
ਪਾਕਿਸਤਾਨੀ ਸ਼ਾਇਰਾ ਬੁਸ਼ਰਾ ਨਾਜ਼ ਦਾ ਲਾਹੌਰ ਵਿਚ ਸਨਮਾਨ
ਲੁਧਿਆਣਾ, 28 ਮਾਰਚ (ਗੁਰਪ੍ਰੀਤ ਸਿੰਘ ਬੈਨੀਪਾਲ) : ਪਾਕਿਸਤਾਨ ਦੇ ਸ਼ਹਿਰ ਵਸਦੀ ਸ਼ਾਇਰਾ ਬੁਸ਼ਰਾ ਨਾਜ਼ ਦਾ ਵਿਸ਼ਵ ਪੰਜਾਬੀ ਅਮਨ ਕਾਨਫ਼ਰੰਸ ਮੌਕੇ ਇਕ ਸ਼ਾਮ ਗ਼ੈਰ ਰਸਮੀ ਤੌਰ 'ਤੇ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵਲੋਂ ਫੁਲਕਾਰੀ ਭੇਂਟ ਕਰ ਕੇ ਗੁਰਭਜਨ ਗਿੱਲ, ਸਰਦਾਰਨੀ ਜਸਵਿੰਦਰ ਕੌਰ ਗਿੱਲ, ਗੁਰਤੇਜ ਕੋਹਾਰਵਾਲਾ, ਡਾ. ਭਾਰਤਬੀਰ ਕੌਰ, ਅਫ਼ਜ਼ਲ ਸਾਹਿਰ, ਡਾ. ਸੁਲਤਾਨਾ ਬੇਗਮ, ਸਹਿਜਪ੍ਰੀਤ ਸਿੰਘ ਮਾਂਗਟ ਤੇ ਅਜ਼ੀਮ ਸ਼ੇਖ਼ਰ ਨੇ ਸਨਮਾਨਤ ਕੀਤਾ | ਬੁਸ਼ਰਾ ਸਰਲ ਪੰਜਾਬੀ 'ਚ ਲਿਖਣ ਵਾਲੀ ਪੰਜਾਬੀ ਸ਼ਾਇਰਾ ਹੈ ਜਿਸ ਦੇ ਤਿੰਨ ਕਾਵਿ ਸੰਗ੍ਰਹਿ ਪ੍ਰਕਾਸ਼ਿਤ ਹੋ ਚੁਕੇ ਹਨ |
ਵਸ਼ਵ ਪੰਜਾਬੀ ਕਾਂਗਰਸ ਦੇ ਭਾਰਤੀ ਕੋਆਰਡੀਨੇਟਰ ਸਹਿਜ ਪ੍ਰੀਤ ਸਿੰਘ ਮਾਂਗਟ ਨੇ ਦਸਿਆ ਕਿ ਬੁਸ਼ਰਾ ਨਾਜ਼ ਦੀਆਂ ਪੰਜਾਬੀ ਵਿਚ ਸ਼ਾਇਰੀ ਦੀਆਂ ਦੋ ਕਿਤਾਬਾਂ ਕੰਧ ਆਸਮਾਨਾਂ ਤੀਕ ਅਤੇ ਸੋਚ ਸਮਿਆਂ ਤੋਂ ਅੱਗੇ ਛਪ ਚੁਕੀਆਂ ਨੇ | ਉਨ੍ਹਾਂ ਕਿਹਾ ਕਿ ਕੰਧ ਆਸਮਾਨਾਂ ਤੀਕ ਨੂੰ ਮਸੂਦ ਖੱਦਰਪੋਸ਼ ਐਵਾਰਡ ਮਿਲ ਚੁਕਾ ਹੈ | ਉਰਦੂ ਵਿਚ ਵੀ ਉਸ ਦਾ ਇਕ ਕਵਿਤਾ ਸੰਗ੍ਰਹਿ ਇਲਹਾਮ ਛਪ ਚੁਕਾ ਹੈ | ਉਸ ਨੇ ਕਿਹਾ ਕਿ ਮਾਂ ਬੋਲੀ ਪੰਜਾਬੀ ਦੇ ਵਿਕਾਸ ਲਈ ਅਪਣੇ ਘਰਾਂ ਵਿਚ ਪੰਜਾਬੀ ਦੀ ਸਰਦਾਰੀ ਵਾਸਤੇ ਸਾਨੂੰ ਸੱਭ ਨੂੰ ਅੱਗੇ ਵਧਣਾ ਪਵੇਗਾ | ਸਾਲ 'ਚ ਇਕ ਦਿਨ ਮਾਂ ਬੋਲੀ ਦਿਹਾੜਾ ਮਨਾ ਕੇ ਅਸੀਂ ਰਸਮ ਤਾਂ ਪੂਰੀ ਕਰ ਲੈਂਦੇ ਹਾਂ ਪਰ ਲੋੜਵੰਦੇ ਨਤੀਜੇ ਨਹੀਂ ਹਾਸਲ ਕਰ ਸਕਦੇ | ਸਾਨੂੰ ਹਰ ਰੋਜ਼ ਹਰ ਵਿਅਕਤੀ ਨੂੰ ਇਸ ਦਿਸ਼ਾ ਵਲ ਤੁਰਨ ਤੇ ਸਰਗਰਮ ਹੋਣ ਦੀ ਲੋੜ ਹੈ | ਉਹ ਦੱਸਦੀ ਹੈ ਕਿ ਮੇਰੀ ਜਣਨਹਾਰੀ ਮਾਂ ਉਰਦੂ ਬੋਲਦੀ ਸੀ ਪਰ ਪੰਜਾਬੀ ਮੈਂ ਅਪਣੀ ਸੱਸ ਤੋਂ ਸਿੱਖੀ ਹੈ | ਉਨ੍ਹਾਂ ਦੀ ਸੱਸ ਅਪਣੇ ਪਰਵਾਰ 'ਚ ਸੱਭ ਨਾਲ ਵਧੀਆ ਮੁਹਾਵਰੇਦਾਰ ਪੰਜਾਬੀ 'ਚ ਗੱਲ ਕਰਦੀ ਸੀ | ਉਸ ਤੋਂ ਸਿੱਖ ਕੇ ਹੀ ਮੈਂ ਪੰਜਾਬੀ ਦੇ ਵੱਡੇ ਸ਼ਾਇਰਾਂ ਨੂੰ ਪੜਿ੍ਹਆ ਤੇ ਉਨ੍ਹਾਂ ਤੋਂ ਮੁਤਾਸਰ ਹੋ ਕੇ ਸ਼ਿਅਰ ਕਹਿਣੇ ਆਰੰਭੇ | ਬੁਸ਼ਰਾ ਨਾਜ਼ ਨੇ ਕਿਹਾ ਕਿ ਹੁਣ ਉਹ ਗੁਰਮੁਖੀ ਅੱਖਰ ਗਿਆਨ ਹਾਸਲ ਕਰਨ ਦੀ ਵੀ ਕੋਸ਼ਿਸ਼ ਕਰੇਗੀ ਤਾਂ ਜੋ ਰਾਵੀ ਪਾਰਲੇ ਪੰਜਾਬੀ ਅਦਬ ਨਾਲ ਸਾਂਝ ਪਾ ਸਕੇ |
L48_7urpreet _28_02