ਵਿਚ ਕੋਈ ਵੀ ਚੀਜ਼ ਅਪਣੀ ਥਾਂ 'ਤੇ ਆਨਲਾਈਨ ਪ੍ਰਾਪਤ ਕਰ ਸਕਦੇ ਹਨ | ਉਨ੍ਹਾਂ ਕਿਹਾ ਕਿ ਇਹ ਲੋਕ ਹਿਤੈਸ਼ੀ ਪਹਿਲਕਦਮੀ ਲੋਕਾਂ ਨੂੰ ਉਨ੍ਹਾਂ ਦੇ ਦਰ 'ਤੇ ਹੀ ਵਧੀਆ ਗੁਣਵੱਤਾ ਦਾ ਰਾਸ਼ਨ ਮਿਲਣਾ ਯਕੀਨੀ ਬਣਾਏਗੀ |
ਉਨ੍ਹਾਂ ਕਿਹਾ ਕਿ ਪਹਿਲਾਂ ਸਾਡੀਆਂ ਮਾਵਾਂ ਨੂੰ ਰਾਸ਼ਨ ਲੈਣ ਲਈ 2-2 ਕਿਲੋਮੀਟਰ ਤਕ ਵੀ ਜਾਣਾ ਪੈਂਦਾ ਸੀ ਅਤੇ ਉਹ ਰਾਸ਼ਨ ਵੀ ਘਟੀਆ ਗੁਣਵੱਤਾ ਦਾ ਹੁੰਦਾ ਸੀ ਜੋ ਕਿ ਖਾਣ ਲਈ ਢੁਕਵਾਂ ਨਹੀਂ ਹੁੰਦਾ ਸੀ | ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਤੁਹਾਡੇ ਘਰ ਦੇ ਦਰਵਾਜ਼ੇ 'ਤੇ ਵਧੀਆ ਅਤੇ ਸਵੱਛ ਰਾਸ਼ਨ ਮੁਹਈਆ ਕਰਵਾਉਣ ਦਾ ਯਤਨ ਕੀਤਾ ਹੈ | ਉਨ੍ਹਾਂ ਕਿਹਾ ਕਿ ਇਸ ਸਕੀਮ ਨੂੰ ਲਾਗੂ ਕਰਨ ਲਈ ਰੂਪ-ਰੇਖਾ ਜਲਦੀ ਹੀ ਉਲੀਕੀ ਜਾਵੇਗੀ | ਭਗਵੰਤ ਮਾਨ ਨੇ ਅੱਗੇ ਕਿਹਾ ਕਿ ਇਹ ਸਕੀਮ ਪਹਿਲਾਂ ਦਿੱਲੀ ਵਿਚ ਕੇਜਰੀਵਾਲ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਸੀ ਪਰ ਕੇਂਦਰ ਵਲੋਂ ਇਸ ਨੂੰ ਕਿਸੇ ਤਰ੍ਹਾਂ ਰੋਕ ਦਿਤਾ ਗਿਆ ਸੀ ਕਿਉਂਕਿ ਕੇਂਦਰ ਦਾ ਇਰਾਦਾ ਲੋਕਾਂ ਨੂੰ ਰਾਸ਼ਨ ਲਈ ਲੰਮੀਆਂ ਕਤਾਰਾਂ ਵਿਚ ਖੜਾ ਕਰਨਾ ਸੀ |