
ਇਕਾਂਤਵਾਸ ਮਾਤਾ ਨਾਨਕੀ ਨਿਵਾਸ ਨੂੰ ਮੁੜ ਕੀਤਾ ਸੈਨੇਟਾਈਜ਼
ਪਟਿਆਲਾ 28 ਅਪ੍ਰੈਲ (ਤੇਜਿੰਦਰ ਫ਼ਤਿਹਪੁਰ) : ਸੱਚਖੰਡ ਸ੍ਰੀ ਹਜ਼ੂਰ ਸਾਹਿਬ 'ਚ ਫਸੇ ਸ਼ਰਧਾਲੂ ਪਰਤਣੇ ਸ਼ੁਰੂ ਹੋ ਗਏ ਹਨ, ਜਿਸ ਕਾਰਨ ਸ਼੍ਰੋਮਣੀ ਕਮੇਟੀ ਪ੍ਰਬੰਧ ਅਧੀਨ ਗੁਰਦੁਆਰਾ ਸ੍ਰੀ ਦੂਖਨਿਵਾਰਨ ਦੇ ਪ੍ਰਬੰਧਕਾਂ ਵਲੋਂ ਯਾਤਰੀ ਸ਼ਰਧਾਲੂਆਂ ਦੇ ਦੇਰ ਰਾਤ ਪਟਿਆਲਾ ਪੁੱਜਣ ਨੂੰ ਲੈ ਕੇ ਸੰਗਤਾਂ ਦੇ ਠਹਿਰਣ ਦੀ ਵਿਵਸਥਾ ਸਬੰਧੀ ਤਿਆਰੀਆਂ ਆਰੰਭ ਦਿਤੀਆਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਗੁਰਦੁਆਰਾ ਸਾਹਿਬ ਦੀਆਂ ਸਰਾਵਾਂ ਨੂੰ ਇਕਾਂਤਵਾਸ ਬਣਾਏ ਜਾਣ ਦੀ ਪੇਸ਼ਕਸ਼ ਦੇ ਚਲਦਿਆਂ ਅੱਜ ਗੁਰਦੁਆਰਾ ਸਾਹਿਬ ਵਿਖੇ ਇਕਾਂਤਵਾਸ ਬਣਾਈ ਮਾਤਾ ਨਾਨਕੀ ਨਿਵਾਸ ਵਿਖੇ ਠਹਿਰਣ ਵਾਲੀਆਂ ਸੰਗਤਾਂ ਦੇ ਪੁੱਜਣ ਤੋਂ ਪਹਿਲਾਂ ਸਰਾਂ ਦੇ ਕਮਰਿਆਂ ਨੂੰ ਸੈਨੇਟਾਈਜ਼ ਕੀਤਾ ਗਿਆ, ਜਿਥੇ ਠਹਿਰਣ ਅਤੇ ਲੰਗਰ ਵਿਵਸਥਾ ਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।
ਮੈਨੇਜਰ ਕਰਨੈਲ ਸਿੰਘ ਨਾਭਾ ਨੇ ਦਸਿਆ ਕਿ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਪੁੱਜਣ ਵਾਲੇ ਸ਼ਰਧਾਲੂਆਂ ਦੇ ਠਹਿਰਣ, ਲੰਗਰ ਵਿਵਸਥਾ ਤੋਂ ਇਲਾਵਾ ਮਾਤਾ ਨਾਨਕੀ ਨਿਵਾਸ ਨੂੰ ਪੂਰੀ ਤਰ੍ਹਾਂ ਸੈਨੇਟਾਈਜ਼ ਕੀਤਾ ਗਿਆ। ਉਨ੍ਹਾਂ ਦਸਿਆ ਕਿ ਸ਼ਰਧਾਲੂਆਂ ਦੀ ਦੇਖਭਾਲ ਲਈ ਡਾਕਟਰੀ ਸਟਾਫ਼ ਅਤੇ ਸ਼੍ਰੋਮਣੀ ਕਮੇਟੀ ਮੁਲਾਜ਼ਮ ਆਪਣੀਆਂ ਸੇਵਾਵਾਂ ਨਿਭਾਉਣਗੇ। ਉਨ੍ਹਾਂ ਦਸਿਆ ਕਿ ਲੰਗਰ ਸੇਵਾਵਾਂ ਦੇਣ ਵਾਲੇ ਮੁਲਾਜ਼ਮਾਂ ਨੂੰ ਪ੍ਰਸ਼ਾਸਨ ਵਲੋਂ ਪੀਪੀਟੀ ਕਿੱਟਾਂ ਮੁਹਈਆ ਹੋਣਗੀਆਂ।
ਇਸ ਮੌਕੇ ਨਗਰ ਨਿਗਮ ਕਮਿਸ਼ਨਰ ਪੂਨਮਦੀਪ ਕੌਰ ਨੇ ਗੁਰਦੁਆਰਾ ਪ੍ਰਬੰਧਕਾਂ ਨਾਲ ਮੀਟਿੰਗ ਤੋਂ ਬਾਅਦ ਪ੍ਰਸ਼ਾਸਨਕ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰਦਿਆਂ ਸ਼੍ਰੋਮਣੀ ਕਮੇਟੀ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿਤਾ। ਕਮਿਸ਼ਨਰ ਪੂਨਮਦੀਪ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਸਾਂਝੇ ਤੌਰ 'ਤੇ ਕੋਰੋਨਾ ਮਹਾਂਮਾਰੀ ਦੇ ਖਿਲਾਫ਼ ਮੁਹਿੰਮ ਛੇੜੀ ਗਈ ਹੈ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਲਈ ਸੁਰੱਖਿਆ ਪੱਖ ਤੋਂ ਪੀਪੀਈ ਕਿੱਟਾਂ ਮੁਹੱਈਆ ਕਰਵਾਈਆਂ ਗਈਆਂ, ਜੋ ਕਿੱਟਾਂ ਪਹਿਨਕੇ ਸ਼ਰਧਾਲੂਆਂ ਨੂੰ ਲੰਗਰ ਸੇਵਾ 'ਚ ਯੋਗਦਾਨ ਪਾ ਸਕਣਗੇ। ਇਸ ਮੌਕੇ ਐਡੀਸ਼ਨਲ ਮੈਨੇਜਰ ਕਰਮ ਸਿੰਘ, ਕਰਨੈਲ ਸਿੰਘ ਆਦਿ ਹਾਜ਼ਰ ਸਨ।